ਆਮ ਚੋਣਾਂ ਮਗਰੋਂ ਸੁਧਰ ਸਕਦੇ ਨੇ ਭਾਰਤ-ਪਾਕਿ ਸਬੰਧ: ਆਸਿਫ਼
ਇਸਲਾਮਾਬਾਦ, 2 ਅਪਰੈਲ
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਭਾਰਤ ਵਿੱਚ ਆਮ ਚੋਣਾਂ ਮਗਰੋਂ ਗੁਆਂਢੀ ਦੇਸ਼ ਨਾਲ ਰਿਸ਼ਤੇ ਬਿਹਤਰ ਹੋਣ ਦੀ ਉਮੀਦ ਪ੍ਰਗਟਾਈ ਹੈ। ਆਸਿਫ਼ ਦੀ ਟਿੱਪਣੀ ਤੋਂ ਕੁਝ ਦਿਨ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਿੰਗਾਪੁਰ ਵਿੱਚ ਕਿਹਾ ਸੀ ਕਿ ਪਾਕਿਸਤਾਨ ‘ਅਤਿਵਾਦ ਦੀ ਫੈਕਟਰੀ’ ਚਲਾ ਰਿਹਾ ਹੈ ਅਤੇ ਭਾਰਤ ਦਾ ਇਰਾਦਾ ਅਤਿਵਾਦੀਆਂ ਨੂੰ ਹੁਣ ਹੋਰ ਨਜ਼ਰਅੰਦਾਜ਼ ਕਰਨ ਦਾ ਨਹੀਂ ਹੈ। ਇਸ ਲਈ ਉਹ ਹੁਣ ਇਸ ਸਮੱਸਿਆ ਨੂੰ ਅਣਗੌਲਿਆਂ ਨਹੀਂ ਕਰੇਗਾ। ਇਸਲਾਮਾਬਾਦ ਵਿੱਚ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸਿਫ਼ ਨੇ ਅੱਜ ਕਿਹਾ, ‘‘ਭਾਰਤ ਵਿੱਚ ਚੋਣਾਂ ਮਗਰੋਂ ਉਸ ਨਾਲ ਸਾਡੇ ਸਬੰਧ ਬਿਹਤਰ ਹੋ ਸਕਦੇ ਹਨ।’’ ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਸਬੰਧਾਂ ਦੀ ਆਪਣੀ ‘ਪਿੱਠਭੂਮੀ’ ਹੈ। ਭਾਰਤ ਵੱਚ 543 ਲੋਕ ਸਭਾ ਸੀਟਾਂ ਲਈ 19 ਅਪਰੈਲ ਤੋਂ ਚਾਰ ਜੂਨ ਦਰਮਿਆਨ ਸੱਤ ਗੇੜਾਂ ਵਿੱਚ ਚੋਣਾਂ ਹੋਣਗੀਆਂ। ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਵਾਲੇ ਸਬੰਧਾਂ ਦਾ ਲੰਬਾ ਇਤਿਹਾਸ ਰਿਹਾ ਹੈ ਜਿਸ ਦਾ ਮੁੱਖ ਕਾਰਨ ਕਸ਼ਮੀਰ ਮੁੱਦਾ ਤੇ ਨਾਲ ਹੀ ਪਾਕਿਸਤਾਨ ਦੀ ਧਰਤੀ ਤੋਂ ਚਲਾਇਆ ਜਾ ਰਿਹਾ ਅਤਿਵਾਦ ਹੈ। -ਪੀਟੀਆਈ
ਨਵਾਜ਼ ਸ਼ਰੀਫ਼ ਵੱਲੋਂ ਇੱਕ ਹੋਰ ਸਰਕਾਰੀ ਮੀਟਿੰਗ ਦੀ ਪ੍ਰਧਾਨਗੀ
ਲਾਹੌਰ: ਆਲੋਚਨਾਵਾਂ ਤੋਂ ਬੇਪ੍ਰਵਾਹ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਆਪਣੀ ਧੀ ਤੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨਾਲ ਇੱਕ ਹੋਰ ਪ੍ਰਸ਼ਾਸਕੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ। ਪਾਕਿਸਤਾਨ ਦੇ ਮੀਡੀਆ ਵਿੱਚ ਅੱਜ ਇਹ ਜਾਣਕਾਰੀ ਦਿੱਤੀ ਗਈ ਹੈ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ, ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਸੁਪਰੀਮੋ ਨਵਾਜ਼ ਸ਼ਰੀਫ਼ ਨੇ ਬੀਤੇ ਦਿਨ ਸੂਬੇ ਨੂੰ ਖੇਤੀਬਾੜੀ ਖੇਤਰ ਵਿੱਚ ਦਰਪੇਸ਼ ਮਸਲਿਆਂ ਦੀ ਸਮੀਖਿਆ ਸਬੰਧੀ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ ਹੈ। ਉਹ ਸੂਬੇ ਜਾਂ ਸੰਘੀ ਸਰਕਾਰ ਦੇ ਕਿਸੇ ਅਧਿਕਾਰਿਤ ਅਹੁਦੇ ’ਤੇ ਤਾਇਨਾਤ ਨਹੀਂ ਹਨ। -ਪੀਟੀਆਈ