ਮਾਲਵਾ ਪੱਟੀ ਵਿਚ ਝੋਨੇ ਉਪਰ ਪੱਤਾ ਲਪੇਟ ਸੁੰਡੀ ਦਾ ਹਮਲਾ
ਜੋਗਿੰਦਰ ਸਿੰਘ ਮਾਨ
ਮਾਨਸਾ, 18 ਅਗਸਤ
ਚਿੱਟੀ ਮੱਖੀ ਦੇ ਹਮਲੇ ਤੋਂ ਡਰੇ ਬੈਠੇ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਹੁਣ ਝੋਨੇ ਉਪਰ ਪੱਟਾ ਲਪੇਟ ਸੁੰਡੀ ਦੇ ਹਮਲੇ ਦਾ ਝੋਰਾ ਖਾਣ ਲੱਗਿਆ ਹੈ। ਉਹ ਇਸ ਤੋਂ ਬਚਾਓ ਲਈ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਲੱਗੇ ਹਨ। ਖੇਤੀਬਾੜੀ ਵਿਭਾਗ ਦੇ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਖੇਤਾਂ ਦਾ ਦੌਰਾ ਕਰਨ ਤੋਂ ਬਾਅਦ ਮੰਨਿਆ ਕਿ ਇਹ ਹਮਲਾ ਝੋਨੇ ਦੀ ਫ਼ਸਲ ’ਤੇ ਬਿਲਕੁਲ ਹੀ ਨਾ-ਮਾਤਰ ਹੈ,ਪਰ ਐਡੀ ਵੱਡੀ ਗੱਲ ਨਹੀਂ ਕਿ ਇਸ ਤੋਂ ਘਬਰਾ ਕੇ ਕਿਸਾਨਾਂ ਨੂੰ ਅੰਨ੍ਹੇਵਾਹ ਸਪਰੇਆਂ ਛਿੜਕਣ ਲੱਗ ਜਾਣ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਖੇਤਾਂ ਵਿਚ ਜਾਣ ਅਤੇ ਜੇ ਉਹ ਹਮਲੇ ਨੂੰ ਜ਼ਿਆਦਾ ਸਮਝਦੇ ਹਨ ਤਾਂ ਉਹ ਤੁਰੰਤ ਖੇਤੀ ਵਿਭਾਗ ਦੇ ਮਾਹਿਰਾਂ ਨਾਲ ਸਲਾਹ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਦਵਾਈ ਵਿਕਰੇਤਾਵਾਂ ਦੇ ਪਿੱਛੇ ਲੱਗ ਕੇ ਬਿਲਕੁਲ ਸਪਰੇਆਂ ਨਾ ਕਰਨ। ਇਸੇ ਦੌਰਾਨ ਹੀ ਇਸ ਸੁੰਡੀ ਨੂੰ ਲੈ ਕੇ ਖੇਤੀ ਮਾਹਿਰਾਂ ਨੇ ਦੱਸਿਆ ਕਿ ਪੱਤਾ ਲਪੇਟ ਸੁੰਡੀ ਦਾ ਹਮਲਾ ਜੁਲਾਈ ਤੋਂ ਅਕਤੂਬਰ ਤੱਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੱਤਾ ਲਪੇਟ ਸੁੰਡੀ ਪੱਤੇ ਨੂੰ ਲਪੇਟ ਲੈਂਦੀ ਹੈ ਅਤੇ ਅੰਦਰੋ-ਅੰਦਰ ਹਰਾ ਮਾਦਾ ਖਾਈ ਜਾਂਦੀ ਹੈ, ਜਿਸ ਨਾਲ ਪੱਤਿਆਂ ਉਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ।