ਭਾਰਤ ਦੀ ਚੰਨ ਉੱਤੇ ਚਹਿਲਕਦਮੀ
ਬੰਗਲੂਰੂ, 24 ਅਗਸਤ
ਚੰਦਰਯਾਨ-3 ਦੇ ਚੰਦ ਦੀ ਸਤਹਿ ’ਤੇ ਉਤਰਨ ਮਗਰੋਂ ਲੈਂਡਰ ਮੌਡਿਊਲ (ਐੱਲਐੱਮ) ਤੋਂ ਰੋਵਰ ‘ਪ੍ਰਗਿਆਨ’ ਬਾਹਰ ਆ ਗਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ‘ਭਾਰਤ ਨੇ ਚੰਦ ‘ਤੇ ਸੈਰ ਕੀਤੀ।’’ ਇਸਰੋ ਚੇਅਰਮੈਨ ਐੱਸ.ਸੋਮਨਾਥ ਨੇ ਕਿਹਾ ਕਿ ਚੰਦਰਯਾਨ-3 ਸਪੇਸਕ੍ਰਾਫਟ ਦਾ ਲੈਂਡਰ ‘ਵਿਕਰਮ’ ਚੰਦ ਦੀ ਸਤਹਿ ’ਤੇ ਉਸੇ ਥਾਂ ਲੈਂਡ ਕੀਤਾ ਹੈ, ਜਿਸ ਖੇਤਰ ਦੀ ਇਸ ਮੰਤਵ ਲਈ ਪਛਾਣ ਕੀਤੀ ਗਈ ਸੀ। ਇਸ ਦੌਰਾਨ ਇਸਰੋ ਨੇ ਆਸ ਜਤਾਈ ਕਿ ਲੈਂਡਰ ਤੇ ਰੋਵਰ ਦੀ ਮਿਸ਼ਨ ਲਾਈਫ਼ ਇਕ ਚੰਦ ਦਿਨ ਤੱਕ ਸੀਮਤ ਨਹੀਂ ਰਹੇਗੀ। ਇਸਰੋ ਵਿਗਿਆਨੀਆਂ ਨੇ ਕਿਹਾ ਕਿ ਚੰਦ ’ਤੇ ਮੁੜ ਸੂਰਜ ਉੱਗਦੇ ਹੀ ਇਹ ਮੁੜ ਹਰਕਤ ਵਿੱਚ ਆ ਜਾਣਗੇ ਤੇ ਉਥੇ ਤਜਰਬਿਆਂ ਤੇ ਅਧਿਐਨ ਦੇ ਅਮਲ ਨੂੰ ਪੂਰਾ ਕਰਨਗੇ।
ਇਸਰੋ ਨੇ ਆਪਣੇ ਅਧਿਕਾਰਤ ‘ਐਕਸ’ ਹੈਂਡਲ ’ਤੇ ਕਿਹਾ ਕਿ ਰੋਵਰ ਬਾਹਰ ਆ ਗਿਆ ਹੈ। ਇਸਰੋ ਨੇ ਕਿਹਾ, ‘‘ਚੰਦਰਯਾਨ-3 ਰੋਵਰ: ‘ਮੇਡ ਇਨ ਇੰਡੀਆ- ਮੇਡ ਫਾਰ ਮੂਨ! ਚੰਦਰਯਾਨ-3 ਦਾ ਰੋਵਰ ਲੈਂਡਰ ਤੋਂ ਬਾਹਰ ਨਿਕਲਿਆ ਅਤੇ ਭਾਰਤ ਨੇ ਚੰਦ ਦੀ ਸੈਰ ਕੀਤੀ।’’ ਇਸ ਤੋਂ ਪਹਿਲਾਂ ਸੂਤਰਾਂ ਨੇ ਲੈਂਡਰ ‘ਵਿਕਰਮ’ ਤੋਂ ਰੋਵਰ ‘ਪ੍ਰਗਿਆਨ’ ਦੇ ਸਫ਼ਲਤਾ ਨਾਲ ਬਾਹਰ ਨਿਕਲਣ ਦੀ ਪੁਸ਼ਟੀ ਕੀਤੀ ਸੀ। ਸੋਮਨਾਥ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਲੈਂਡਰ ਆਪਣੀ ਥਾਂ ’ਤੇ ਉੱਤਰਿਆ ਹੈ। ਲੈਂਡਿੰਗ ਲੋਕੇਸ਼ਨ ਨੂੰ 4.5 ਕਿਲੋਮੀਟਰ X 2.5 ਕਿਲੋਮੀਟਰ ਵਜੋਂ ਮਾਰਕ ਕੀਤਾ ਗਿਆ ਸੀ...ਇਹ ਇਸ ਪੁਆਇੰਟ ਦੇ 300 ਮੀਟਰ ਦੇ ਅੰਦਰ ਹੀ ਲੈਂਡ ਕੀਤਾ ਹੈ।’’ ਉਧਰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਸਰੋ ਟੀਮ ਨੂੰ ਪ੍ਰਗਿਆਨ ਦੀ ਸਫ਼ਲ ਤਾਇਨਾਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ, ‘‘ਵਿਕਰਮ ਦੀ ਸਫ਼ਲ ਲੈਂਡਿੰਗ ਦੇ ਕੁਝ ਘੰਟਿਆਂ ਮਗਰੋਂ ਪ੍ਰਗਿਆਨ ਦੇ ਬਾਹਰ ਨਿਕਲਣ ਨਾਲ ਚੰਦਰਯਾਨ-3 ਦਾ ਇਕ ਹੋਰ ਪੜਾਅ ਸਫ਼ਲ ਰਿਹਾ। ਦੇਸ਼ ਦੇ ਆਪਣੇ ਨਾਗਰਿਕਾਂ ਤੇ ਵਿਗਿਆਨੀਆਂ ਨਾਲ ਮੈਂ ਇਸ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ। ਪ੍ਰਗਿਆਨ ਵੱਲੋਂ ਕੀਤੀ ਜਾਣ ਵਾਲੀ ਸਮੀਖਿਆ ਤੇ ਇਕੱਤਰ ਜਾਣਕਾਰੀ ਨਾਲ ਚੰਦ ਬਾਰੇ ਸਾਡੀ ਸਮਝ ਵਿੱਚ ਹੋਰ ਵਾਧਾ ਹੋਵੇਗਾ।’’ ਚੰਦਰਯਾਨ-3 ਦੇ ਲੈਂਡਰ ਮੌਡਿਊਲ ਵਿਕਰਮ ਨੇ ਬੁੱਧਵਾਰ ਨੂੰ ਚੰਦ ਦੀ ਸਤਹਿ ’ਤੇ ਭਾਰਤੀ ਸਮੇਂ ਅਨੁਸਾਰ ਸ਼ਾਮੀਂ 6:04 ਵਜੇ ਸਾਫ਼ਟ ਲੈਂਡਿੰਗ ਕੀਤੀ ਸੀ। ਲੈਂਡਰ (ਵਿਕਰਮ) ਤੇ ਰੋਵਰ (ਪ੍ਰਗਿਆਨ), ਜਿਨ੍ਹਾਂ ਦਾ ਕੁੱਲ ਵਜ਼ਨ 1752 ਕਿਲੋ ਹੈ, ਇੰਜ ਡਿਜ਼ਾਈਨ ਕੀਤੇ ਗਏ ਹਨ ਕਿ ਉਹ ਇਕ ਲੂਨਰ ਡੇਅਲਾਈਟ ਅਰਸੇ (ਲਗਪਗ 14 ਧਰਤੀ ਦਿਨ) ਲਈ ਆਪਣੇ ਚੌਗਿਰਦੇ ਦਾ ਅਧਿਐਨ ਕਰ ਸਕਣਗੇ। ਇਸਰੋ ਅਧਿਕਾਰੀਆਂ ਨੇ ਹਾਲਾਂਕਿ ਇਸ ਦੇ ਇਕ ਹੋਰ ਲੂਨਰ ਦਿਨ ਲਈ ਜੀਵੰਤ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਰੋਵਰ ਆਪਣੇ ਮਿਸ਼ਨ ਦੌਰਾਨ ਚੰਦ ਦੀ ਸਤਹਿ ਦਾ ਰਸਾਇਣਕ ਮੁਲਾਂਕਣ ਵੀ ਕਰੇਗਾ। ਲੈਂਡਰ ਤੇ ਰੋਵਰ ਚੰਦ ਦੀ ਸਤਹਿ ’ਤੇ ਤਜਰਬੇ ਕਰਨ ਲਈ ਵਿਗਿਆਨਕ ਪੇਅਲੋਡਜ਼ ਨਾਲ ਲੈਸ ਹਨ। ਰੋਵਰ ਆਪਣੇ ਪੇਅਲੋਡਜ਼ ਏਪੀਐੱਕਸਐੈੱਸ- ਅਲਫ਼ਾ ਪਾਰਟੀਕਲ ਐਕਸਰੇਅ ਸਪੈਕਟੋਮੀਟਰ ਦੀ ਮਦਦ ਨਾਲ ਚੰਦ ਦੀ ਸਤਹਿ ਦਾ ਅਧਿਐਨ ਕਰੇਗਾ। ਪ੍ਰਗਿਆਨ ਵਿੱਚ ਇਕ ਹੋਰ ਪੇਅਲੋਡ-ਲੇਜ਼ਰ ਇੰਡਿਊਸਡ ਬ੍ਰੇਕਡਾਊਨ ਸਪੈਕਟਰੋਸਕੋਪ (ਲਬਿਸ) ਹੈ, ਜਿਸ ਦੀ ਮਦਦ ਨਾਲ ਚੰਦ ਦੀ ਮਿੱਟੀ ਤੇ ਚੱਟਾਨਾਂ ਵਿਚਲੇ ਤੱਤਾਂ ਦਾ ਪਤਾ ਲਾਇਆ ਜਾਵੇਗਾ। ਇਸਰੋ ਚੇਅਰਮੈਨ ਐੱਸ.ਸੋਮਨਾਥ ਨੇ ਪਹਿਲਾਂ ਕਿਹਾ ਸੀ, ‘‘ਲੈਂਡਿੰਗ ਸਾਈਟ ’ਤੇ ਵਿਕਰਮ ਦੇ ਉਤਰਨ ਮਗਰੋਂ ਰੋਵਰ ਇਸ ਵਿਚੋਂ ਬਾਹਰ ਆਏਗਾ। ਇਸ ਮਗਰੋਂ ਇਕ ਤੋਂ ਬਾਅਦ ਇਕ ਤਜਰਬੇ ਕੀਤੇ ਜਾਣਗੇ...ਤੇ ਇਨ੍ਹਾਂ ਸਾਰਿਆਂ ਨੂੰ ਚੰਦ ’ਤੇ ਇਕ ਦਿਨ, ਜੋ ਧਰਤੀ ਦੇ 14 ਦਿਨ ਬਣਦੇ ਹਨ, ਵਿਚ ਪੂਰਾ ਕਰਨਾ ਹੋਵੇਗਾ।’’
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਿਗਿਆਨ ਕਰ ਕੇ ਭਾਰਤ ਦੀ ਚੰਦਰਮਾ ਤੱਕ ਪੁਲਾਂਘ ਸੰਭਵ ਹੋਈ ਹੈ। ਉਨ੍ਹਾਂ ਚੰਦਰਯਾਨ-3 ਦੀ ਸਫ਼ਲਤਾ ਲਈ ਭੇਜੇ ਵਧਾਈ ਸੰਦੇਸ਼ਾਂ ਲਈ ਆਲਮੀ ਆਗੂਆਂ ਦਾ ਧੰਨਵਾਦ ਕੀਤਾ। ਸ੍ਰੀ ਮੋਦੀ ਨੇ ਜੌਹੈੱਨਸਬਰਗ ਵਿਚ ਬਰਿੱਕਸ ਸਿਖਰ ਵਾਰਤਾ ਤੋਂ ਇਕ ਪਾਸੇ ਸੰਖੇਪ ਬਿਆਨ ਵਿੱਚ ਕਿਹਾ, ‘‘ਮੈਨੂੰ ਲੰਘੇ ਦਿਨ ਤੋਂ ਵਧਾਈ ਸੰਦੇਸ਼ ਮਿਲ ਰਹੇ ਹਨ। ਆਲਮੀ ਪੱਧਰ ’ਤੇ ਇਸ ਨੂੰ ਇਕ ਦੇਸ਼ ਦੀ ਸਫ਼ਲਤਾ ਵਜੋਂ ਨਹੀਂ ਬਲਕਿ ਪੂਰੀ ਮਾਨਵ ਜਾਤੀ ਦੀ ਸਫ਼ਲਤਾ ਵਜੋਂ ਦੇਖਿਆ ਜਾ ਰਿਹੈ। ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਇਹ ਪੂਰੇ ਵਿਸ਼ਵ ਵੱਲੋਂ ਭਾਰਤੀ ਵਿਗਿਆਨੀਆਂ ਨੂੰ ਵਧਾਈਆਂ ਦੇਣ ਦਾ ਮੌਕਾ ਹੈ।’’ ਇਸਰੋ ਦੇ ਸਾਬਕਾ ਮੁਖੀ ਜੀ. ਮਾਧਵਨ ਨਾਇਰ ਨੇ ਕਿਹਾ ਕਿ ਚੰਦਰਯਾਨ-3 ਦੀ ਸਫ਼ਲਤਾ ਨਾਲ ਭਾਰਤ ਦੇ ਕੌਮਾਂਤਰੀ ਵਪਾਰਕ ਕਰਾਰਾਂ ਨੂੰ ਵਧੇਰੇ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਗ੍ਰਹਿਆਂ ਦੀ ਖੋਜ ਪ੍ਰੋਗਰਾਮ ਦੀ ਦਿਸ਼ਾ ਵਿਚ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਪਹਿਲਾਂ ਹੀ ਯੂਰੋਪ ਤੇ ਅਮਰੀਕਾ ਨਾਲ ਕਈ ਵਪਾਰਕ ਕਰਾਰ ਕੀਤੇ ਹਨ।
ਪ੍ਰਾਪਤੀ ਵਿਗਿਆਨੀਆਂ ਦੀ, ਪਰ ਮੇਲਾ ਪ੍ਰਧਾਨ ਮੰਤਰੀ ਨੇ ਲੁੱਟਿਆ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਵਿਗਿਆਨੀਆਂ ਦੀ ਪ੍ਰਾਪਤੀ ਸੀ, ਪਰ ਮੇਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੁੱਟ ਗਏ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨੇ ਕਿਹਾ ਕਿ ਚੰਦਰਯਾਨ-3 ਦਾ ਜੋਸ਼ ਤੇ ਮਾਣ ‘‘ਸਾਡੇ ਨਾਲ ਲੰਮਾ ਸਮਾਂ ਬਣਿਆ ਰਹੇਗਾ।’’ ਵੇਣੂਗੋਪਾਲ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਇਸਰੋ ਚੇਅਰਮੈਨ ਡਾ.ਸੋਮਨਾਥ ਦੀ ਅਗਵਾਈ ਨੇ ਸੱਚਮੁੱਚ ਇਤਿਹਾਸ ਸਿਰਜਿਆ ਹੈ ਤੇ ਅਸੀਂ ਉਨ੍ਹਾਂ ਤੇ ਉਨ੍ਹਾਂ ਦੀ ਟੀਮ ਨੂੰ ਦਿਲੋਂ ਵਧਾਈ ਦਿੰਦੇ ਹਾਂ। ਹਾਲਾਂਕਿ ਪ੍ਰਧਾਨ ਮੰਤਰੀ ਨੂੰ ਆਪਣੇ ਪਖੰਡ ਦਾ ਜਵਾਬ ਦੇਣਾ ਚਾਹੀਦਾ ਹੈ।’’ ਵੇਣੂਗੋਪਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਤੁਸੀਂ ਸਕਰੀਨ ’ਤੇ ਆਉਣ ਨੂੰ ਸਮਾਂ ਨਹੀਂ ਲਾਇਆ ਤੇ ਲੈਂਡਿੰਗ ਮਗਰੋਂ ਸਿਹਰਾ ਆਪਣੇ ਸਿਰ ਬੰਨ ਲਿਆ, ਪਰ ਤੁਹਾਡੀ ਸਰਕਾਰ ਵਿਗਿਆਨੀਆਂ ਤੇ ਇਸਰੋ ਦੀ ਹਮਾਇਤ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਕਿਉਂ ਰਹੀ।’’ ਕਾਂਗਰਸ ਆਗੂ ਨੇ ਸਵਾਲ ਕੀਤਾ ਕਿ ਹੈਵੀ ਇੰਜਨੀਅਰਿੰਗ ਕਾਰਪੋਰੇਸ਼ਨ (ਐੱਚਈਸੀ) ਦੇ ਇੰਜਨੀਅਰਾਂ ਨੂੰ ਪਿਛਲੇ 17 ਮਹੀਨਿਆਂ ਤੋਂ ਤਨਖਾਹਾਂ ਕਿਉਂ ਨਹੀਂ ਮਿਲੀਆਂ। -ਪੀਟੀਆਈ
ਪਾਕਿ ਅਖ਼ਬਾਰਾਂ ’ਚ ਛਾਇਆ ‘ਚੰਦਰਯਾਨ’
ਇਸਲਾਮਾਬਾਦ: ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਚੱਲ ਰਹੀ ਕੁੜੱਤਣ ਦੇ ਬਾਵਜੂਦ ‘ਚੰਦਰਯਾਨ’ ਮਿਸ਼ਨ ਦੀ ਸਫ਼ਲਤਾ ਪਾਕਿ ਅਖ਼ਬਾਰਾਂ ਦੇ ਪਹਿਲੇ ਪੰਨਿਆਂ ਦਾ ਸ਼ਿੰਗਾਰ ਬਣੀ। ਇੱਥੋਂ ਤੱਕ ਕਿ ਇੱਕ ਸਾਬਕਾ ਮੰਤਰੀ ਨੇ ਇਸ ਨੂੰ ਭਾਰਤ ਦੀ ਪੁਲਾੜ ਏਜੰਸੀ ‘ਇਸਰੋ’ ਲਈ ਮਹਾਨ ਉਪਲਬਧੀ ਤੱਕ ਆਖ ਦਿੱਤਾ। ਜ਼ਿਆਦਾਤਰ ਪਾਕਿਸਤਾਨੀ ਅਖ਼ਬਾਰਾਂ ਅਤੇ ਵੈੱਬਸਾਈਟਾਂ ’ਚ ਮੁੱਖ ਸੁਰਖੀ ਸੀ- ‘ਭਾਰਤ, ਚੰਨ ਦੇ ਦੱਖਣੀ ਧੁਰੇ ’ਤੇ ਕਦਮ ਰੱਖਣ ਵਾਲਾ ਪਹਿਲਾ ਮੁਲਕ ਬਣਿਆ’। ਇਸੇ ਤਰ੍ਹਾਂ ‘ਦਿ ਨਿਊਜ਼ ਇੰਟਰਨੈਸ਼ਨਲ’, ‘ਦਿ ਡਾਅਨ’, ‘ਦਿ ਬਿਜ਼ਨਸ ਰਿਕਾਰਡਰ’, ‘ਦੁਨੀਆ ਨਿਊਜ਼’ ਤੇ ਹੋਰ ਅਖ਼ਬਾਰਾਂ ਵਿੱਚ ‘ਚੰਦਰਯਾਨ ਮਿਸ਼ਨ’ ਸਬੰਧੀ ਵੱਖੋ-ਵੱਖਰੀਆਂ ਕੌਮਾਂਤਰੀ ਖ਼ਬਰ ਏਜੰਸੀਆਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਈਆਂ। -ਪੀਟੀਆਈ
ਗੂਗਲ ਨੇ ਡੂਡਲ ਨਾਲ ਮਨਾਇਆ ਜਸ਼ਨ
ਨਵੀਂ ਦਿੱਲੀ: ਸਰਚ ਇੰਜਨ ਜਾਇੰਟ ਗੂਗਲ ਨੇ ਅੱਜ ਵਿਸ਼ੇਸ਼ ਐਨੀਮੇਟਿਡ ਗੂਗਲ ਨਾਲ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਦਾ ਜਸ਼ਨ ਮਨਾਇਆ। ਗ੍ਰਾਫਿਕਲੀ ਡਾਇਨਾਮਿਕ ਡੂਡਲ ਵਿੱਚ ਗੂਗਲ ਦੇ ਅੱਖਰ (GOOGLE) ਚਮਕਦੇ ਸਿਤਾਰਿਆਂ ਦੇ ਨਾਲ ਆਊਟਰ ਸਪੇਸ ਵਿਚ ਫਲੋਟ ਕਰ ਰਹੇ ਹਨ। ਡੂਡਲ ਵਿੱਚ ਸਪੇਸਕ੍ਰਾਫਟ ਨੂੰ ਚੰਦ ਦੇ ਦੱਖਣੀ ਧਰੁਵ ’ਤੇ ਸਾਫ਼ਟ ਲੈਂਡਿੰਗ ਕਰਦਿਆਂ ਵਿਖਾਇਆ ਗਿਆ ਹੈ।