ਇਨਫਰਮੈਟਿਕਸ ਓਲੰਪਿਆਡ: ਯੂਕੇ ਦੀ ਆਨਿਆ ਗੋਇਲ ਨੇ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ
ਲੰਡਨ:
ਨੀਦਰਲੈਂਡਜ਼ ਵਿੱਚ ਇਨਫਰਮੈਟਿਕਸ (ਸੂਚਨਾ ਵਿਗਿਆਨ) ਦੇ ਖੇਤਰ ਵਿੱਚ ਯੂਰੋਪੀਅਨ ਲੜਕੀਆਂ ਦੇ ਓਲੰਪਿਆਡ ਮੁਕਾਬਲੇ (ਈਜੀਓਆਈ) ਵਿੱਚ ਲੰਡਨ ਦੀ ਇੱਕ 17 ਸਾਲਾ ਲੜਕੀ ਨੇ ਭਾਰਤੀ ਟੀਮ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਦੀ ਟੀਮ ਨੇ ਇਸ ਮੁਕਾਬਲੇ ਵਿੱਚ ਹੁਣ ਤੱਕ ਦੀ ਸਭ ਤੋਂ ਬਿਹਤਰੀਨ ਕਾਰਗੁਜ਼ਾਰੀ ਦਿਖਾਉਂਦਿਆਂ ਕਾਂਸੀ ਦੇ ਦੋ ਤਗ਼ਮੇ ਜਿੱਤੇ ਹਨ। ਡੁਲਵਿਚ ਦੇ ਐਲਿਅਨ ਸਕੂਲ ਦੀ ਵਿਦਿਆਰਥਣ ਆਨਿਆ ਗੋਇਲ ਨੇ 50 ਮੁਲਕਾਂ ਤੋਂ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਚੋਟੀ ਦੇ ਭਾਗੀਦਾਰਾਂ ਨਾਲ ਮੁਕਾਬਲਾ ਕੀਤਾ। ਕੰਪਿਊਟਰ ਸਾਇੰਸ ਵਿੱਚ ਪੜ੍ਹਾਈ ਕਰਨ ਦੀਆਂ ਚਾਹਵਾਨ ਲੜਕੀਆਂ ਲਈ ਰੱਖਿਆ ਗਿਆ ਇਹ ਮੁਕਾਬਲਾ ਵੈਲਡਹੋਵਨ ਵਿੱਚ ਬੀਤੇ ਹਫ਼ਤੇ ਦੇ ਅਖੀਰ ’ਚ ਮੁਕੰਮਲ ਹੋਇਆ ਸੀ। ਉਸ ਨੇ ਕਿਹਾ, ‘ਮੈਂ ਇਨਫਰਮੈਟਿਕਸ ਨਾਲ ਸਬੰਧਤ ਲੜਕੀਆਂ ਦੇ ਇਸ ਓਲੰਪਿਆਡ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤ ਕੇ ਮਾਣ ਮਹਿਸੂਸ ਕਰ ਰਹੀ ਹਾਂ, ਖ਼ਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਕੰਪੀਟੀਟਿਵ ਪ੍ਰੋਗਰਾਮਿੰਗ ਪੂਰੇ ਵਿਸ਼ਵ ਵਿੱਚ ਕਾਫ਼ੀ ਪ੍ਰਚੱਲਤ ਖੇਡਾਂ ਵਜੋਂ ਮਕਬੂਲ ਹੋ ਰਹੀ ਹੈ, ਖ਼ਾਸ ਕਰਕੇ ਭਾਰਤ ਵਿੱਚ।’ -ਪੀਟੀਆਈ