ਭਾਜਪਾ ਤੇ ਕਾਂਗਰਸ ਦੇ ਰਾਜ ’ਚ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਿਆ: ਬਲਵਿੰਦਰ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਮਈ
ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਜਲੰਧਰ ਲੋਕ ਸਭਾ ਹਲਕੇ ’ਚ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਸੱਤਾ ’ਚ ਰਹੀਆਂ ਕਾਂਗਰਸ ਤੇ ਭਾਜਪਾ ਸਰਕਾਰਾਂ ਵੇਲੇ ਵਧੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਕਾਰਨ ਗਰੀਬ ਲੋਕਾਂ ਦਾ ਚੁੱਲ੍ਹਾ ਬੜਾ ਔਖਾ ਬਲਦਾ ਹੈ। ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਚੀਜ਼ਾਂ ਅਤੇ ਗੈਸ, ਪੈਟਰੋਲ-ਡੀਜ਼ਲ ਆਦਿ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਵਧਦੀ ਮਹਿੰਗਾਈ ਕਰਕੇ ਲੋਕਾਂ ਦੇ ਘਰਾਂ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਚੁੱਕੀ ਹੈ ਤੇ ਉਹ ਚਿੰਤਾ ’ਚ ਹਨ।
ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਕਾਂਗਰਸ ਲੰਮੇ ਸਮੇਂ ਤੱਕ ਕੇਂਦਰ ਦੀ ਸੱਤਾ ’ਤੇ ਕਾਬਜ਼ ਰਹੀ ਹੈ। ਕਾਂਗਰਸ ਖੋਖਲੇ ਮੈਨੀਫੈਸਟੋ ਜਾਰੀ ਕਰਕੇ ਤੇ ਮਹਿੰਗਾਈ ਹਟਾਉਣ ਦੇ ਲਾਰੇ ਲਗਾ ਕੇ ਲੋਕਾਂ ਦੀਆਂ ਵੋਟਾਂ ਲੈਂਦੀ ਰਹੀ, ਪਰ ਉਸਦੇ ਰਾਜ ’ਚ ਮਹਿੰਗਾਈ ਖਤਮ ਨਹੀਂ ਹੋਈ, ਸਗੋਂ ਹੋਰ ਵਧਦੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਵਾਂਗ ਭਾਜਪਾ ਨੇ ਵੀ ਵਾਅਦਾ ਤਾਂ ਮਹਿੰਗਾਈ ਖਤਮ ਕਰਨ ਦਾ ਕੀਤਾ ਸੀ, ਪਰ ਉਸਦੇ ਸੱਤਾ ’ਚ ਆਉਣ ਤੋਂ ਬਾਅਦ ਮਹਿੰਗਾਈ ਹੋਰ ਵਧ ਗਈ।