ਇਨੈਲੋ ਨੇ ‘ਸਿਆਸੀ ਰਾਜਧਾਨੀ’ ਡੱਬਵਾਲੀ ’ਤੇ ਦਹਾਕੇ ਮਗਰੋਂ ਲਹਿਰਾਇਆ ਜੇਤੂ ਪਰਚਮ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 8 ਅਕਤੂਬਰ
ਚੌਟਾਲਾ ਖਾਨਦਾਨ ਵਿਚਕਾਰਲਾ ਸਿਆਸੀ ਮੈਦਾਨ-ਏ-ਜੰਗ: ਚੌਟਾਲਾ ਖਾਨਦਾਨ ਦੇ ਤਿੰਨ ਉਮੀਦਵਾਰਾਂ ਵਿੱਚ ਬੇਹੱਦ ਫਸਵੇਂ ਮੁਕਾਬਲੇ 'ਚ ਇਨੈਲੋ ਨੇ ਆਪਣੀ ਜੱਦੀ ਸੀਟ ਡੱਬਵਾਲੀ ਨੂੰ ਜਿੱਤ ਲਿਆ ਹੈ। ਸਾਬਕਾ ਉਪ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਦੇ ਪੋਤਰੇ ਅਤੇ ਇਨੈਲੋ-ਬਸਪਾ ਉਮੀਦਵਾਰ ਅਦਿੱਤਿਆ ਚੌਟਾਲਾ, ਕਾਂਗਰਸ ਦੇ ਅਮਿਤ ਸਿਹਾਗ ਨੂੰ 610 ਵੋਟਾਂ ਦੇ ਅੰਤਰ ਨਾਲ ਹਰਾ ਕੇ ਵਿਧਾਇਕ ਚੁਣੇ ਗਏ ਹਨ।
ਇਨੈਲੋ ਨੇ ਇੱਕ ਦਹਾਕੇ ਮਗਰੋਂ ਉਸਦੀ ਸਿਆਸੀ ਰਾਜਧਾਨੀ ਅਖਵਾਉਂਦੀ ਡੱਬਵਾਲੀ 'ਤੇ ਸਿਆਸੀ ਪਰਚਮ ਲਹਿਰਾਇਆ ਹੈ। ਮਹਿਜ਼ 610 ਵੋਟਾਂ ਨਾਲ ਜਿੱਤ ਖੁੰਝੇ ਅਮਿਤ ਸਿਹਾਗ ਡੱਬਵਾਲੀ ਤੋਂ 2019 ਤੋਂ ਵਿਧਾਇਕ ਸਨ। ਗਿਣਤੀ ਦੇ 16 ਰਾਊਂਡਾਂ ਵਿੱਚ ਦੋਵੇਂ ਮੁੱਖ ਉਮੀਦਵਾਰਾਂ ਵਿਚਕਾਰ ਕਾਫ਼ੀ ਫਸਵਾਂ ਮੁਕਾਬਲਾ ਰਿਹਾ। ਜੇਤੂ ਅਦਿੱਤਿਆ ਦੇਵੀਲਾਲ ਨੂੰ 56074 ਵੋਟ ਨੂੰ ਮਿਲੇ ਹਨ। ਜਦਕਿ ਅਮਿਤ ਸਿਹਾਗ ਨੂੰ 55464 ਵੋਟ ਹਾਸਲ ਹੋਏ। ਤੀਸਰੇ ਨੰਬਰ 'ਤੇ ਰਹੇ ਜਜਪਾ ਦੇ ਉਮੀਦਵਾਰ ਦਿਗਵਿਜੈ ਸਿੰਘ ਚੌਟਾਲਾ ਨੇ 35261 ਵੋਟਾਂ ਦੇ ਜ਼ਰੀਏ ਆਪਣੀ ਪ੍ਰਭਾਵਸ਼ਾਲੀ ਮੌਜੂਦਗੀ ਨੂੰ ਦਰਸਾਇਆ। ਵੱਕਾਰੀ ਸੀਟ 'ਤੇ ਭਾਜਪਾ ਅਤੇ ਆਮ ਆਦਮੀ ਪਾਰਟੀ ਆਪਣਾ ਬਹੁਤਾ ਵਜੂਦ ਵਿਖਾਉਣ 'ਚ ਅਸਫਲ ਰਹੇ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋਅ ਵੀ ਡੱਬਵਾਲੀ 'ਚ ਆਪਣਾ ਕੋਈ ਕ੍ਰਿਸ਼ਮਾ ਨਹੀਂ ਵਿਖਾ ਸਕਿਆ। ਭਾਜਪਾ ਦੇ ਬਲਦੇਵ ਸਿੰਘ ਮਾਂਗੇਆਣਾ ਨੂੰ 7139 ਵੋਟਾਂ ਅਤੇ ਆਪ ਦੇ ਕੁਲਦੀਪ ਸਿੰਘ ਗਦਰਾਣਾ ਨੂੰ 6606 ਵੋਟ ਮਿਲੇ। ਇਸਦੇ ਇਲਾਵਾ ਆਜ਼ਾਦ ਉਮੀਦਵਾਰ ਰਾਜੇਸ਼ ਕੁਮਾਰ ਨੂੰ 480 ਅਤੇ ਖੇਮ ਚੰਦ ਨੂੰ 282 ਵੋਟ ਮਿਲੇ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਗੁਰਵਿੰਦਰ ਸਿੰਘ ਨੂੰ 270, ਗੁਲਜ਼ਾਰੀ ਲਾਲ ਨੂੰ 199, ਪੀਪੀਆਈ (ਡੈਮੋਕ੍ਰੇਟਿਕ) ਦੇ ਕੁਲਵੀਰ ਇੰਸਾਂ ਨੂੰ 108, ਭਾਰਤੀ ਸ਼ਕਤੀ ਚੇਤਨਾ ਪਾਰਟੀ ਦੇ ਦਾਨਾ ਰਾਮ ਨੂੰ 101 ਅਤੇ ਆਜ਼ਾਦ ਉਮੀਦਵਾਰ ਅੰਕਿਤ ਕੁਮਾਰ ਨੂੰ ਸਿਰਫ਼ 93 ਵੋਟ ਹੀ ਮਿਲ ਸਕੇ। ਜਦਕਿ ‘ਨੋਟਾ’ ਦੇ ਬਟਨ 'ਤੇ 856 ਜਣਿਆਂ ਨੇ ਭਰੋਸਾ ਵਿਖਾਇਆ।