ਇੰਡੋਨੇਸ਼ੀਆ: ਮੀਂਹ ਤੇ ਹੜ੍ਹਾਂ ਕਾਰਨ 37 ਮੌਤਾਂ, ਕਈ ਲਾਪਤਾ
ਪਡਾਂਗ (ਇੰਡੋਨੇਸ਼ੀਆ), 12 ਮਈ
ਇੰਡੋਨੇਸ਼ੀਆ ਦੇ ਸੁਮਾਟਰਾ ਟਾਪੂ ’ਤੇ ਜ਼ੋਰਦਾਰ ਮੀਂਹ ਅਤੇ ਜਵਾਲਾਮੁਖੀ ਦੀਆਂ ਢਲਾਣਾਂ ਤੋਂ ਵਹਿਣ ਵਾਲੇ ਠੰਢੇ ਲਾਵੇ ਤੇ ਚਿੱਕੜ ਕਾਰਨ ਅਚਾਨਕ ਆਏ ਹੜ੍ਹ ਵਿੱਚ ਘੱਟੋ-ਘੱਟ 37 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਡੇਢ ਦਰਜਨ ਲਾਪਤਾ ਹਨ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਪੱਛਮੀ ਸੁਮਾਟਰਾ ਦੇ ਅਗਮ ਤੇ ਤਨਹਾ ਦਾਤਾਰ ਜ਼ਿਲ੍ਹਿਆਂ ਵਿੱਚ ਮੌਨਸੂਨੀ ਮੀਂਹ ਅਤੇ ਮਾਊਂਟੀ ਮਾਰਾਪੀ ’ਤੇ ਵਹਿ ਰਹੇ ਠੰਢੇ ਲਾਵੇ ਕਾਰਨ ਸ਼ਨਿਚਰਵਾਰ ਰਾਤ ਨੂੰ ਦਰਿਆ ਦੇ ਕੰਢੇ ਟੁੱਟ ਗਏ ਅਤੇ ਪਾਣੀ ਦਾ ਵਹਾਅ ਪਹਾੜੀ ਪਿੰਡਾਂ ਨੂੰ ਚੀਰਦਾ ਹੋਇਆ ਅੱਗੇ ਵਧ ਗਿਆ। ਕੌਮੀ ਆਫਤ ਪ੍ਰਬੰਧਨ ਏਜੰਸੀ ਦੇ ਤਰਜਮਾਨ ਅਬਦੁਲ ਮੁਹਾਰੀ ਨੇ ਦੱਸਿਆ ਕਿ ਇਨ੍ਹਾਂ ਹੜ੍ਹਾਂ ਨੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਸੌ ਤੋਂ ਵੱਧ ਘਰ ਤੇ ਇਮਾਰਤਾਂ ਡੁੱਬ ਗਈਆਂ। ਮੁਹਾਰੀ ਨੇ ਦੱਸਿਆ ਕਿ ਬਚਾਅ ਕਰਮੀਆਂ ਨੇ ਅਗਮ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਕੇਨਡੌਂਗ ਪਿੰਡ ਵਿੱਚੋਂ 19 ਅਤੇ ਗੁਆਂਢੀ ਜ਼ਿਲ੍ਹੇ ਤਨਾਹ ਦਾਤਾਰ ਵਿੱਚੋਂ ਨੌਂ ਲਾਸ਼ਾਂ ਬਰਾਮਦ ਕੀਤੀਆਂ ਹਨ। ਏਜੰਸੀ ਨੇ ਦੱਸਿਆ ਕਿ ਅੱਠ ਲਾਸ਼ਾਂ ਪਡਾਂਗ ਪੈਰਿਆਮਨ ਵਿੱਚ ਚਿੱਕੜ ਵਿੱਚੋਂ ਕੱਢੀਆਂ ਗਈਆਂ ਹਨ, ਜਦੋਂਕਿ ਇੱਕ ਲਾਸ਼ ਪਡਾਂਗ ਪੰਜਾਂਗ ਸ਼ਹਿਰ ਤੋਂ ਮਿਲੀ ਹੈ। ਉਨ੍ਹਾਂ ਦੱਸਿਆ ਕਿ 18 ਲੋਕ ਲਾਪਤਾ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਠੰਢਾ ਲਾਵਾ ਨੂੰ ‘ਲਹਿਰ’ ਵੀ ਕਿਹਾ ਜਾਂਦਾ ਹੈ। ਇਹ ਜਵਾਲਾਮੁਖੀ ਸਮੱਗਰੀ ਅਤੇ ਕੰਕਰਾਂ ਦਾ ਮਿਸ਼ਰਨ ਹੈ ਜੋ ਮੀਂਹ ਵਿੱਚ ਜਵਾਲਾਮੁਖੀ ਦੀਆਂ ਢਲਾਣਾਂ ਤੋਂ ਹੇਠਾਂ ਵਹਿੰਦਾ ਰਹਿੰਦਾ ਹੈ। -ਏਪੀ
ਬ੍ਰਾਜ਼ੀਲ: ਮੀਂਹ ਕਾਰਨ ਮ੍ਰਿਤਕਾਂ ਦੀ ਗਿਣਤੀ 143 ਹੋਈ
ਰੀਓ ਡੀ ਜਨੈਰੀਓ: ਬ੍ਰਾਜ਼ੀਲ ਦੇ ਰੀਓ ਗਰੈਂਡ ਡੂ ਸੂਲ ਸੂਬੇ ਵਿੱਚ ਭਾਰੀ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ 136 ਤੋਂ ਵੱਧ ਕੇ 143 ਹੋ ਗਈ ਹੈ। ਸਥਾਨਕ ਸਿਵਲ ਡਿਫੈਂਸ ਸਰਕਾਰੀ ਸੰਸਥਾ ਨੇ ਕਿਹਾ ਕਿ 125 ਲੋਕ ਹਾਲੇ ਵੀ ਲਾਪਤਾ ਹਨ। ਮੀਂਹ ਕਾਰਨ ਸੂਬੇ ਵਿੱਚ ਇੱਕ ਕਰੋੜ ਨੌਂ ਲੱਖ ਦੀ ਆਬਾਦੀ ਵਿੱਚੋਂ 5,37000 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਉਧਰ, ਸਰਕਾਰ ਨੇ ਇਸ ਸੰਕਟ ਨਾਲ ਨਜਿੱਠਣ ਲਈ ਐਮਰਜੈਂਸੀ ਖਰਚ ਲਈ ਲਗਪਗ 2.34 ਡਾਲਰ ਦੇਣ ਦਾ ਐਲਾਨ ਕੀਤਾ ਹੈ। -ਰਾਇਟਰਜ਼