ਸ਼੍ਰੋਮਣੀ ਕਮੇਟੀ ਵੱਲੋਂ ਗੁਰਦੇਵ ਸਿੰਘ ਕਾਉਂਕੇ ਨਮਿੱਤ ਅਖੰਡ ਪਾਠ ਆਰੰਭ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 30 ਦਸੰਬਰ
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਨਵੇਂ ਸਾਲ ਦੇ ਪਹਿਲੇ ਦਿਨ ਪਹਿਲੀ ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਅਰਦਾਸ ਸਮਾਗਮ ਕੀਤਾ ਜਾਵੇਗਾ, ਜਿਸ ਸਬੰਧੀ ਅੱਜ ਸ੍ਰੀ ਅਖੰਡ ਪਾਠ ਆਰੰਭ ਕੀਤਾ ਗਿਆ।
ਸ੍ਰੀ ਅਖੰਡ ਪਾਠ ਦੀ ਆਰੰਭਤਾ ਮੌਕੇ ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਭਾਈ ਮਨਜੀਤ ਸਿੰਘ ਭੂਰਾ ਕੋਹਨਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਪਹਿਲੀ ਜਨਵਰੀ ਨੂੰ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨਮਿੱਤ ਸ੍ਰੀ ਅਖੰਡ ਪਾਠ ਦੇ ਭੋਗ ਪਾ ਕੇ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖੀ ਪ੍ਰਤੀ ਦ੍ਰਿੜ੍ਹ ਜਥੇਦਾਰ ਕਾਉਂਕੇ ਪੁਲੀਸ ਤਸ਼ੱਦਦ ਸਹਿਣ ਦੇ ਬਾਵਜੂਦ ਸਿੱਖ ਸਿਧਾਂਤਾਂ ’ਤੇ ਦ੍ਰਿੜ੍ਹ ਰਹੇ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ 1984 ਦੇ ਕਾਲੇ ਦੌਰ ਦੌਰਾਨ ਸ੍ਰੀ ਅਕਾਲ ਤਖ਼ਤ ਦੀ ਪੰਥ ਵੱਲੋਂ ਮੁੜ ਉਸਾਰੀ ਲਈ ਨਿਭਾਈਆਂ ਗਈਆਂ ਜਥੇਦਾਰ ਕਾਉਂਕੇ ਦੀਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ।
ਜਥੇਦਾਰ ਕਾਉਂਕੇ ਨਮਿੱਤ ਦੋ ਅਖੰਡ ਪਾਠ ਹੋਣ ਸਬੰਧੀ ਸ਼ਸ਼ੋਪੰਜ ਖ਼ਤਮ
ਜਥੇਦਾਰ ਕਾਉਂਕੇ ਨਮਿੱਤ ਦੋ ਅਖੰਡ ਪਾਠ ਹੋਣ ਸਬੰਧੀ ਬਣੀ ਸ਼ਸ਼ੋਪੰਜ ਅੱਜ ਖਤਮ ਹੋ ਗਈ ਹੈ। ਸਿੱਖ ਜਥੇਬੰਦੀਆਂ ਦੇ ਆਗੂਆਂ ਭਾਈ ਮੋਹਕਮ ਸਿੰਘ, ਮਨਜੀਤ ਸਿੰਘ ਭੋਮਾ ਅਤੇ ਸਤਨਾਮ ਸਿੰਘ ਮਨਾਵਾਂ ਨੇ ਸਪੱਸ਼ਟ ਕੀਤਾ ਕਿ ਪਹਿਲੀ ਜਨਵਰੀ ਨੂੰ ਜਥੇਦਾਰ ਕਾਉਂਕੇ ਨਮਿੱਤ ਸ਼ਹੀਦੀ ਸਮਾਗਮ ਨੂੰ ਅਮਨ-ਸ਼ਾਂਤੀ ਨਾਲ ਮਨਾਉਣ, ਆਪਸੀ ਟਕਰਾਅ ਟਾਲਣ ਅਤੇ ਦੁਬਿਧਾ ਪੈਦਾ ਹੋਣ ਤੋਂ ਬਚਾਉਣ ਲਈ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ, ‘‘ਇੱਕ ਹੀ ਸ਼ਹੀਦ ਦੇ ਦੋ ਸ਼ਹੀਦੀ ਸਮਾਗਮ ਇੱਕੋ ਥਾਂ ’ਤੇ ਹੋਣ, ਇਹ ਗੱਲ ਸ਼ੋਭਾ ਨਹੀਂ ਦਿੰਦੀ। ਇਸ ਕਰ ਕੇ ਪੰਥਕ ਧਿਰਾਂ ਨੇ ਪਹਿਲੀ ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਹੋ ਰਹੇ ਸ਼ਹੀਦੀ ਸਮਾਗਮ ਵਿੱਚ ਹੀ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ।’’