ਮਹਿੰਗਾਈ ਨੇ ਤਿਉਹਾਰਾਂ ਦੇ ਦਿਨਾਂ ’ਚ ਲੋਕਾਂ ਦਾ ਬਜਟ ਵਿਗਾੜਿਆ
ਪ੍ਰਮੋਦ ਸਿੰਗਲਾ
ਸ਼ਹਿਣਾ, 27 ਅਕਤੂਬਰ
ਮਹਿੰਗਾਈ ਇਸ ਸਮੇਂ ਰਿਕਾਰਡ ਤੋੜ ਰਹੀ ਹੈ। ਖੁਰਾਕੀ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਜਿਸ ਕਾਰਨ ਆਮ ਵਿਅਕਤੀ ਦੇ ਜੇਬ ਢਿੱਲੀ ਹੋ ਗਈ ਹੈ। ਜਿੱਥੇ ਹੁਣ ਆਲੂ, ਪਿਆਜ਼, ਟਮਾਟਰ ਸਮੇਤ ਸਾਰੀਆਂ ਸਬਜ਼ੀਆਂ ਆਮ ਆਦਮੀ ਦੇ ਵਿੱਤੋਂ ਬਾਹਰ ਹੋ ਚੁੱਕੀਆਂ ਹਨ। ਮੱਧਮ ਅਤੇ ਮਜ਼ਦੂਰ ਵਰਗ ਨੂੰ ਦੋ ਵਖ਼ਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋਇਆ ਪਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਦਾਲਾਂ, ਤੇਲ, ਰਿਫਾਇੰਡ, ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਸਰ੍ਹੋਂ ਦਾ ਤੇਲ 165 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦਕਿ ਰਿਫਾਇੰਡ ਤੇਲ 160 ਰੁਪਏ ਹੈ। ਪਿਆਜ਼ 70 ਰੁਪਏ ਅਤੇ ਆਲੂ 30 ਰੁਪਏ ਹਨ। ਟਮਾਟਰ ਵੀ 60-70 ਰੁਪਏ ’ਤੇ ਮਿਲ ਰਿਹਾ ਹੈ। ਦਾਲਾਂ ਦੀਆਂ ਕੀਮਤਾਂ ਵੀ 10-15 ਰੁਪਏ ਪ੍ਰਤੀ ਕਿੱਲੋ ਤੇਜ਼ੀ ’ਤੇ ਹਨ। ਇਸ ਦੇ ਨਾਲ ਹੀ ਗੋਭੀ 60, ਸ਼ਿਮਲਾ ਮਿਰਚ 100, ਲਸਣ 280, ਕੱਦੂ 40, ਬੈਂਗਣ 40, ਭਿੰਡੀ 60, ਕਰੇਲਾ 80 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ। ਚਾਹ ਪੱਤੀ ਵੀ 300 ਤੋਂ 350 ਰੁਪਏ ਪ੍ਰਤੀ ਕਿੱਲੋ ਹੋ ਚੁੱਕੀ ਹੈ। ਹਾਲੇ ਵਧੀਆ ਸ਼ੁੱਧ ਦੁੱਧ, ਦਹੀ, ਪਨੀਰ, ਖੋਆ, ਦੇਸ਼ੀ ਘਿਓ ਆਦਿ ਲੋਕਾਂ ਦੇ ਵਿੱਤੋਂ ਬਾਹਰ ਹਨ। ਮਠਿਆਈਆਂ ਦੇ ਰੇਟ ਪਿਛਲੇ ਸਾਲ ਨਾਲੋਂ ਦੁੱਗਣੇ ਹਨ। ਮਠਿਆਈਆਂ ’ਤੇ ਕੋਈ ਮਿਆਦ ਨਹੀਂ ਲਿਖੀ ਗਈ। ਤਿਉਹਾਰ ਮਨਾਉਣ ਵਾਸਤੇ ਚਾਹੀਦੇ ਲੱਡੂ ਜਲੇਬੀਆਂ ਵੀ 160 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਹਨ। ਸਰਕਾਰ ਦਾ ਮਠਿਆਈਆਂ ਦੇ ਰੇਟ ਤੈਅ ਕਰਨ ’ਚ ਕੋਈ ਦਖ਼ਲ ਨਹੀਂ ਹੈ। ਖੰਡ ਸਿਰਫ਼ 4 ਰੁਪਏ ਪ੍ਰਤੀ ਕਿੱਲੋ ਵਧੀ ਹੈ ਜਦਕਿ ਜਲੇਬੀ 60 ਰੁਪਏ ਪ੍ਰਤੀ ਕਿੱਲੋ ਵੱਧ ਗਈ ਹੈ।