ਇੰਦਰਾ ਨੇ ਗ਼ਰੀਬੀ ਹਟਾਉਣ ਦਾ ਵਾਅਦਾ ਕੀਤਾ ਸੀ ਪਰ ਕੁਝ ਨਹੀਂ ਬਦਲਿਆ: ਸ਼ਾਹ
ਭੰਡਾਰਾ (ਮਹਾਰਾਸ਼ਟਰ), 14 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ’ਚੋਂ ਗ਼ਰੀਬੀ ਖ਼ਤਮ ਕਰਨ ਦੇ ਸੰਕਲਪ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ’ਤੇ ਇਹ ਕਹਿੰਦੇ ਹੋਏ ਤਨਜ਼ ਕੱਸਿਆ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਅਜਿਹਾ ਕਰਨ ਦਾ ਵਾਅਦਾ ਕੀਤਾ ਸੀ ਪਰ ਨਾ ਤਾਂ ਉਨ੍ਹਾਂ ਦੇ ਕਾਰਜਕਾਲ ਵਿੱਚ ਅਤੇ ਨਾ ਹੀ ਬਾਅਦ ਵਿੱਚ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਸਰਕਾਰ ’ਚ ਅਜਿਹਾ ਕੁਝ ਹੋਇਆ। ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਦੇ ਸਾਕੋਲੀ ਕਸਬੇ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਭਾਜਪਾ ਸਿਆਸਤ ਵਿੱਚ ਹੈ, ਉਹ ਨਾ ਤਾਂ ਰੁਜ਼ਗਾਰ ਤੇ ਸਿੱਖਿਆ ਵਿੱਚ ਰਾਖਵਾਂਕਰਨ ਖ਼ਤਮ ਕਰੇਗੀ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੇਵੇਗੀ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪੁੱਤਰ ਤੇ ਧੀ ਮੋਹ ਕਰ ਕੇ ਹੀ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਵਿੱਚ ਪਾੜਾ ਪਿਆ ਹੈ। ਉਨ੍ਹਾਂ ਕਿਹਾ, ‘‘ਰਾਹੁਲ ਗਾਂਧੀ ਕਹਿੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਗ਼ਰੀਬੀ ਹਟਾਓ ਪ੍ਰੋਗਰਾਮ ਚਲਾਏਗੀ। ਉਹ ਪੜ੍ਹਦੇ ਨਹੀਂ ਹਨ ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹਾਂਗਾ ਕਿ ਉਨ੍ਹਾਂ ਦੀ ਦਾਦੀ ਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਇਹ ਵਾਅਦਾ ਕੀਤਾ ਸੀ।’’ ਸ਼ਾਹ ਨੇ ਕਿਹਾ, ‘‘ਉਹ (ਇੰਦਰਾ ਗਾਂਧੀ), ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਅਤੇ ਬਾਅਦ ਵਿੱਚ ਸੋਨੀਆ ਗਾਂਧੀ ਸਾਰੇ ਸੱਤਾ ਵਿੱਚ ਆਏ ਅਤੇ ਚਲੇ ਗਏ ਪਰ ਕੁਝ ਨਹੀਂ ਹੋਇਆ।’’ -ਪੀਟੀਆਈ