ਗਾਰਬੇਜ ਪ੍ਰੋਸੈਸਿੰਗ ਪਲਾਂਟ ਦੀਆਂ ਖੂਬੀਆਂ ਬਾਰੇ ਜਾਣੂ ਕਰਵਾਇਆ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 26 ਜੂਨ
ਨਾਗਪੁਰ ਸਥਿਤ ਨੀਰੀ ਦੇ ਡਾਇਰੈਕਟਰ ਡਾ. ਅਤੁਲ ਨਰਾਇਣ ਵੈਦ ਨੇ ਸ਼ਹਿਰ ਵਿੱਚ ਨਗਰ ਨਿਗਮ ਵਲੋਂ ਡੱਡੂਮਾਜਰਾ ਵਿੱਚ ਲਗਾਏ ਜਾਣ ਵਾਲੇ ਇੰਟੈਗ੍ਰੇਟਡ ਗਾਰਬੇਜ ਪ੍ਰੋਸੈਸਿੰਗ ਪਲਾਂਟ ਦੀ ਤਕਨੀਕ ਨੂੰ ਲੈ ਕੇ ਸ਼ਹਿਰ ਦੇ ਕੌਂਸਲਰਾਂ ਨੂੰ ਅੱਜ ਇਥੇ ਚੰਡੀਗੜ੍ਹ ਨਗਰ ਨਿਗਮ ਭਵਨ ਵਿੱਚ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਅਤੁਲ ਨਰਾਇਣ ਵੈਦ ਨੇ ਦੱਸਿਆ ਕਿ ਬਾਇਓ ਸੀਐਨਜੀ ਪਲਾਂਟ ਚੰਡੀਗੜ੍ਹ ਸ਼ਹਿਰ ਦੇ ਮਾਹੌਲ ਅਤੇ ਨਗਰ ਨਿਗਮ ਦੀ ਠੋਸ ਰਹਿੰਦ-ਖੂੰਹਦ ਦੀਆਂ ਵਿਸ਼ੇਸ਼ਤਾਵਾਂ ਦੇ ਅਨੁਸਾਰ ਸਭ ਤੋਂ ਵਧੀਆ ਤਕਨੀਕ ਹੈ। ਡਾ. ਅਤੁਲ ਨੇ ਅੱਗੇ ਕਿਹਾ ਕਿ ਪਲਾਂਟ ਨੂੰ ਵਾਤਾਵਰਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸਥਾਪਤ ਕੀਤਾ ਜਾਵੇਗਾ ਜੋ ਕਿ ਇੱਕ ਬਹੁਤ ਹੀ ਸਖ਼ਤ ਪ੍ਰਕਿਰਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਲੋੜ ਅਤੇ ਹੋਰ ਤੱਥਾਂ ਨੂੰ ਮੁੱਖ ਰੱਖਦੇ ਹੋਏ ਇਥੇ ਹੋਰ ਤਕਨੀਕਾਂ ਦੀ ਸਥਾਪਨਾ ਢੁਕਵੀਂ ਨਹੀਂ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪਲਾਂਟ ਵਿੱਚ ਪੈਦਾ ਹੋਣ ਵਾਲੀ ਸੀਐੱਨਜੀ ਦੀ ਵਰਤੋਂ ਭਵਿੱਖ ਵਿੱਚ ਬਿਜਲੀ, ਹਾਈਡ੍ਰੋਜਨ ਜਾਂ ਈਥਾਨੌਲ ਬਣਾਉਣ ਲਈ ਕੀਤੀ ਜਾ ਸਕਦੀ ਹੈ। ਹਾਲਾਂਕਿ, ਇਨ੍ਹਾਂ ਵਿੱਚੋਂ ਕੁਝ ਤਕਨੀਕਾਂ ਅਜੇ ਸਥਿਰ ਹੋਣੀਆਂ ਹਨ। ਉਨ੍ਹਾਂ ਕਿਹਾ ਕਿ ਪਲਾਂਟ ਲਗਨ ਤੋਂ ਬਾਅਦ ਇਥੇ ਕੁੜੇ ਤੋਂ ਪੈਦਾ ਹੋਣ ਵਾਲੀ ਬਦਬੂ ਸਮੇਤ ਵਾਤਾਵਰਨ ਦੇ ਸਵੱਛਤਾ ਨੂੰ ਕੋਈ ਖਤਰਾ ਨਹੀਂ ਰਹੇਗਾ ਕਿਉਂਕਿ ਇਸ ਦੀ ਜਾਂਚ ਲਈ ਬਾਇਓ ਫਿਲਟਰ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕੌਂਸਲਰਾਂ ਨੂੰ ਭਰੋਸਾ ਦਿਵਾਇਆ ਕਿ ਪਲਾਂਟ ਦੀ ਸਥਾਪਨਾ ਤੋਂ ਬਾਅਦ ਨੀਰੀ ਪਲਾਂਟ ਦੇ ਕੰਮਕਾਜ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਵੀ ਕਰੇਗੀ।
ਡਾ. ਅਤੁਲ ਨੇ ਅੱਗੇ ਕਿਹਾ ਕਿ ਨਗਰ ਨਿਗਮ ਚੰਡੀਗੜ੍ਹ ਨੇ ਸਰੋਤ ਪੱਧਰ ਤੋਂ ਕੂੜੇ ਨੂੰ ਵੱਖ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ ਜੋ ਕਿ ਵੱਖ-ਵੱਖ ਪੱਧਰਾਂ ‘ਤੇ ਠੋਸ ਕੂੜੇ ਦੀ ਪ੍ਰੋਸੈਸਿੰਗ ਲਈ ਲਾਹੇਵੰਦ ਹੋਵੇਗੀ। ਡਾ. ਅਤੁਲ ਨੇ ਮੀਟਿੰਗ ਦੁਆਰਾਂ ਹਾਜ਼ਰ ਕੌਂਸਲਰਾਂ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ਵੀ ਦਿੱਤੇ। ਮੀਟਿੰਗ ਦੌਰਾਨ ਮੇਅਰ ਅਨੂਪ ਗੁਪਤਾ, ਨਗਰ ਨਿਗਮ ਕਮਿਸ਼ਰਨ ਅਨੰਦਿਤਾ ਮਿੱਤਰਾ, ਜੁਆਇੰਟ ਕਮਿਸ਼ਨਰ ਗੁਰਿੰਦਰ ਸਿੰਘ ਸੋਢੀ, ਸੀਨੀਅਰ ਡਿਪਟੀ ਮੇਅਰ ਕੰਵਰ ਰਾਣਾ, ਚੀਫ ਇੰਜੀਨੀਅਰ ਐਨਪੀ ਸ਼ਰਮਾ, ਕੌਂਸਲਰ ਜਸਮਨ ਸਿੰਘ, ਪ੍ਰੇਮ ਲਤਾ, ਗੁਰਪ੍ਰੀਤ ਸਿੰਘ ਗਾਬੀ, ਕੁਲਦੀਪ ਟੀਟਾ ਸਮੇਤ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਚੰਡੀਗੜ੍ਹ ਦੇ ਕੌਂਸਲਰਾਂ ਦਾ ਗੋਆ ਦੌਰਾ ਅੱਜ
ਨਗਰ ਨਿਗਮ ਵਲੋਂ ਇਥੇ ਡੱਡੂਮਾਜਰਾ ਵਿਖੇ ਲਗਾਏ ਜਾਣ ਵਾਲੇ ਇੰਟੈਗ੍ਰੇਟਡ ਗਾਰਬੇਜ ਪ੍ਰੋਸੈਸਿੰਗ ਪਲਾਂਟ ਦੇ ਕੀਤੇ ਜਾ ਰਹੇ ਵਿਰੋਧ ਨੂੰ ਲੈ ਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਲੋਂ ਨਿਗਮ ਕੌਂਸਲਰਾਂ ਦੇ ਇੱਕ ਦਲ ਨੂੰ ਗੋਆ ਸਥਿਤ ਲੱਗੇ ਹੋਏ ਪਲਾਂਟ ਦਾ ਦੌਰਾ ਕਰਵਾਉਣ ਦੀ ਸਲਾਹ ਨੂੰ ਲੈ ਕੇ ਨਗਰ ਨਿਗਮ ਦਾ ਦਲ ਭਲਕੇ ਮੰਗਲਵਾਰ ਨੂੰ ਗੋਆ ਦੇ ਦੌਰਾ ‘ਤੇ ਉਥੇ ਲਗੇ ਹੋਏ ਪਲਾਟ ਨੂੰ ਦੇਖਣ ਜਾ ਰਿਹਾ ਹੈ। ਇਸ ਦਲ ਵਿੱਚ ਮੇਅਰ ਅਨੂਪ ਗੁਪਤਾ ਸਮੇਤ ਨਗਰ ਨਿਗਮ ਦੇ ਕੌਂਸਲਰ ਅਤੇ ਡੱਡੂਮਾਜਰਾ ਕਲੋਨੀ ਦੇ 9 ਵਸਨੀਕ ਸ਼ਾਮਲ ਹਨ। ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਇਸ ਦੌਰੇ ‘ਤੇ ਜਾਣ ਤੋਂ ਨਾਹ ਕਰ ਦਿੱਤੀ ਹੈ।