Indigo flight: ਸਾਊਦੀ ਅਰਬ ਜਾ ਰਿਹਾ ਜਹਾਜ਼ ਹੰਗਾਮੀ ਹਾਲਤ ’ਚ ਕਰਾਚੀ ਉਤਰਿਆ
ਕਰਾਚੀ, 14 ਦਸੰਬਰ
Emergency landing in Karachi: ਨਵੀਂ ਦਿੱਲੀ ਤੋਂ ਸਾਊਦੀ ਅਰਬ ਦੇ ਜੇਦਾਹ ਜਾ ਰਹੀ ਇੰਡੀਗੋ ਦੀ ਉਡਾਣ ਨੂੰ ਅੱਜ ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਮੈਡੀਕਲ ਐਮਰਜੈਂਸੀ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸਿਵਲ ਏਵੀਏਸ਼ਨ ਅਥਾਰਟੀ (ਸੀਏਏ) ਦੇ ਸੂਤਰਾਂ ਅਨੁਸਾਰ ਨਵੀਂ ਦਿੱਲੀ ਤੋਂ ਰਵਾਨਾ ਹੋਇਆ ਇਹ ਜਹਾਜ਼ ਪਾਕਿਸਤਾਨੀ ਹਵਾਈ ਖੇਤਰ ਵਿੱਚ ਪੁੱਜਿਆ ਹੀ ਸੀ ਕਿ ਇੱਕ ਯਾਤਰੀ ਦੀ ਹਾਲਤ ਗੰਭੀਰ ਹੋ ਗਈ। ਜੀਓ ਨਿਊਜ਼ ਮੁਤਾਬਕ 55 ਸਾਲਾ ਭਾਰਤੀ ਦੀ ਸਿਹਤ ਵਿਗੜਨ ਕਾਰਨ ਇੰਡੀਗੋ ਦੀ ਉਡਾਣ ਨੂੰ ਹੰਗਾਮੀ ਹਾਲਤ ਵਿਚ ਉਤਰਨਾ ਪਿਆ। ਇਸ ਤੋਂ ਪਹਿਲਾਂ ਜਹਾਜ਼ ਵਿਚ ਬਿਮਾਰ ਹੋਏ ਯਾਤਰੀ ਨੂੰ ਆਕਸੀਜ਼ਨ ਦਿੱਤੀ ਗਈ ਪਰ ਉਹ ਠੀਕ ਨਾ ਹੋਇਆ। ਇਸ ਤੋਂ ਬਾਅਦ ਪਾਇਲਟ ਨੇ ਕਰਾਚੀ ਹਵਾਈ ਅੱਡੇ ’ਤੇ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ। ਏਅਰ ਟ੍ਰੈਫਿਕ ਕੰਟਰੋਲ ਨੇ ਇੰਡੀਗੋ ਜਹਾਜ਼ ਨੂੰ ਕਰਾਚੀ ਵਿੱਚ ਉਤਰਨ ਦੀ ਇਜਾਜ਼ਤ ਦਿੱਤੀ ਜਿੱਥੇ ਇੱਕ ਮੈਡੀਕਲ ਟੀਮ ਨੇ ਯਾਤਰੀ ਨੂੰ ਇਲਾਜ ਮੁਹੱਈਆ ਕਰਵਾਇਆ। ਇਸ ਤੋਂ ਬਾਅਦ ਇਹ ਉਡਾਣ ਨਵੀਂ ਦਿੱਲੀ ਪਰਤ ਆਈ ਹੈ। ਪੀਟੀਆਈ