ਰੋਡ ਸਾਈਕਲਿੰਗ ’ਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ
ਪੈਰਿਸ
ਭਾਰਤ ਦੇ ਪੈਰਾ ਸਾਈਕਲਿਸਟ ਅਰਸ਼ਦ ਸ਼ੇਖ ਅਤੇ ਜਯੋਤੀ ਗਡੇਰਿਆ ਨੇ ਅੱਜ ਇੱਥੇ ਪੁਰਸ਼ ਅਤੇ ਮਹਿਲਾ ਰੋਡ ਰੇਸ ਸੀ1-3 ਮੁਕਾਬਲੇ ਵਿੱਚ ਸਿਖਰਲੇ ਖਿਡਾਰੀਆਂ ਤੋਂ ਇੱਕ ਲੈਪ ਨਾਲ ਪਿੱਛੇ ਰਹਿ ਕੇ ਬਿਨਾਂ ਕਿਸੇ ਤਗ਼ਮੇ ਦੇ ਪੈਰਿਸ ਪੈਰਾਲੰਪਿਕ ਵਿੱਚ ਆਪਣੀ ਮੁਹਿੰਮ ਸਮਾਪਤ ਕੀਤੀ। ਮਹਿਲਾਵਾਂ ਦੀ ਰੇਸ ਵਿੱਚ ਜਯੋਤੀ ਗਡੇਰਿਆ 15ਵੇਂ ਸਥਾਨ ’ਤੇ ਰਹੀ। ਜਾਪਾਨ ਦੀ ਕੀਕੋ ਸੁਗਿਓਰਾ ਨੇ ਸੋਨ ਤਗ਼ਮਾ ਜਿੱਤਿਆ, ਜਦਕਿ ਸਵਿਟਜ਼ਰਲੈਂਡ ਫਲੂਰਿਨਾ ਰਿਗਿੰਲਗ ਨੇ ਚਾਂਦੀ ਅਤੇ ਅਮਰੀਕਾ ਦੀ ਕਲਾਰਾ ਬਰਾਊਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਪੁਰਸ਼ਾਂ ਦੀ ਰੇਸ ਵਿੱਚ ਅਰਸ਼ਦ ਸ਼ੇਖ 28ਵੇਂ ਸਥਾਨ ’ਤੇ ਰਿਹਾ। ਬਰਤਾਨੀਆ ਦੇ ਫਿਨਲੇ ਗ੍ਰਾਹਮ ਨੇ ਸੋਨ ਤਗ਼ਮਾ ਜਿੱਤਿਆ, ਜਦਕਿ ਫਰਾਂਸ ਦੇ ਥਾਮਸ ਪੇਰੋਟਨ ਡਾਰਟੇਟ ਅਤੇ ਅਲੈਕਜ਼ੈਂਡਰ ਲੇਓਟੇ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗ਼ਮਾ ਜਿੱਤਿਆ। ਜਯੋਤੀ ਅਤੇ ਸ਼ੇਖ ਦੋਵੇਂ ਪਹਿਲਾਂ ਰੋਡ ਟਾਈਮ ਟਰਾਇਲ ਸੀ2 ਮੁਕਾਬਲੇ ਵਿੱਚ ਕ੍ਰਮਵਾਰ 16ਵੇਂ ਅਤੇ 11ਵੇਂ ਸਥਾਨ ’ਤੇ ਰਹੇ। ਦੋਵੇਂ ਹੀ ਫਾਈਨਲ ਵਿੱਚ ਨਹੀਂ ਪਹੁੰਚ ਸਕੇ। ਜਯੋਤੀ ਸੀ1-3 ਟਾਈਮ ਟਰਾਇਲ ਅਤੇ ਪਰਸਿਊਟ ਕੁਆਲੀਫਾਇਰ ਵਿੱਚ 11ਵੇਂ ਅਤੇ 10ਵੇਂ ਸਥਾਨ ’ਤੇ ਰਹੀ, ਜਦਕਿ ਸ਼ੇਖ 17ਵੇਂ ਅਤੇ ਨੌਵੇਂ ਸਥਾਨ ’ਤੇ ਰਿਹਾ। -ਪੀਟੀਆਈ