ਸਨਅਤਕਾਰਾਂ ਵੱਲੋਂ ਮਿਕਸ ਲੈਂਡ ਯੂਜ਼ ਦੇ ਮੁੱਦੇ ’ਤੇ ਸੰਘਰਸ਼ ਦੀ ਚਿਤਾਵਨੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਜੁਲਾਈ
ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ ਵੱਲੋਂ ਮਿਕਸ ਲੈਂਡ ਯੂਜ਼ ਦੇ ਮੁੱਦੇ ਤੇ ਸਮੂਹ ਐਸ਼ੋਸੀਏਸਨਾਂ ਦੀ ਸੱਦੀ ਸਾਂਝੀ ਮੀਟਿੰਗ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਵੱਲੋਂ ਮਿਕਸ ਲੈਂਡ ਯੂਜ਼ ਵਾਲੇ ਸਨਅਤਕਾਰਾਂ ਨੂੰ ਰਾਹਤ ਦੇਣ ਲਈ ਇਸ ਦੀ ਸਤੰਬਰ ਵਿੱਚ ਖ਼ਤਮ ਹੋ ਰਹੀ ਮਿਆਦ ਨੂੰ ਨਾ ਵਧਾਇਆ ਤਾਂ ਸਮੁੱਚੀ ਇੰਡਸਟਰੀ ਵੱਲ਼ੋਂ ਇਕਜੁੱਟ ਹੋ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ। ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਦਰਜਨ ਦੇ ਕਰੀਬ ਐਸੋਸੀਏਸ਼ਨ ਦੇ ਪ੍ਰਧਾਨਾਂ ਅਤੇ ਜਨਤਾ ਨਗਰ ਦੇ ਕਾਰਖਾਨੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਈਸ਼ਵਰਜੋਤ ਸਿੰਘ ਚੀਮਾ ਵੀ ਸ਼ਾਮਿਲ ਹੋਏ। ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਮਿਕਸ ਲੈਡ ਯੂਜ ਦੀਆਂ ਫੈਕਟਰੀਆਂ ਉਜੜਨ ਨਹੀਂ ਦਿੱਤੀਆ ਜਾਣਗੀਆਂ ਚਾਹੇ ਇਸ ਲਈ ਸੰਘਰਸ਼ ਦਾ ਕੋਈ ਵੀ ਰਾਹ ਕਿਉਂ ਨਾ ਅਪਣਾਉਣਾ ਪਵੇ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇ ਸਰਕਾਰ ਨੇ ਇਸ ਬਾਰੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਅਫ਼ਸਰਸ਼ਾਹੀ ਨੂੰ ਚਿਤਾਵਨੀ ਦਿੱਤੀ ਕਿ ਜੇ ਕਿਸੇ ਵੀ ਅਫ਼ਸਰ ਨੇ ਕਾਰਖਾਨੇਦਾਰ ਦੀ ਫੈਕਟਰੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨਤੀਜੇ ਭੁਗਤਾਨ ਲਈ ਤਿਆਰ ਰਹਿਣ। ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫੈਕਚਰਰਜ ਐਸੋਸੀਏਸ਼ਨ ਦੇ ਪ੍ਰਧਾਨ ਡੀਐਸ ਚਾਵਲਾ, ਸਾਬਕਾ ਪ੍ਰਧਾਨ ਚਰਨਜੀਤ ਸਿੰਘ ਵਿਸ਼ਵਕਰਮਾ ਅਤੇ ਅਵਤਾਰ ਸਿੰਘ ਭੋਗਲ ਨੇ ਕਿਹਾ ਕਿ ਸਮੁੱਚੀ ਇੰਡਸਟਰੀ ਇਸ ਹੱਕੀ ਮੰਗ ਨੂੰ ਮਨਵਾਉਣ ਲਈ ਇਕਜੁੱਟ ਹੈ ਅਤੇ ਫੈਕਟਰੀਆਂ ਬੰਦ ਕਰਵਾਉਣ ਲਈ ਜੇ ਕੋਈ ਵੀ ਅਫ਼ਸਰ ਆਇਆ ਤਾਂ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਸਵਿੰਦਰ ਸਿੰਘ ਹੁੂੰਝਣ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ ਪ੍ਰੀਤ, ਅਮਰੀਕ ਸਿੰਘ ਘੜਿਆਲ, ਕਰਮ ਸਿੰਘ ਮਠਾੜੂ, ਵਲੈਤੀ ਰਾਮ, ਜਸਵੰਤ ਸਿੰਘ ਪਨੇਸਰ, ਰਜਿੰਦਰ ਸਿੰਘ ਕਲਸੀ, ਕੁਲਦੀਪ ਸਿੰਘ ਮਹੋਲੀ, ਹਰਭਜਨ ਸਿੰਘ ਕੈਂਥ, ਹਰਜੀਤ ਸਿੰਘ ਪਨੇਸਰ, ਦਵਿੰਦਰ ਭਟਨਾਗਰ, ਸਵਰਨ ਸਿੰਘ ਮੱਕੜ ਅਤੇ ਬਲਬੀਰ ਸਿੰਘ ਰਾਜਾ ਹਾਜ਼ਰ ਸਨ।