For the best experience, open
https://m.punjabitribuneonline.com
on your mobile browser.
Advertisement

ਸਨਅਤੀ ਪਲਾਟ ਅਲਾਟਮੈਂਟ ਘਪਲਾ: ਐੱਸਡੀਓ ਵੱਲੋਂ ਅਦਾਲਤਵਿੱਚ ਆਤਮ ਸਮਰਪਣ

08:45 AM Jul 24, 2024 IST
ਸਨਅਤੀ ਪਲਾਟ ਅਲਾਟਮੈਂਟ ਘਪਲਾ  ਐੱਸਡੀਓ ਵੱਲੋਂ ਅਦਾਲਤਵਿੱਚ ਆਤਮ ਸਮਰਪਣ
Advertisement

ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 23 ਜੁਲਾਈ
ਪੰਜਾਬ ਵਿਜੀਲੈਂਸ ਬਿਊਰੋ ਨੂੰ ਸਨਅਤੀ ਪਲਾਟਾਂ ਦੀ ਅਲਾਟਮੈਂਟ ਵਿੱਚ ਬੇਨੇਮੀਆਂ ਦੇ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਅਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀਐੱਸਆਈਈਸੀ) ਦੇ ਉਪ ਮੰਡਲ ਇੰਜਨੀਅਰ (ਐੱਸਡੀਓ) ਸਵਤੇਜ ਸਿੰਘ ਨੇ ਅੱਜ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਸਨਅਤੀ ਪਲਾਟ ਘਪਲੇ ਸਬੰਧੀ ਵਿਜੀਲੈਂਸ ਦੇ ਮੁਹਾਲੀ ਸਥਿਤ ਫਲਾਇੰਗ ਸਕੁਐਡ-1 ਥਾਣੇ ਵਿੱਚ ਬੀਤੀ 8 ਮਾਰਚ ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਉਕਤ ਅਧਿਕਾਰੀ ਹੁਣ ਤੱਕ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ ਪਰ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਵਿਜੀਲੈਂਸ ਵੱਲੋਂ ਐੱਸਡੀਓ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।
ਵਿਜੀਲੈਂਸ ਦੀ ਮੁੱਢਲੀ ਜਾਂਚ ਮੁਤਾਬਕ ਮੁਲਜ਼ਮ ਸਵਤੇਜ ਸਿੰਘ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਗੁਰਤੇਜ ਸਿੰਘ ਦੇ ਨਾਂ ’ਤੇ ਮੈਸਰਜ਼ ਗੁਰਤੇਜ ਇੰਡਸਟਰੀਜ਼ ਨਾਂ ਦੀ ਫਰਜ਼ੀ ਫਰਮ ਬਣਾਈ ਹੋਈ ਸੀ। ਉਸ ਨੇ ਆਪਣੇ ਪੁੱਤਰ ਮਨਰੂਪ ਸਿੰਘ ਅਤੇ ਕੁਝ ਹੋਰ ਰਿਸ਼ਤੇਦਾਰਾਂ ਦੇ ਖਾਤਿਆਂ ’ਚੋਂ ਪੈਸੇ ਪੀਐੱਸਆਈਈਸੀ ਨੂੰ ਟਰਾਂਸਫਰ ਕਰ ਕੇ ਉਕਤ ਫ਼ਰਮ ਦੇ ਨਾਂ ’ਤੇ ਪਲਾਟ ਨੰਬਰ-ਏ-394, ਇੰਡਸਟਰੀਅਲ ਫੋਕਲ ਪੁਆਇੰਟ, ਅੰਮ੍ਰਿਤਸਰ ਵਿੱਚ ਅਲਾਟ ਕਰ ਦਿੱਤਾ ਸੀ। ਮੁਲਜ਼ਮ ਅਧਿਕਾਰੀ ਵੱਲੋਂ ਅੱਜ ਖ਼ੁਦ ਹੀ ਅਦਾਲਤ ਵਿੱਚ ਪੇਸ਼ ਹੋਣ ਦੀ ਸੂਚਨਾ ਮਿਲਣ ’ਤੇ ਵਿਜੀਲੈਂਸ ਦੀ ਜਾਂਚ ਟੀਮ ਵੀ ਅਦਾਲਤ ਵਿੱਚ ਪਹੁੰਚ ਗਈ ਅਤੇ ਰਸਮੀ ਤੌਰ ’ਤੇ ਐੱਸਡੀਓ ਦੀ ਗ੍ਰਿਫ਼ਤਾਰੀ ਪਾਈ ਗਈ। ਵਿਜੀਲੈਂਸ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰ ਕੇ ਮੁਲਜ਼ਮ ਅਧਿਕਾਰੀ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਉਸ ਕੋਲੋਂ ਸਨਅਤੀ ਪਲਾਟ ਘਪਲੇ ਸਬੰਧੀ ਵੱਖ-ਵੱਖ ਪਹਿਲੂਆਂ ’ਤੇ ਪੁੱਛ-ਪੜਤਾਲ ਕੀਤੀ ਜਾਣੀ ਹੈ ਜਿਸ ’ਤੇ ਅਦਾਲਤ ਨੇ ਸਵਤੇਜ ਸਿੰਘ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਐੱਸਡੀਓ ਦੇ ਪੁੱਤਰ ਸਮੇਤ ਸਬੰਧਤ ਉਨ੍ਹਾਂ ਸਾਰੇ ਰਿਸ਼ਤੇਦਾਰਾਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾਵੇਗੀ, ਜਿਨ੍ਹਾਂ ਨੇ ਸਨਅਤੀ ਪਲਾਟ ਦੀ ਅਲਾਟਮੈਂਟ ਸਬੰਧੀ ਪੈਸਿਆਂ ਦਾ ਭੁਗਤਾਨ ਕੀਤਾ ਸੀ। ਇਸ ਮਾਮਲੇ ਵਿੱਚ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਸਾਬਕਾ ਉਦਯੋਗ ਮੰਤਰੀ ਅਤੇ ਭਾਜਪਾ ਆਗੂ ਸ਼ਾਮ ਸੁੰਦਰ ਅਰੋੜਾ ਸਮੇਤ ਕਈ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

Advertisement
Advertisement
Author Image

joginder kumar

View all posts

Advertisement