ਗੁਲਾਮ ਨਬੀ ਆਜ਼ਾਦ ਵੱਲੋਂ ਲੋਕ ਸਭਾ ਚੋਣ ਨਾ ਲੜਨ ਦੇ ਸੰਕੇਤ
ਜੰਮੂ, 17 ਫਰਵਰੀ
ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਸੰਕੇਤ ਦਿੱਤਾ ਹੈ ਕਿ ਉਹ ਆਉਣ ਵਾਲੀ ਲੋਕ ਸਭਾ ਚੋਣ ਨਹੀਂ ਲੜਨਗੇ। ਉਹ ਆਪਣੀ ਨਵੀਂ ਬਣੀ ਡੈਮੋਕਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀਪੀਏਪੀ) ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ। ਜ਼ਿਕਰਯੋਗ ਹੈ ਕਿ ਗੁਲਾਮ ਨਬੀ ਆਜ਼ਾਦ ਸਾਲ 2014 ਦੀ ਲੋਕ ਸਭਾ ਚੋਣ ਹਾਰ ਗਏ ਸਨ ਤੇ ਉਸ ਤੋਂ ਬਾਅਦ ਉਨ੍ਹਾਂ ਲੋਕ ਸਭਾ ਚੋਣ ਲੜਨ ਤੋਂ ਗੁਰੇਜ਼ ਕੀਤਾ ਹੈ। ਸ੍ਰੀ ਆਜ਼ਾਦ ਨੇ ਕਾਂਗਰਸ ਨਾਲ ਦਹਾਕਿਆਂ ਨਾਲ ਜੁੜੇ ਰਹਿਣ ਮਗਰੋਂ ਅਗਸਤ 2022 ਵਿੱਚ ਅਸਤੀਫਾ ਦੇ ਦਿੱਤਾ ਸੀ।
ਸ੍ਰੀ ਆਜ਼ਾਦ ਨੇ ਆਪਣੇ ਪਾਰਟੀ ਵਰਕਰਾਂ ਨੂੰ ਚੋਣਾਂ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਲ 2024 ਜੰਮੂ-ਕਸ਼ਮੀਰ ਲਈ ਚੋਣ ਵਰ੍ਹਾ ਹੋਵੇਗਾ। ਨਗਰੋਟਾ ਵਿੱਚ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਆਜ਼ਾਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਕਰ ਰਹੇ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਕਿਉਂਕਿ ਵਿਰੋਧ ਪ੍ਰਦਰਸ਼ਨ ਨਾ ਤਾਂ ਕਿਸਾਨਾਂ ਲਈ ਚੰਗਾ ਹੈ ਤੇ ਨਾ ਹੀ ਸਰਕਾਰ ਲਈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਆਪਣੇ ਸਮੇਂ ’ਤੇ ਹੋ ਰਹੀਆਂ ਹਨ ਜਦਕਿ ਵਿਧਾਨ ਸਭਾ ਚੋਣਾਂ (ਜੰਮੂ-ਕਸ਼ਮੀਰ) ਬਾਰੇ ਉਹ ਸਿਰਫ ਅੰਦਾਜ਼ਾ ਹੀ ਲਗਾ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਚੋਣ ਕਮਿਸ਼ਨ ਜਾਂ ਸਰਕਾਰ ਨਾਲ ਕੋਈ ਸੰਪਰਕ ਨਹੀਂ ਹੈ ਤੇ ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਸਤੰਬਰ ਤਕ ਕਰਵਾਉਣ ਦਾ ਸਮਾਂ ਮਿੱਥਿਆ ਹੈ। ਪੀਟੀਆਈ