ਇਨੈਲੋ-ਬਸਪਾ ਗੱਠਜੋੜ 30-35 ਸੀਟਾਂ ਜਿੱਤੇਗਾ: ਅਭੈ ਚੌਟਾਲਾ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 3 ਅਕਤੂਬਰ
ਚੋਣ ਪ੍ਰਚਾਰ ਦੇ ਅਖ਼ੀਰਲੇ ਦਿਨ ਅੱਜ ਇਨੈਲੋ-ਬਸਪਾ ਉਮੀਦਵਾਰ ਅਦਿੱਤਿਆ ਦੇਵੀਲਾਲ ਦੇ ਪੱਖ ਵਿੱਚ ਡੱਬਵਾਲੀ ਹਲਕੇ ਦੇ ਪਿੰਡ ਔਢਾਂ ਦੀ ਦਾਣਾ ਮੰਡੀ ਵਿੱਚ ਵਿਸ਼ਾਲ ਜਨਸਭਾ ਹੋਈ। ਇਨੈਲੋ ਦੇ ਕੌਮੀ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਅਦਿੱਤਿਆ ਦੇਵੀਲਾਲ ਦਾ ਸਮਰਥਨ ਕਰਨ। ਇਹ ਚੋਣ ਸਿਰਫ਼ ਵਿਧਾਇਕ ਬਣਾਉਣ ਦੀ ਚੋਣ ਨਹੀਂ ਬਲਕਿ ਸਿਰਸਾ ਜ਼ਿਲ੍ਹੇ ਦੇ ਲੋਕਾਂ ਲਈ ਇਹ ਚੋਣ ਆਪਣਾ ਮੁੱਖ ਮੰਤਰੀ ਬਣਾਉਣ ਦੀ ਹੈ। ਉਨ੍ਹਾਂ ਕਿਹਾ ਕਿ ਲੋਕ ਵੀਹ ਸਾਲ ਤੋਂ ਸਿਆਸੀ ਬਨਵਾਸ ਕੱਟਦੇ ਆ ਰਹੇ ਹੋ। ਪਹਿਲਾਂ ਦਸ ਵਰ੍ਹੇ ਕਾਂਗਰਸ ਦਾ ਰਾਜ ਰਿਹਾ ਤੇ ਹੁਣ ਪਿਛਲੇ 10 ਵਰ੍ਹਿਆਂ ਤੋਂ ਭਾਜਪਾ ਸੱਤਾ ਵਿੱਚ ਹੈ। ਉਨ੍ਹਾਂ ਕਿਹਾ ਕਿ ਉਹ ਹਰਿਆਣੇ ਦੇ 50 ਤੋਂ ਵੱਧ ਵਿਧਾਨਸਭਾ ਹਲਕਿਆਂ ‘ਚ ਜਾ ਕੇ ਆਏ ਹਨ। ਹਾਲਾਤ ਇਨੈਲੋ-ਬਸਪਾ ਗੱਠਜੋੜ ਦੇ ਪੱਖ ਵਿੱਚ ਹਨ। ਗੱਠਜੋੜ ਹਰਿਆਣਾ ਵਿੱਚ 30-35 ਸੀਟਾਂ ਜਿੱਤਣ ਜਾ ਰਿਹਾ ਹੈ। ਸਿਰਸੇ ਜ਼ਿਲ੍ਹੇ ਦੀਆਂ ਪੰਜ ਸੀਟਾਂ ਜਿੱਤਾਂਗੇ, ਚੋਣ ਮਗਰੋਂ ਸੂਬੇ ਵਿੱਚ ਹਾਲਾਤ ਬਦਲਣਗੇ ਅਤੇ ਲੋਕਾਂ ਦੀ ਸਰਕਾਰ ਬਣੇਗੀ। ਇਨੈਲੋ-ਬਸਪਾ ਉਮੀਦਵਾਰ ਅਦਿੱਤਿਆ ਦੇਵੀਲਾਲ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਡੱਬਵਾਲੀ ਦੇ ਲੋਕਾਂ ਵਿੱਚ ਵਿਚਰ ਰਹੇ ਹਨ। ਉਨ੍ਹਾਂ ਦੀ ਸੇਵਾ ਕੀਤੀ ਹੈ। ਇਸੇ ਦੌਰਾਨ ਹਲਕਾ ਡੱਬਵਾਲੀ ਤੋਂ ‘ਆਪ’ ਦੇ ਉਮੀਦਵਾਰ ਕੁਲਦੀਪ ਸਿੰਘ ਗਦਰਾਣਾ ਨੇ ਚੋਣ ਪ੍ਰਚਾਰ ਦੇ ਅਖ਼ੀਰਲੇ ਦਿਨ ਹਲਕੇ ਦੇ ਪੇਂਡੂ ਖਿੱਤੇ ‘ਚ ਵੱਡੇ ਕਾਫ਼ਲੇ ਦੇ ਨਾਲ ਵਿਸ਼ਾਲ ਰੋਡ ਸ਼ੋਅ ਕੱਢ ਕੇ ਸ਼ਕਤੀ ਪ੍ਰਦਰਸ਼ਨ ਕੀਤਾ।