ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ
ਪੱਤਰ ਪ੍ਰੇਰਕ
ਦੋਰਾਹਾ, 16 ਨਵੰਬਰ
ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਐਕਸਟੈਂਸ਼ਨ ਸੈਲ ਵੱਲੋਂ ਨੁੱਕੜ ਨਾਟਕ ਰਾਹੀਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਲਵਲੀਨ ਬੈਂਸ ਨੇ ਦੱਸਿਆ ਕਿ ਝੋਨੇ ਦੀ ਕਟਾਈ ਉਪਰੰਤ ਪਰਾਲੀ ਸਾੜਨ ਦੇ ਸੰਕਟ ਨਾਲ ਨਜਿੱਠਣ ਲਈ ਕਾਲਜ ਦੇ ਐੱਨਐੱਸਐੱਸ ਵਾਲੰਟੀਅਰਾਂ ਵੱਲੋਂ ਗੀਤ ਨਾਟਕ ਰਾਹੀਂ ਵੱਖ-ਵੱਖ ਪਿੰਡਾਂ ਈਸੜੂ, ਇਕੋਲਾਹਾ, ਭੁਮੱਦੀ, ਬੀਪੁਰ, ਜਟਾਣਾ, ਦਹੇੜੂ, ਮੋਹਨਪੁਰ, ਘੁੰਗਰਾਲੀ ਆਦਿ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਕਾਰਨ ਵਾਤਾਵਰਨ ਅਤੇ ਸਿਹਤ ’ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਇਸ ਸਮਾਗਮ ਦੌਰਾਨ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਅਤੇ ਐੱਸਡੀਐੱਮ ਬਲਜਿੰਦਰ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਿਦਿਆਰਥੀਆਂ ਨੇ ਡਾ. ਸੋਮਪਾਲ ਹੀਰਾ ਦੁਆਰਾ ਨਿਰਦੇਸ਼ਿਤ ਅਤੇ ਸ਼ਾਇਰ ਤਰਲੋਚਨ ਲੋਚੀ ਦੁਆਰਾ ਲਿਖੇ ਗੀਤ ’ਤੇ ਅਧਾਰਿਤ ਨਾਟਕ ਖੇਡਦਿਆਂ ਲੋਕਾਂ ਨੂੰ ਧਰਤੀ ਦੇ ਜੀਵਨ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ, ਪ੍ਰੋ. ਰਵਿੰਦਰਪਾਲ ਕੌਰ ਮਾਂਗਟ, ਹਰਪ੍ਰੀਤ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਵਾਤਾਵਰਨ ਗੰਧਲਾ ਹੁੰਦਾ ਹੈ, ਉੱਥੇ ਹੀ ਮਿੱਟੀ ਵਿਚਲੇ ਲਾਭਦਾਇਕ ਜੀਵ ਵੀ ਮਰ ਜਾਂਦੇ ਹਨ। ਇਸ ਮੌਕੇ ਏਡੀਓ ਹਰਪੁਨੀਤ ਕੌਰ, ਚੰਦਰਕਾਂਤ, ਹਰਮੀਤ ਕੌਰ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਕਾਲਜ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਪ੍ਰਿੰਸੀਪਲ ਡਾ. ਨਿਰਲੇਪ ਕੌਰ ਨੇ ਟੀਮ ਦੀ ਹੌਸਲਾ-ਅਫਜ਼ਾਈ ਕੀਤੀ।