ਅਕਤੂਬਰ ’ਚ ਮਹਿੰਗਾਈ ਚਾਰ ਮਹੀਨੇ ਦੇ ਸਭ ਤੋਂ ਹੇਠਲੇ ਪੱਧਰ ’ਤੇ
ਨਵੀਂ ਦਿੱਲੀ, 13 ਨਵੰਬਰ
ਮਹਿੰਗਾਈ ’ਚ ਨਰਮੀ ਜਾਰੀ ਹੈ। ਸਬਜ਼ੀਆਂ ਸਮੇਤ ਹੋਰ ਖਾਣ-ਪੀਣ ਦਾ ਸਾਮਾਨ ਸਸਤਾ ਹੋਣ ਕਾਰਨ ਅਕਤੂਬਰ ’ਚ ਪ੍ਰਚੂਨ ਮਹਿੰਗਾਈ ਦਰ ਚਾਰ ਮਹੀਨੇ ਦੇ ਸਭ ਤੋਂ ਹੇਠਲੇ ਪੱਧਰ 4.87 ਫੀਸਦ ’ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਇਹ ਭਾਰਤੀ ਰਜਿ਼ਰਵ ਬੈਂਕ (ਆਰਬੀਆਈ) ਦੇ ਪ੍ਰਚੂਨ ਮਹਿੰਗਾਈ ਦੇ 4 ਫੀਸਦ ਦੇ ਟੀਚੇ ਨੇੜੇ ਪਹੁੰਚ ਗਈ ਹੈ। ਅੱਜ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ ਖਪਤਕਾਰ ਮੁੱਖ ਸੂਚਕ ਅੰਕ ਆਧਾਰਿਤ ਪ੍ਰਚੂਨ ਮਹਿੰਗਾਈ ਦਰ (ਸੀਪੀਆਈ) ਸਤੰਬਰ ਵਿੱਚ ਤਿੰਨ ਮਹੀਨੇ ਦੇ ਹੇਠਲੇ ਪੱਧਰ 5.02 ਫੀਸਦ ’ਤੇ ਸੀ। ਇਸ ਤੋਂ ਪਹਿਲਾਂ ਜੂਨ ’ਚ ਮਹਿੰਗਾਈ ਦਰ 4.87 ਫੀਸਦ ਦਰਜ ਕੀਤੀ ਗਈ ਸੀ। ਸਰਕਾਰ ਨੇ ਆਰਬੀਆਈ ਨੂੰ ਪ੍ਰਚੂਨ ਮਹਿੰਗਾਈ ਦਰ ਨੂੰ ਦੋ ਫੀਸਦ ਦੇ ਘਾਟੇ-ਵਾਧੇ ਨਾਲ ਚਾਰ ਫੀਸਦ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ। ਆਰਬੀਆਈ ਹਰ ਦੋ ਮਹੀਨੇ ਬਾਅਦ ਮੁਦਰਾ ਨੀਤੀ ’ਤੇ ਵਿਚਾਰ ਕਰਦੇ ਸਮੇਂ ਮੁੱਖ ਤੌਰ ’ਤੇ ਪ੍ਰਚੂਨ ਮਹਿੰਗਾਈ ’ਤੇ ਗੌਰ ਕਰਦਾ ਹੈ। ਆਰਬੀਆਈ ਦੀ ਮੁਦਰਾ ਨੀਤੀ ਕਮੇਟੀ (ਐੱਸਪੀਸੀ) ਨੇ ਅਕਤੂਬਰ ਦੀ ਮੀਟਿੰਗ ’ਚ ਚਾਲੂ ਵਿੱਤੀ ਵਰ੍ਹੇ 2023-24 ’ਚ ਪ੍ਰਚੂਨ ਮਹਿੰਗਾਈ ਦਰ 5.4 ਫੀਸਦ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਸੀ। ਇਹ 2022-23 ਦੇ 6.7 ਫੀਸਦ ਮੁਕਾਬਲੇ ਘੱਟ ਹੈ। ਪ੍ਰਚੂਨ ਮਹਿੰਗਾਈ ਚਾਲੂ ਵਿੱਤੀ ਵਰ੍ਹੇ ’ਚ ਜੁਲਾਈ ਮਹੀਨੇ ਵਿੱਚ 7.44 ਫੀਸਦ ਤੱਕ ਪਹੁੰਚ ਗਈ ਸੀ। ਉਸ ਤੋਂ ਬਾਅਦ ਇਸ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। -ਪੀਟੀਆਈ