ਪਹਿਲਕਦਮੀ: ਬਿਜਲੀ ਉਤਪਾਦਨ ’ਚ ਆਤਮਨਿਰਭਰ ਬਣਿਆ ਬੁੜੈਲ ਜੇਲ੍ਹ
ਆਤਿਸ਼ ਗੁਪਤਾ
ਚੰਡੀਗੜ੍ਹ, 20 ਸਤੰਬਰ
ਯੂਟੀ ਪ੍ਰਸ਼ਾਸਨ ਵੱਲੋਂ ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਸੋਲਰ ਸਿਟੀ ਬਣਾਉਣ ਲਈ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ’ਤੇ ਸੋਲਰ ਪਲਾਂਟ ਲਗਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸਰਕਾਰੀ ਇਮਾਰਤਾਂ ਦੀਆਂ ਛੱਤਾਂ ’ਤੇ ਵੀ ਸੋਲਰ ਪਲਾਂਟ ਲਗਾਏ ਜਾ ਰਹੇ ਹਨ। ਇਸੇ ਦੌਰਾਨ ਚੰਡੀਗੜ੍ਹ ਦੇ ਸੈਕਟਰ-51 ਵਿੱਚ ਸਥਿਤ ਬੁੜੈਲ ਜੇਲ੍ਹ ਵਿੱਚ ਵੀ ਸੋਲਰ ਪਲਾਂਟ ਲਗਾਏ ਗਏ ਹਨ। ਇਨ੍ਹਾਂ ਸੋਲਰ ਪਲਾਂਟਾਂ ਨਾਲ ਜੇਲ੍ਹ ਸੋਲਰ ਬਿਜਲੀ ਉਤਪਾਦਨ ’ਚ ਦੇਸ਼ ਦੀ ਪਹਿਲੀ ਆਤਮ-ਨਿਰਭਰ ਜੇਲ੍ਹ ਬਣ ਗਈ ਹੈ। ਜ਼ਿਕਰਯੋਗ ਹੈ ਕਿ ਜੇਲ੍ਹ ਵਿੱਚ ਲੋੜੀਂਦੀ ਬਿਜਲੀ ਦੀ ਵਰਤੋਂ ਸੋਲਰ ਤੋਂ ਪੈਦਾ ਹੋਈ ਬਿਜਲੀ ਰਾਹੀਂ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੁੜੈਲ ਜੇਲ੍ਹ ਦੀ ਬਿਜਲੀ ਦੀ ਕੁੱਲ ਸਮਰੱਥਾ 710 ਕਿਲੋਵਾਟ ਦੀ ਹੈ। ਇਸੇ ਦੇ ਚਲਦਿਆਂ ਜੇਲ੍ਹ ਦੀ ਪਾਰਕਿੰਗ ਵਿੱਚ 360 ਕਿਲੋਵਾਟ ਦਾ ਸੋਲਰ ਪਲਾਂਟ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 150 ਕਿਲੋਵਾਟ ਅਤੇ 350 ਕਿਲੋਵਾਟ ਦਾ ਸੋਲਰ ਪਲਾਂਟ ਸਥਾਪਿਤ ਕੀਤਾ ਜਾ ਚੁੱਕਾ ਹੈ। ਇਸ ਪਲਾਂਟ ਦਾ ਉਦਘਾਟਨ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਨੇ ਪਿਛਲੇ ਸਾਲ 22 ਅਪਰੈਲ ਨੂੰ ਕੀਤਾ ਸੀ। ਉਦੋਂ ਸਲਾਹਕਾਰ ਨੇ ਕਰੱਸਟ ਨੂੰ ਜੇਲ੍ਹ ਨੂੰ 100 ਫ਼ੀਸਦ ਸੋਲਰ ਪਲਾਂਟ ’ਤੇ ਚਲਾਉਣ ਦੇ ਆਦੇਸ਼ ਦਿੱਤੇ ਸਨ।
ਕਰੱਸਟ ਨੇ ਪ੍ਰਸ਼ਾਸਕ ਦੇ ਸਲਾਹਕਾਰ ਦੇ ਦਿਸ਼ਾ ਨਿਰਦੇਸ਼ ’ਤੇ ਡੇਢ ਸਾਲ ਵਿੱਚ ਬੁੜੈਲ ਜੇਲ੍ਹ ਵਿੱਚ ਸੋਲਰ ਪਲਾਂਟ ਲਗਾਉਣ ਦਾ ਕੰਮ ਮੁਕੰਮਲ ਕਰ ਦਿੱਤਾ ਹੈ। ਹੁਣ ਜੇਲ੍ਹ ਆਪਣੀ ਬਿਜਲੀ ਦੀ ਮੰਗ ਨੂੰ ਖ਼ੁਦ ਸੋਲਰ ਪਲਾਂਟ ਰਾਹੀਂ ਪੂਰੀ ਕਰ ਰਹੀ ਹੈ। ਇਸ ਨਾਲ ਬੁੜੈਲ ਜੇਲ੍ਹ ਸੋਲਰ ਪਲਾਂਟ ਰਾਹੀਂ ਬਿਜਲੀ ਉਤਪਾਦਨ ਦੇ ਖੇਤਰ ’ਚ ਦੇਸ਼ ਦੀ ਪਹਿਲੀ ਆਤਮ-ਨਿਰਭਰ ਜੇਲ੍ਹ ਬਣ ਗਈ ਹੈ।