ਭਾਰਤ ’ਚ ਮਹਿੰਗਾਈ ਦੀ ਰਫਤਾਰ ਬੁਲੇਟ ਟਰੇਨ ਤੋਂ ਵੀ ਵੱਧ: ਕਾਂਗਰਸ
ਨਵੀਂ ਦਿੱਲੀ, 23 ਦਸੰਬਰ
ਕਾਂਗਰਸ ਨੇ ਖੁਰਾਕੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਅੱਜ ਮੋਦੀ ਸਰਕਾਰ ’ਤੇ ਤਨਜ਼ ਕਸਿਆ ਤੇ ਕਿਹਾ ਕਿ ਉਨ੍ਹਾਂ ਵੱਲੋਂ ਐਲਾਨੀ ਬੁਲੇਟ ਟਰੇਨ ਤਾਂ ਨਹੀਂ ਆਈ ਪਰ ਬੁਲੇਟ ਟਰੇਨ ਦੀ ਰਫ਼ਤਾਰ ਤੋਂ ਵੀ ਤੇਜ਼ੀ ਨਾਲ ਵੱਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ।
ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ ਇੰਚਾਰਜ) ਜੈਰਾਮ ਰਮੇਸ਼ ਨੇ ਕਿਹਾ ਕਿ ਲੋਕ ਹੋਰ ਜੁਮਲਾਬੰਦੀ ਨਹੀਂ ਬਲਕਿ ਜਵਾਬ ਚਾਹੁੰਦੇ ਹਨ। ਉਨ੍ਹਾਂ ਐਕਸ ’ਤੇ ਪਿਛਲੇ ਇੱਕ ਸਾਲ ਅੰਦਰ ਤੇ ਦਿਨ-ਬ-ਦਿਨ ਮਹਿੰਗੀਆਂ ਹੋ ਰਹੀਆਂ ਰੋਜ਼ਾਨਾ ਵਰਤੋਂ ਦੀ ਵਸਤਾਂ ਬਾਰੇ ਇੱਕ ਮੀਡੀਆ ਰਿਪੋਰਟ ਵੀ ਸਾਂਝੀ ਕੀਤੀ। ਰਿਪੋਰਟ ਅਨੁਸਾਰ ਆਟਾ, ਤੇਲ, ਮਸਾਲੇ ਤੇ ਸੁੱਕਾ ਮੇਵਾ ਦੀਆਂ ਕੀਮਤਾਂ ਡੇਢ ਤੋਂ ਦੋ ਗੁਣਾ ਤੱਕ ਵੱਧ ਗਈਆਂ ਹਨ। ਰਮੇਸ਼ ਨੇ ਐਕਸ ’ਤੇ ਪਾਈ ਪੋਸਟ ’ਚ ਕਿਹਾ, ‘ਮੋਦੀ ਸਰਕਾਰ ਵੱਲੋਂ ਐਲਾਨੀ ਬੁਲੇਟ ਟਰੇਨ ਤਾਂ ਨਹੀਂ ਪੁੱਜੀ ਪਰ ਮਹਿੰਗਾਈ ਬੁਲੇਟ ਟਰੇਨ ਦੀ ਰਫ਼ਤਾਰ ਨਾਲੋਂ ਵੀ ਤੇਜ਼ੀ ਨਾਲ ਵੱਧ ਰਹੀ ਹੈ ਜਿਸ ਨੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ।’ ਉਨ੍ਹਾਂ ਕਿਹਾ, ‘ਪਿਛਲੇ ਸਾਢੇ ਦਸ ਸਾਲਾਂ ਦੌਰਾਨ ਮਹਿੰਗਾਈ ਦੁੱਗਣੀ ਤੇ ਤਿੰਨ-ਗੁਣੀ ਹੋ ਗਈ ਹੈ। ‘ਬਹੁਤ ਹੋਈ ਮਹਿੰਗਾਈ ਦੀ ਮਾਰ’ ਦੇ ਨਾਅਰੇ ਨਾਲ ਸੱਤਾ ’ਚ ਆਉਣ ਵਾਲੀ ਮੋਦੀ ਸਰਕਾਰ ਦੇ ਰਾਜ ’ਚ ਹਰ ਚੀਜ਼ ਮਹਿੰਗੀ ਹੋ ਰਹੀ ਹੈ।’ ਉਨ੍ਹਾਂ ਕਿਹਾ, ‘ਆਲੂਆਂ ਤੋਂ ਲੈ ਕੇ ਟਮਾਟਰ ਤੱਕ, ਦੁੱਧ, ਮਸਾਲੇ ਤੇ ਇੱਥੋਂ ਤੱਕ ਕਿ ਖਾਣ ਵਾਲਾ ਤੇਲ ਆਮ ਆਦਮੀ ਲਈ ਸੁਫਨੇ ਜਿਹਾ ਬਣ ਗਿਆ ਹੈ। ਕੀ ਇਹੀ ਉਹ ‘ਅੱਛੇ ਦਿਨ’ ਹਨ ਜਿਨ੍ਹਾਂ ਦਾ ਵਾਅਦਾ ਕੀਤਾ ਗਿਆ ਸੀ? ਹੋਰ ਜੁਮਲੇਬਾਜ਼ੀ ਨਹੀਂ! ਜਨਤਾ ਜਵਾਬ ਚਾਹੁੰਦੀ ਹੈ।’ -ਪੀਟੀਆਈ