ਪੀਐਚਡੀ ਚੈਂਬਰ ਆਫ ਕਾਮਰਸ ਵੱਲੋਂ ਔਰਤਾਂ ਲਈ ਉਪਰਾਲਾ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 24 ਜੂਨ
ਦੇਸ਼ ਭਰ ਦੇ ਉਦਯੋਗਪਤੀਆਂ ਅਤੇ ਸਰਕਾਰ ਵਿਚਕਾਰ ਪੁਲ ਦਾ ਕੰਮ ਕਰਨ ਵਾਲੇ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਨਵੀਂ ਪਹਿਲਕਦਮੀ ਕਰਦਿਆਂ ਪੰਜਾਬ ਵਿੱਚ ਮਹਿਲਾ ਉੱਦਮੀ ਪੈਦਾ ਕਰਨ ਦੇ ਉਦੇਸ਼ ਨਾਲ ‘ਸ਼ੀ’ ਫੋਰਮ ਦਾ ਗਠਨ ਕੀਤਾ ਹੈ। ਇਸ ਦਾ ਅੱਜ ਚੈਂਬਰ ਦੀ ਰੈਜ਼ੀਡੈਂਟ ਡਾਇਰੈਕਟਰ ਭਾਰਤੀ ਸੂਦ ਦੀ ਅਗਵਾਈ ਹੇਠ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੀਐਚਡੀਸੀਸੀਆਈ ‘ਚ ਮਹਿਲਾ, ਬਾਲ ਵਿਕਾਸ ਅਤੇ ਇੰਟਪ੍ਰੀਨਿਓਰ ਕਮੇਟੀ ਦੀ ਆਗੂ ਬਲੋਸਮ ਕੋਚਰ ਨੇ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਸਫ਼ਲ ਉੱਦਮੀ ਬਣਨ ਲਈ ਸਿਖਲਾਈ ਦੇਣ ਵਾਲੇ ਪਲੇਟਫਾਰਮ ਦੀ ਲੋੜ ਹੈ। ਚੈਂਬਰ ਵੱਲੋਂ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਭਾਰਤੀ ਸੂਦ ਨੇ ਕਿਹਾ ਕਿ ਇਸ ਫੋਰਮ ਰਾਹੀਂ ਜਿੱਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੱਲ ਰਹੇ ਮਹਿਲਾ ਸਵੈ-ਸਹਾਇਤਾ ਗਰੁੱਪਾਂ ਨੂੰ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਪਲੈਟਫਾਰਮ ਮੁਹੱਈਆ ਕਰਵਾਇਆ ਜਾਵੇਗਾ, ਉੱਥੇ ਹੀ ਇਸ ਫੋਰਮ ਵਿੱਚ ਸ਼ਾਮਲ ਸਫ਼ਲ ਮਹਿਲਾ ਉੱਦਮੀ ਅੱਗੇ ਨਵੀਆਂ ਮਹਿਲਾ ਉੱਦਮੀਆਂ ਨੂੰ ਤਿਆਰ ਕਰਨਗੀਆਂ। ਉਨ੍ਹਾਂ ਕਿਹਾ ਕਿ ‘ਸ਼ੀ’ ਫੋਰਮ ਰਾਹੀਂ ਮਹਿਲਾਵਾਂ ਨੂੰ ਨਵੇਂ ਉਤਪਾਦ ਤਿਆਰ ਕਰਨ ਅਤੇ ਉਤਪਾਦਾਂ ਦੇ ਮੰਡੀਕਰਨ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਵਾਰ ‘ਪਾਈਟੈਕਸ’ ਵਿੱਚ ਮਹਿਲਾ ਉੱਦਮੀਆਂ ਦੀ ਭਾਗੀਦਾਰੀ ਨੂੰ ਪਹਿਲਾਂ ਦੇ ਮੁਕਾਬਲੇ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ।