For the best experience, open
https://m.punjabitribuneonline.com
on your mobile browser.
Advertisement

ਵਿਸ਼ੇਸ਼ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇਣ ਲਈ ਪਹਿਲਕਦਮੀ

07:14 AM Mar 02, 2024 IST
ਵਿਸ਼ੇਸ਼ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇਣ ਲਈ ਪਹਿਲਕਦਮੀ
ਇਮਤਿਹਾਨ ਦਿੰਦੇ ਹੋਏ ਵਿਸ਼ੇਸ਼ ਲੋੜਾਂ ਵਾਲ਼ੇ ਵਿਦਿਆਰਥੀ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਮਾਰਚ
ਪੰਜਾਬੀ ਯੂਨੀਵਰਸਿਟੀ ਨੇ ਵਿਸ਼ੇਸ਼ ਪਹਿਲਕਦਮੀ ਕਰਦਿਆਂ ਬੋਲਣ ਤੇ ਸੁਨਣ ਤੋਂ ਅਸਮਰੱਥ ਵਿਦਿਆਰਥੀਆਂ ਦੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੇ ਸੁਪਨੇ ਨੂੰ ਸਾਕਾਰ ਕਰ ਦਿਖਾਇਆ ਹੈ। ਇਸ ਕੜੀ ਵਜੋਂ ਪੰਜਾਬੀ ਯੂਨੀਵਰਸਿਟੀ ਨੇ ਅੱਜ ਸੁਣਨ ਅਤੇ ਬੋਲਣ ਤੋਂ ਅਸਮਰੱਥ ਵਿਦਿਆਰਥੀਆਂ ਨੂੰ ਬੀ.ਏ (ਹਿਊਮੈਨਟੀਜ਼) ਕਰਵਾਉਣ ਨੂੰ ਵਿਹਾਰਕ ਜਾਮਾ ਪਹਿਨਾਉਣ ਹਿਤ ਪਟਿਆਲਾ ਦੇ ਵਾਣੀ ਸਕੂਲ ਫ਼ਾਰ ਹੀਅਰਿੰਗ ਇੰਪੇਅਰਡ ਵਿਚਲੇ ਆਪਣੇ ਕੇਂਦਰ ਵਿੱਚ ਪ੍ਰੀਖਿਆ ਲਈ। ਇਸ ਪ੍ਰੀਖਿਆ ਲਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਤਿਆਰੀ ਕੀਤੀ ਗਈ ਸੀ। ਇਨ੍ਹਾਂ ਵਿਦਿਆਰਥੀਆਂ ਦੀਆਂ ਵਿਸ਼ੇਸ਼ ਲੋੜਾਂ ਦੇ ਮੱਦੇਨਜ਼ਰ ਵਿਸ਼ੇਸ਼ ਮਾਹਿਰਾਂ ਤੋਂ ਪ੍ਰਸ਼ਨ ਪੱਤਰ ਤਿਆਰ ਕਰਵਾਏ ਗਏ ਸਨ, ਤਾਂ ਕਿ ਇਹ ਅਸਾਨੀ ਨਾਲ ਪ੍ਰੀਖਿਆ ਦੇ ਸਕਣ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਅਜਿਹਾ ਉਪਰਾਲਾ ਕਰਨ ਵਾਲ਼ੀ ਸੂਬੇ ਦੀ ਪਲੇਠੀ ਯੂਨੀਵਰਸਿਟੀ/ ਵਿੱਦਿਅਕ ਸੰਸਥਾ ਹੈ।
ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਤੱਕ ਉਚੇਰੀ ਸਿੱਖਿਆ ਦੀ ਰਸਾਈ ਹੋਣਾ ਜ਼ਰੂਰੀ ਹੈ। ਜਿਸ ਲਈ ਉਚੇਰੀ ਸਿੱਖਿਆ ਨਾਲ ਜੁੜੇ ਜਨਤਕ ਅਦਾਰੇ ਵਚਨਬੱਧ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਦਸੰਬਰ 2023 ’ਚ ਯੂਨੀਵਰਸਿਟੀ ਵੱਲੋਂ ਕੀਤੇ ਗਏ ਵਿਸ਼ੇਸ਼ ਇਕਰਾਰਨਾਮੇ ਤਹਿਤ ਵਾਣੀ ਸਕੂਲ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਵਿਸ਼ੇਸ਼ ਕੇਂਦਰ ਰਾਹੀਂ ਵਿਸ਼ੇਸ਼ ਲੋੜਾਂ ਵਾਲੇ ਜੀਆਂ ਦੀ ਉਚੇਰੀ ਸਿੱਖਿਆ ਦਾ ਪ੍ਰਬੰਧ ਕੀਤੇ ਜਾਣ ਬਾਰੇ ਮਿਥਿਆ ਗਿਆ ਸੀ। ਪੰਜਾਬੀ ਯੂਨੀਵਰਸਿਟੀ ਵਿੱਚ ਪਹਿਲਾਂ ਤੋਂ ਸਥਾਪਿਤ ਵਿਸ਼ੇਸ਼ ਲੋੜਾਂ ਵਾਲੇ ਜੀਆਂ ਦੇ ਸ਼ਕਤੀਕਰਨ ਨਾਲ ਸਬੰਧਿਤ ਕੇਂਦਰ ’ਸੈਂਟਰ ਫਾਰ ਐਮਪਾਵਰਮੈਂਟ ਆਫ਼ ਪਰਸਨ ਵਿਦ ਡਿਸਬਿਲਟੀਜ਼’ ਨੂੰ ਵੀ ਹੋਰ ਮਜ਼ਬੂਤ ਕੀਤਾ ਜਾਵੇਗਾ।
ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਵਿਸ਼ਾਲ ਗੋਇਲ ਨੇ ਦੱਸਿਆ ਕਿ ਵਾਣੀ ਸਕੂਲ ਵਿੱਚ ਸਥਿਤ ਇਹ ਕੇਂਦਰ ਨੌਂ ਤਰ੍ਹਾਂ ਦੇ ਦਿਵਿਆਂਗ ਵਿਦਿਆਰਥੀਆਂ ਲਈ ਪੰਜਾਬੀ ਯੂਨੀਵਰਸਿਟੀ ਤੋਂ ਉਚੇਰੀ ਸਿੱਖਿਆ ਹਾਸਲ ਕਰਨ ਹਿਤ ਰਿਸੋਰਸ ਸੈਂਟਰ ਵਜੋਂ ਕੰਮ ਕਰ ਰਿਹਾ ਹੈ। ਵਾਣੀ ਸਕੂਲ ਦੇ ਪ੍ਰਿੰਸੀਪਲ ਸੁਖਚੈਨ ਵਿਰਕ ਨੇ ਕਿਹਾ ਕਿ ਸੁਣਨ ਬੋਲਣ ਤੋਂ ਅਸਮਰੱਥ ਕੋਈ ਵੀ ਵਿਦਿਆਰਥੀ ਜੇਕਰ ਉਚੇਰੀ ਸਿੱਖਿਆ ਹਾਸਿਲ ਕਰਨਾ ਚਾਹੇ, ਤਾਂ ਉਸ ਦੇ ਮਾਪੇ ਜਾਂ ਸੰਬੰਧੀ ਸਕੂਲ ਨਾਲ਼ ਸੰਪਰਕ ਕਰ ਸਕਦੇ ਹਨ। ਯੂਨਵਿਰਸਿਟੀ ਵਿਖੇ ਕਾਰਜਸ਼ੀਲ ’ਸੈਂਟਰ ਫਾਰ ਐਮਪਾਵਰਮੈਂਟ ਆਫ਼ ਪਰਸਨ ਵਿਦ ਡਿਸਬਿਲਟੀਜ਼’ ਦੇ ਕੋਆਰਡੀਨੇਟਰ ਡਾ. ਕਿਰਨ ਵੱਲੋਂ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।

Advertisement

‘ਬੀਬੀ ਜਸਬੀਰ ਕੌਰ ਖ਼ਾਲਸਾ ਸਿਮ੍ਰਤੀ ਸਮਾਰੋਹ’

ਪਟਿਆਲਾ: ਪੰਜਾਬੀ ਯੂਨੀਵਰਸਿਟੀ ਗੁਰਮਤਿ ਸੰਗੀਤ ਚੇਅਰ ਵੱਲੋਂ ਕੈਂਪਸ ਦੇ ਗੁਰਦੁਆਰੇ ਵਿਖੇ ਬੀਬੀ ਜਸਬੀਰ ਕੌਰ ਖ਼ਾਲਸਾ ਸਿਮ੍ਰਤੀ ਸਮਾਰੋਹ ਕਰਵਾਇਆ ਗਿਆ। ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਸਮੂਹ ਕੀਰਤਨੀਆਂ ਅਤੇ ਸੰਗਤ ਦਾ ਸੁਆਗਤ ਕੀਤਾ। ਸਹਿਜ ਪਾਠ ਦੇ ਭੋਗ ਤੋਂ ਉਪਰੰਤ ਬਸੰਤ ਰਾਗ ਦਰਬਾਰ ਤਹਿਤ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ, ਬੀਬੀ ਸਤਵੰਤ ਕੌਰ ਅਤੇ ਭਾਈ ਗੁਰਸੇਵਕ ਸਿੰਘ ਦੇ ਜੱਥਿਆਂ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ। ਗੁਰਮਤਿ ਸੰਗੀਤ ਚੇਅਰ ਦੇ ਮੋਢੀ ਪ੍ਰੋਫ਼ੈਸਰ ਡਾ. ਗੁਰਨਾਮ ਸਿੰਘ ਨੇ ਬੀਬੀ ਜਸਬੀਰ ਕੌਰ ਖ਼ਾਲਸਾ ਸਬੰਧੀ ਆਪਣੀਆਂ ਸਿਮ੍ਰਤੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। -ਖੇਤਰੀ ਪ੍ਰਤੀਨਿਧ

ਪੰਜਾਬੀ ਯੂਨੀਵਰਸਿਟੀ ਲਈ 10 ਲੱਖ ਰੁਪਏ ਦੀ ਹੋਰ ਗਰਾਂਟ ਜਾਰੀ

ਪਟਿਆਲਾ (ਖੇਤਰੀ ਪ੍ਰਤੀਨਿਧ): ਭਾਰਤ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਲਈ 10 ਲੱਖ ਰੁਪਏ ਦੀ ਹੋਰ ਗਰਾਂਟ ਜਾਰੀ ਹੋਈ ਹੈ। ਇਸ ਰਾਸ਼ੀ ਨਾਲ਼ ਯੂਨੀਵਰਸਿਟੀ ਆਪਣੇ 100 ਮਾਨਤਾ ਪ੍ਰਾਪਤ ਕਾਲਜਾਂ ਵਿੱਚ ਈਕੋ-ਕਲੱਬ ਸ਼ੁਰੂ ਕਰ ਦਿੱਤੇ ਹਨ। ਭਾਰਤ ਸਰਕਾਰ ਦੇ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਰਾਜ ਨੋਡਲ ਏਜੰਸੀ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਪੰਜਾਬ ਵਿੱਚ ਵਾਤਾਵਰਨ ਸਿੱਖਿਆ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਯੂਨੀਵਰਸਿਟੀ ਦੇ ਐੱਨ.ਐੱਸ.ਐੱਸ. ਵਿਭਾਗ ਨੂੰ ਈਕੋ-ਸਥਾਪਨਾ ਹਿਤ 10 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ। ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਇਸ ਰਾਸ਼ੀ ਦੀ ਵਰਤੋਂ ਨਾਲ਼ ਕਾਲਜਾਂ ਵਿੱਚ ਸਥਾਪਿਤ ਕੀਤੇ ਗਏ ਈਕੋ-ਕਲੱਬਾਂ ਰਾਹੀਂ ਜ਼ਮੀਨੀ ਪੱਧਰ ਉੱਤੇ ਕੰਮ ਹੋਣਾ ਸੰਭਵ ਹੋ ਸਕੇਗਾ। ਐੱਨ.ਐੱਸ.ਐੱਸ ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਦੱਸਿਆ ਕਿ ਇਸ ਗਰਾਂਟ ਤਹਿਤ ਯੂਨੀਵਰਸਿਟੀ ਨਾਲ਼ ਸਬੰਧਤ 100 ਕਾਲਜਾਂ ਵਿੱਚ ਈਕੋ ਕਲੱਬ ਸਥਾਪਿਤ ਕੀਤੇ ਗਏ ਹਨ। ਇਸ ਗਰਾਂਟ ਨਾਲ਼ 10,000 ਵਾਲੰਟੀਅਰਾਂ ਅਤੇ 100 ਨੋਡਲ ਅਫਸਰਾਂ ਵੱਲੋਂ ਵਰਕਸ਼ਾਪਾਂ, ਪ੍ਰਤੀਯੋਗਤਾਵਾਂ, ਪ੍ਰਦਰਸ਼ਨੀਆਂ ਅਤੇ ਜਾਗਰੂਕਤਾ ਮੁਹਿੰਮਾਂ ਜਿਹੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ।

Advertisement
Author Image

joginder kumar

View all posts

Advertisement
Advertisement
×