ਉਦਯੋਗਪਤੀਆਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ: ਔਲਖ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 23 ਅਕਤੂਬਰ
ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਫੋਕਲ ਪੁਆਇੰਟ ਦੇ ਉਦਯੋਗਪਤੀਆਂ ਨੂੰ ਕਿਸੇ ਕਿਸਮ ਦੀ ਦਿਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅੱਜ ਫੋਕਲ ਪੁਆਇੰਟ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਪ੍ਰਧਾਨ ਸੰਦੀਪ ਖੋਸਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਫੋਕਲ ਪੁਆਇੰਟ ਵਿੱਚ ਆ ਰਹੀਆਂ ਮੁਸ਼ਕਲਾਂ ਸਬੰਧੀ ਚਰਚਾ ਕੀਤੀ।
ਨਿਗਮ ਕਮਿਸ਼ਨਰ ਔਲਖ ਨੇ ਫੋਕਲ ਪੁਆਇੰਟ ਦੇ ਸਨਅਤਕਾਰਾਂ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਰਕ ਆਰਡਰ ਜਾਰੀ ਕਰ ਦਿੱਤੇ ਗਏ ਹਨ। ਫੋਕਲ ਪੁਆਇੰਟ ਦੀਆਂ ਸੜਕਾਂ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਤੋਂ ਬਾਅਦ ਸੜਕਾਂ ਦੇ ਦੋਵੇਂ ਪਾਸੇ ਪੰਜ ਫੁਟ ਇੰਟਰਲਾਕਿੰਗ ਟਾਈਲਾਂ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਸੀਵਰੇਜ ਲਈ ਚੈਂਬਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਸਟਰੀਟ ਲਾਈਟ ਨਾਲ ਸਬੰਧਤ ਫੋਕਲ ਪੁਆਇੰਟ ਦੇ ਜੋ ਪੁਰਾਣੇ ਖੰਭੇ ਡਿੱਗ ਚੁੱਕੇ ਹਨ ਜਾਂ ਟੇਢੇ ਹੋ ਗਏ ਹਨ, ਉਨ੍ਹਾਂ ਸਟਰੀਟ ਲਾਈਟਾਂ ਦਾ ਕੰਮ ਵੀ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਸੀਵਰੇਜ ਦੀ ਸਫ਼ਾਈ ਦਾ ਕੰਮ ਭਲਕ ਤੋਂ ਸ਼ੁਰੂ ਹੋ ਜਾਵੇਗਾ।
ਨਿਗਮ ਕਮਿਸ਼ਨਰ ਨੇ ਦੱਸਿਆ ਕਿ ਨਿਗਮ ਨੇ ਜਿਸ ਕੰਪਨੀ ਨੂੰ ਘਰ-ਘਰ ਕੂੜਾ ਚੁੱਕਣ ਦਾ ਠੇਕਾ ਦਿੱਤਾ ਹੈ, ਉਹ ਜਲਦੀ ਹੀ ਕੂੜਾ ਚੁੱਕਣ ਲਈ ਕਮਰਸ਼ੀਅਲ ਵਾਹਨ ਫੋਕਲ ਪੁਆਇੰਟ ਭੇਜੇਗੀ।