ਸਕੂਲ ਹੈਲਥ ਤੇ ਵੈੱਲਨੈੱਸ ਪ੍ਰੋਗਰਾਮ ਦਾ ਆਗਾਜ਼
ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਦਸੰਬਰ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਿਹਤ ਨੂੰ ਠੀਕ ਰੱਖਣ ਲਈ ਇੱਕ ਇਤਿਹਾਸਕ ਕਦਮ ਪੁੱਟਦਿਆਂ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਆਯੂਸ਼ਮਾਨ ਭਾਰਤ ਸਕੂਲ ਹੈਲਥ ਐਂਡ ਵੈਲਨੈਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇੱਥੇ ਸਰਕਾਰੀ ਮੈਡੀਕਲ ਕਾਲਜ ’ਚ ਹੋਏ ਸਮਾਗਮ ਦੌਰਾਨ ਉਨ੍ਹਾਂ ਇਸ ਪ੍ਰੋਗਰਾਮ ਨੂੰ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿਹਤਮੰਦ ਬਣਾਉਣ ਲਈ ਨਵਾਂ ਮੀਲ ਪੱਥਰ ਕਰਾਰ ਦਿੱਤਾ ਹੈ।
ਇਸ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਅਜਿਹੀ ਸਰਕਾਰ ਹੈ, ਜਿਸ ਨੇ ਸਿਹਤ ਅਤੇ ਸਿੱਖਆ ਨੂੰ ਪਹਿਲੀ ਤਰਜੀਹ ਬਣਾਇਆ ਹੈ। ਇਸ ਤੋਂ ਪਹਿਲਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਮੋਗਾ ਤੇ ਫ਼ਿਰੋਜ਼ਪੁਰ ਵਿੱਚ ਕੀਤੀ ਜਾ ਚੁੱਕੀ ਹੈ, ਜਿੱਥੇ 850 ਤੋਂ ਵੱਧ ਸਿਹਤ ਮਾਹਿਰਾਂ ਨੂੰ ਸਿਖਲਾਈ ਦੇ ਕੇ ਵਿਦਿਆਰਥੀਆਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ‘ਪਟਿਆਲਾ ਵਿੱਚ ਸਕੂਲ ਹੈਲਥ ਤੇ ਵੈਲਨੈਸ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਕ੍ਰਾਂਤੀਕਾਰੀ ਤਬਦੀਲੀ ਦੀ ਗਵਾਹੀ ਭਰਦੀ ਹੈ ਕਿ ਸੂਬਾ ਸਰਕਾਰ ਸਮਾਜ ਦੀ ਭਲਾਈ ਨੂੰ ਕਿਵੇਂ ਸਮਝਦੀ ਹੈ। ਇਸ ਪ੍ਰੋਗਰਾਮ ਦੇ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ 752 ਸਿਹਤ ਤੇ ਤੰਦਰੁਸਤੀ ਰਾਜਦੂਤਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਭੋਜਨ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਸਕੂਲਾਂ ਵਿੱਚ ਦਿੱਤੇ ਜਾ ਰਹੇ ਭੋਜਨ ਦੀ ਨਿਯਮਤ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀ ਈਟ ਰਾਈਟ ਪਹਿਲਕਦਮੀ ਤਹਿਤ ਚੱਲ ਰਹੀਆਂ ਫੂਡ ਸੇਫਟੀ ਵੈਨਾਂ ਦੀ ਮਦਦ ਲੈਣ।
ਡਾ. ਬਲਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਆਮ ਆਦਮੀ ਕਲੀਨਿਕ ਮਾਡਲ ਨੂੰ ਹਾਲ ਹੀ ਵਿੱਚ ਹੋਈ ਹੈਲਥ ਕਾਨਫ਼ਰੰਸ ਵਿੱਚ 85 ਦੇਸ਼ਾਂ ਵਿੱਚੋਂ ਸਭ ਤੋਂ ਵਧੀਆ ਸਿਹਤ ਮਾਡਲ ਵਜੋਂ ਸਨਮਾਨਿਤ ਕੀਤਾ ਗਿਆ ਹੈ ਅਤੇ ਸਰਕਾਰ ‘ਸੀਐਮ ਦੀ ਯੋਗਸ਼ਾਲਾ’ ਤਹਿਤ ਯੋਗ ਕੈਂਪਾਂ ਦੀ ਗਿਣਤੀ ਦੁੱਗਣੀ ਕਰਨ ਦੀ ਯੋਜਨਾ ਬਣਾ ਰਹੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 30 ਲੱਖ ਵਿਦਿਆਰਥੀਆਂ ਦੀ ਵਿਆਪਕ ਸਿਹਤ ਜਾਂਚ ਕਰਵਾਈ ਜਾਵੇਗੀ, ਤਾਂ ਕਿ ਉਨ੍ਹਾਂ ਨੂੰ ਸਿਹਤਮੰਦ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸਪੋਰਟਸ ਬੈਟਰੀ ਟੈਸਟ ਰਾਹੀਂ ਉਨ੍ਹਾਂ ਦੇ ਮੋਢਿਆਂ ਦੀ ਤਾਕਤ ਪਰਖ ਕੇ ਖੇਡਾਂ ਦੀ ਪ੍ਰਤਿਭਾ ਦੀ ਵੀ ਪਛਾਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਐਮੀਨੈਂਸ ਸਕੂਲਾਂ ਨੇ ਸਿੱਖਿਆ ਕਰਾਂਤੀ ਲਿਆਂਦੀ ਹੈ। ਇਸ ਮੌਕੇ ਦੋਵਾਂ ਮੰਤਰੀਆਂ ਨੇ ਸਕੂਲ ਹੈਲਥ ਐਂਡ ਵੈਲਨੈਸ ਦੇ 12 ਤਰ੍ਹਾਂ ਦੇ ਜਾਗਰੂਕਤਾ ਪੋਸਟਰ ਜਾਰੀ ਕੀਤੇ। ਸਮਾਰੋਹ ’ਚ ਅਧਿਕਾਰੀ ਤੇ ਪਤਵੰਤੇ ਵੀ ਮੌਜੂਦ ਸਨ।
ਵਿਕਲਾਂਗ ਬੱਚਿਆਂ ਨੂੰ ਉਚੇਰੀ ਸਿੱਖਿਆ ਮੁਹੱਈਆ ਕਰਵਾਏਗੀ ਪੰਜਾਬੀ ’ਵਰਸਿਟੀ
ਪਟਿਆਲਾ (ਖੇਤਰੀ ਪ੍ਰਤੀਨਧ): ਪੰਜਾਬੀ ਯੂਨੀਵਰਸਿਟੀ ਹੁਣ ਵਿਸ਼ੇਸ਼ ਲੋੜਾਂ ਵਾਲੇ ਜੀਆਂ ਦੀ ਉਚੇਰੀ ਸਿੱਖਿਆ ਦਾ ਪ੍ਰਬੰਧ ਇੱਕ ਵਿਸ਼ੇਸ਼ ਕੇਂਦਰ ਰਾਹੀਂ ਕਰੇਗੀ। ਪੰਜਾਬ ਸਰਕਾਰ ਦੀ ਪਹਿਲਕਦਮੀ ਅਤੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਵੱਲੋਂ ਇਨ੍ਹਾਂ ਵਿਸ਼ੇਸ਼ ਲੋੜ ਵਾਲੇ ਵਿਦਿਆਰਥੀਆਂ ਨੂੰ ਬੀ.ਏ. ਹਿਊਮੈਨਟੀਜ਼ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ। ਅਪੰਗਤਾ ਸਬੰਧੀ ਅੰਤਰਰਾਸ਼ਟਰੀ ਦਿਵਸ ਮੌਕੇ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਲਈ ਪਟਿਆਲਾ ਪੁੱਜੇ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਇਸ ਕੇਂਦਰ ਸਬੰਧੀ ਪਟਿਆਲਾ ਸਥਿਤ ਵਾਣੀ ਸਕੂਲ ਫਾਰ ਹੀਅਰਿੰਗ ਇੰਪੇਅਰਡ ਨਾਲ ਇਕ ਇਕਰਾਰਨਾਮਾ ਵੀ ਕੀਤਾ ਗਿਆ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ 9 ਤਰ੍ਹਾਂ ਦੇ ਦਿਵਿਆਂਗ ਵਿਦਿਆਰਥੀਆਂ ਲਈ ਵਾਣੀ ਸਕੂਲ ਪੰਜਾਬੀ ਯੂਨੀਵਰਸਿਟੀ ਤੋਂ ਉਚੇਰੀ ਸਿੱਖਿਆ ਹਾਸਲ ਕਰਨ ਲਈ ਇੱਕ ਰਿਸੋਰਸ ਸੈਂਟਰ ਵਜੋਂ ਕੰਮ ਕਰੇਗਾ। ਹਰਜੋਤ ਬੈਂਸ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਖੇਤਰ ਲਈ ਵੀ ਪੰੰਜਾਬੀ ਯੂਨੀਵਰਸਿਟੀ ਬਾਖੂਬੀ ਕੰਮ ਕਰ ਰਹੀ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਸਰਕਾਰ ਅਜਿਹੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਉਨ੍ਹਾਂ ਨੂੰ ਅੱਗੇ ਲਿਆ ਰਹੀ ਹੈ ਅਤੇ ਪਟਿਆਲਾ ਦਾ ਵਾਣੀ ਸਕੂਲ ਇਸੇ ਤਰਜ ’ਤੇ ਕੰਮ ਰਿਹਾ ਹੈ। ਉਨ੍ਹਾਂ ਵਾਣੀ ਸਕੂਲ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਅਪੰਗਤਾ ਸੰਬੰਧੀ ਅੰਤਰਰਾਸ਼ਟਰੀ ਦਿਵਸ ਮੌਕੇ ‘ਸੈਂਟਰ ਫਾਰ ਐਮਪਾਵਰਮੈਂਟ ਆਫ਼ ਪਰਸਨ ਵਿਦ ਡਿਸਬਿਲਟੀਜ਼’ ਵੱਲੋਂ ’ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਪੇਸ਼ਨ (ਸਵੀਪ) ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਪ੍ਰੋਗਰਾਮ ਵੀ ਯੂਨੀਵਰਸਿਟੀ ਕੈਂਪਸ ਵਿੱਚ ਕੀਤਾ ਗਿਆ, ਜਿਸ ਦੌਰਾਨਂ ਯੂਨੀਵਰਸਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਦਿੱਤੀਆਂ।