ਨਿੱਤ ਹੋ ਰਹੀਆਂ ਲੁੱਟਾਂ-ਖੋਹਾਂ ਤੋਂ ਸਨਅਤਕਾਰ ਔਖੇ
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 7 ਸਤੰਬਰ
ਕਸਬੇ ਵਿੱਚ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਲੁਟੇਰਿਆਂ ਵੱਲੋਂ ਰੋਜ਼ਾਨਾ ਕੀਤੀਆਂ ਜਾ ਰਹੀਆ ਲੁੱਟਾਂ-ਖੋਹਾਂ ਤੋਂ ਦੁਖੀ ਫੋਕਲ ਪੁਆਇੰਟ ਵਾਸੀਆ ਨੇ ਸਥਾਨਕ ਗੋਇੰਦਵਾਲ ਇੰਡਸਟਰੀ ਡਿਵੈਲਪਮੈਂਟ ਐਸੋਸੀਏਸ਼ਨ ਦੀ ਅਗਵਾਈ ਹੇਠ ਡੀਐੱਸਪੀ ਸਬ-ਡਿਵੀਜ਼ਨ ਗੋਇੰਦਵਾਲ ਸਾਹਿਬ ਰਵੀਸ਼ੇਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਅਤੇ ਲੁਟੇਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਸਨਅਤਕਾਰਾਂ ਨੇ ਕਿਹਾ ਕਿ ਕਸਬਾ ਗੋਇੰਦਵਾਲ ਸਾਹਿਬ ਦੇ ਫੋਕਲ ਪੁਆਇੰਟ ਵਿੱਚ ਪੁਲੀਸ ਸੁਰੱਖਿਆ ਨਾ ਹੋਣ ਕਾਰਨ ਲੁਟੇਰਿਆਂ ਵੱਲੋਂ ਬੇਖੌਫ਼ ਹੋ ਕੇ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਬੀਤੇ ਕੁਝ ਦਿਨਾਂ ਵਿੱਚ ਲੁਟੇਰਿਆਂ ਨੇ ਫੋਕਲ ਪੁਆਇੰਟ ਸਥਿਤ ਮੰਡਲ ਕਰਿਆਨਾ ਸਟੋਰ ਤੋਂ ਲੁੱਟ ਕੀਤੀ। ਇਸ ਦੌਰਾਨ ਲੁਟੇਰਿਆ ਨੇ ਦੁਕਾਨਦਾਰ ਉਪਰ ਗੋਲੀ ਵੀ ਚਲਾਈ। ਇਸੇ ਤਰ੍ਹਾਂ ਜਯੋਤੀ ਡਰੱਗਜ਼ ਐਂਡ ਕੈਮੀਕਲ ਫੈਕਟਰੀ ਵਿੱਚ ਵੀ ਰਾਤ ਸਮੇਂ ਚੋਰਾਂ ਨੇ ਦਾਖ਼ਲ ਹੋਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ ਕੀਤੀ। ਸਨਅਤਕਾਰਾਂ ਨੇ ਕਿਹਾ ਕਿ ਕਿ ਚੋਰਾਂ ਅਤੇ ਲੁਟੇਰਿਆਂ ਦੇ ਖੌਫ ਕਾਰਨ ਉਨ੍ਹਾਂ ਦੇ ਵਰਕਰ ਅਤੇ ਉਹ ਖੁਦ ਪ੍ਰੇਸ਼ਾਨ ਹਨ। ਇਸ ਮੌਕੇ ਚੇਅਰਮੈਨ ਗੁਰਿੰਦਰ ਪਾਲ ਸਿੰਘ, ਪ੍ਰਧਾਨ ਰਣਜੀਤ ਸਿੰਘ ਭੁੱਲਰ, ਮੀਤ ਪ੍ਰਧਾਨ ਸੁਖਵੰਤ ਸਿੰਘ ਗੋਧਰਾ, ਮੈਂਬਰ ਪੰਚਾਇਤ ਹਰਚਰਨ ਸਿੰਘ ਭੁੱਲਰ, ਮਨਜੀਤ ਸਿੰਘ ਰੰਧਾਵਾ, ਭੁਪਿੰਦਰ ਸਿੰਘ ਰੰਧਾਵਾ, ਸੁਖਦੇਵ ਸਿੰਘ ਤੱਗੜ, ਕਰਨਲ ਅਮਰਜੀਤ ਸਿੰਘ, ਸਾਬ ਸਿੰਘ ਰਤੋਕੇ, ਸੁਖਵਿੰਦਰ ਸਿੰਘ ਧਾਲੀਵਾਲ ਅਤੇ ਹੋਰ ਹਾਜ਼ਰ ਸਨ।