ਭਾਰਤ ਦਾ ਅਹਿਮ ਭਾਈਵਾਲ ਹੈ ਇੰਡੋਨੇਸ਼ੀਆ: ਮੋਦੀ
* ਰੱਖਿਆ ਤੇ ਵਪਾਰਕ ਰਿਸ਼ਤਿਆਂ ਨੂੰ ਹੁਲਾਰਾ ਦੇਣ ਦਾ ਫੈਸਲਾ, ਸਾਗਰੀ ਸੁਰੱਖਿਆ ਬਾਰੇ ਸਮਝੌਤਾ ਸਹੀਬੰਦ
ਨਵੀਂ ਦਿੱਲੀ, 25 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪਰਾਬੋਵੋ ਸੂਬਿਆਂਤੋ ਦੀ ਮੇਜ਼ਬਾਨੀ ਦੌਰਾਨ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਭਾਰਤ ਤੇ ਇੰਡੋਨੇਸ਼ੀਆ ਨੇ ਦੁਵੱਲੇ ਰਿਸ਼ਤਿਆਂ ਨੂੰ ਨਵੀਂ ਰਫ਼ਤਾਰ ਦੇਣ ਦੇ ਨਾਲ ਖਾਸ ਕਰਕੇ ਰੱਖਿਆ ਉਤਪਾਦਨ ਤੇ ਸਪਲਾਈ ਚੇਨਾਂ ਦੇ ਖੇਤਰਾਂ ਵਿਚ ਮਿਲ ਕੇ ਕੰਮ ਕਰਨ ਦੀ ਸਹਿਮਤੀ ਦਿੱਤੀ ਹੈ। ਇਸ ਦੌਰਾਨ ਦੋਵਾਂ ਮੁਲਕਾਂ ਦਰਮਿਆਨ ਸਾਗਰੀ ਸੁਰੱਖਿਆ ਬਾਰੇ ਸਮਝੌਤਾ ਸਹੀਬੰਦ ਕੀਤਾ ਗਿਆ ਜਿਸ ਨਾਲ ਅਪਰਾਧ ਰੋਕਣ, ਤਲਾਸ਼ੀ ਤੇ ਰਾਹਤ ਅਤੇ ਸਮਰੱਥਾ ਵਧਾਉਣ ਵਿਚ ਸਹਿਯੋਗ ਨੂੰ ਮਜ਼ਬੂਤੀ ਮਿਲੇਗੀ। ਸੂਬਿਆਂਤੋ, ਜੋ ਤਿੰਨ ਰੋਜ਼ਾ ਫੇਰੀ ਲਈ ਭਾਰਤ ਵਿਚ ਹਨ, ਐਤਵਾਰ ਨੂੰ ਕਰਤੱਵਿਆ ਪਥ ’ਤੇ ਹੋਣ ਵਾਲੇ ਗਣਤੰਤਰ ਦਿਵਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇੰਡੋਨੇਸ਼ਿਆਈ ਰਾਸ਼ਟਰਪਤੀ ਨਾਲ ਗੱਲਬਾਤ ਮਗਰੋਂ ਸ੍ਰੀ ਮੋਦੀ ਨੇ ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿਚ ਕਿਹਾ ਕਿ ਇੰਡੋਨੇਸ਼ੀਆ 10 ਮੁਲਕੀ ਆਸੀਆਨ ਗੱਠਜੋੜ ਸਣੇ ਹਿੰਦ ਪ੍ਰਸ਼ਾਂਤ ਖਿੱਤੇ ਵਿਚ ਭਾਰਤ ਦਾ ‘ਅਹਿਮ ਭਾਈਵਾਲ’ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਮੁਲਕ ਖਿੱਤੇ ਵਿਚ ਨੇਮ ਅਧਾਰਿਤ ਹੁਕਮਾਂ ਦੀ ਪਾਲਣਾ ਲਈ ਵਚਨਬੱਧ ਹਨ। ਸ੍ਰੀ ਮੋਦੀ ਨੇ ਹਿੰਦ-ਪ੍ਰਸ਼ਾਂਤ ਖਿੱਤੇ ਵਿਚ ਚੀਨੀ ਫੌਜੀ ਦੇ ਵਧਦੇ ਹਮਲਾਵਰ ਰੁਖ਼ ਨਾਲ ਜੁੜੇ ਆਲਮੀ ਫ਼ਿਕਰਾਂ ਦਰਮਿਆਨ ਕਿਹਾ, ‘‘ਅਸੀਂ ਸਹਿਮਤੀ ਦਿੱਤੀ ਹੈ ਕਿ ਨੈਵੀਗੇਸ਼ਨ ਦੀ ਆਜ਼ਾਦੀ ਨੂੰ ਕੌਮਾਂਤਰੀ ਕਾਨੂੰਨਾਂ ਦੀ ਤਰਜ਼ ’ਤੇ ਯਕੀਨੀ ਬਣਾਇਆ ਜਾਵੇ। ਅਸੀਂ ਆਪਣੇ ਦੁਵੱਲੇ ਰਿਸ਼ਤਿਆਂ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਆਪਕ ਵਿਚਾਰ ਚਰਚਾ ਕੀਤੀ।’’ ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਨੇ ਰੱਖਿਆ ਉਤਪਾਦਨ ਤੇ ਸਪਲਾਈ ਚੇਨਾਂ ਬਾਰੇ ਮਿਲ ਕੇ ਕੰਮ ਕਰਨ ਦੀ ਸਹਿਮਤੀ ਦਿੱਤੀ ਹੈ। -ਪੀਟੀਆਈ