ਭਵਿੱਖੀ ਸੰਭਾਵਨਾਵਾਂ ਦਾ ਲਾਭ ਉਠਾਉਣ ਦੇ ਮਾਮਲੇ ’ਚ ਭਾਰਤ ਦਾ 35ਵਾਂ ਨੰਬਰ
ਦਾਵੋਸ, 15 ਜਨਵਰੀ
ਭਵਿੱਖੀ ਸੰਭਾਵਨਾਵਾਂ ਦਾ ਲਾਭ ਉਠਾਉਣ ਲਈ ਸਰਵੋਤਮ ਦੇਸ਼ਾਂ ਦੇ ਆਲਮੀ ਸੂਚਕ ਅੰਕ ਵਿਚ ਭਾਰਤ ਨੂੰ 35ਵਾਂ ਸਥਾਨ ਦਿੱਤਾ ਗਿਆ ਹੈ। ਜਦਕਿ ਇਸ ਸੂਚੀ ਵਿਚ ਬਰਤਾਨੀਆ ਸਿਖਰ ਉਤੇ ਹੈ। ਵਿਸ਼ਵ ਆਰਥਿਕ ਮੰਚ (ਡਬਲਿਊਈਐਫ) ਦੀ ਸਾਲਾਨਾ ਬੈਠਕ ਤੋਂ ਅਲੱਗ ਨਿਊਜ਼ਵੀਕ ਵੈਂਟੇਜ ਤੇ ਹੋਰਾਈਜ਼ਨ ਗਰੁੱਪ ਨੇ ਅੱਜ ‘ਫਿਊਚਰ ਪੌਸੀਬਿਲਿਟੀਜ਼ ਇੰਡੈਕਸ’ (ਐਫਪੀਆਈ) ਜਾਰੀ ਕੀਤਾ ਹੈ। ਸਿਖਰਲੇ ਪੰਜ ਦੇਸ਼ਾਂ ਵਿਚ ਬਰਤਾਨੀਆ ਮਗਰੋਂ ਡੈੱਨਮਾਰਕ, ਅਮਰੀਕਾ, ਨੀਦਰਲੈਂਡਜ਼ ਤੇ ਜਰਮਨੀ ਹਨ। ਵੱਡੇ ਉੱਭਰਦੇ ਬਾਜ਼ਾਰਾਂ ਵਿਚ ਚੀਨ ਇਸ ਸਾਲ 19ਵੇਂ ਨੰਬਰ ਉਤੇ ਹੈ। ਜਦਕਿ ਬ੍ਰਾਜ਼ੀਲ 30ਵੇਂ, ਭਾਰਤ 35ਵੇਂ ਤੇ ਦੱਖਣੀ ਅਫਰੀਕਾ 50ਵੇਂ ਨੰਬਰ ਉਤੇ ਹੈ। ਅਧਿਐਨ ਵਿਚ ਉਨ੍ਹਾਂ ਚੀਜ਼ਾਂ ਦੀ ਤੁਲਨਾ ਕੀਤੀ ਗਈ ਹੈ ਜੋ ਸਰਕਾਰਾਂ, ਨਿਵੇਸ਼ਕਾਂ ਤੇ ਹੋਰ ਹਿੱਤਧਾਰਕਾਂ ਦੀ 70 ਦੇਸ਼ਾਂ ਵਿਚ ਵਿਕਾਸ ਤੇ ਭਲਾਈ ਲਈ ਛੇ ਆਲਮੀ ਤੇ ਬਦਲਾਅ ਵਾਲੇ ਰੁਝਾਨਾਂ ਦਾ ਫਾਇਦਾ ਚੁੱਕਣ ਵਿਚ ਮਦਦ ਕਰਨਗੇ। ਦਾਵੋਸ ਸਾਲਾਨਾ ਮੀਟਿੰਗ ਤੋਂ ਪਹਿਲਾਂ ਜਾਰੀ ‘ਦਿ ਈਡਲਮੈਨ ਟਰੱਸਟ ਬੈਰੋਮੀਟਰ 2024’ ਵਿਚ ਕਾਰੋਬਾਰਾਂ ਅਤੇ ਗੈਰ ਸਰਕਾਰੀ ਸੰਗਠਨਾਂ ਵਿਚ ਭਰੋਸੇ ਦੇ ਮਾਮਲੇ ਵਿਚ ਭਾਰਤ ਸੂਚੀ ਵਿਚ ਚੋਟੀ ਉਤੇ ਹੈ। ਜਦਕਿ ਮੀਡੀਆ ਵਿਚ ਭਰੋਸੇ ਦੇ ਮਾਮਲੇ ਵਿਚ ਚੌਥੇ ਤੇ ਸਰਕਾਰ ’ਚ ਭਰੋਸੇ ਦੇ ਪੱਖ ਤੋਂ ਪੰਜਵੇਂ ਨੰਬਰ ਉਤੇ ਹੈ। -ਪੀਟੀਆਈ