For the best experience, open
https://m.punjabitribuneonline.com
on your mobile browser.
Advertisement

ਭਾਰਤ ਦੀ ਚੰਨ ਵੱਲ ਅਗਲੀ ਪੁਲਾਂਘ: ਚੰਦਰਯਾਨ-3

06:23 AM Jul 01, 2023 IST
ਭਾਰਤ ਦੀ ਚੰਨ ਵੱਲ ਅਗਲੀ ਪੁਲਾਂਘ  ਚੰਦਰਯਾਨ 3
Advertisement

ਹਰਜੀਤ ਸਿੰਘ

ਅਕਤੂਬਰ 2008 ਨੂੰ ਚੰਦਰਯਾਨ-1 ਨੂੰ ਚੰਨ ਵੱਲ ਦਾਗ਼ ਕੇ ਭਾਰਤ ਨੇ ਚੰਨ ’ਤੇ ਆਪਣੀ ਹਾਜ਼ਰੀ ਲਵਾਈ| ਇਸ ਮਿਸ਼ਨ ਨਾਲ ਪਹਿਲੀ ਕੋਸ਼ਿਸ਼ ਵਿੱਚ ਹੀ ਚੰਨ ’ਤੇ ਸਫਲਤਾਪੂਰਵਕ ਪਹੁੰਚਣ ਵਾਲਾ ਭਾਰਤ ਪਹਿਲਾ ਮੁਲਕ ਬਣ ਗਿਆ| ਇਹ ਮੁਕਾਬਲਤਨ ਇੱਕ ਸਾਧਾਰਨ ਮਿਸ਼ਨ ਸੀ ਜਿਸ ਵਿੱਚ ਇੱਕ ਚੰਨ ਦੁਆਲੇ ਘੁੰਮਣ ਵਾਲਾ ਔਰਬਿਟਰ ਅਤੇ ਐੱਮਆਈਪੀ (Moon Impact Probe) ਸੀ ਜਿਸ ’ਤੇ ਭਾਰਤ ਦਾ ਝੰਡਾ ਛਪਿਆ ਹੋਇਆ ਸੀ| ਐੱਮਆਈਪੀ 14 ਨਵੰਬਰ 2008 ਨੂੰ ਚੰਨ ਦੀ ਸਤ੍ਹਾ ਨਾਲ ਟਕਰਾਈ ਅਤੇ ਭਾਰਤ ਚੰਨ ’ਤੇ ਝੰਡਾ ਪਹੁੰਚਾਉਣ ਵਾਲਾ ਦੁਨੀਆ ਦਾ ਚੌਥਾ ਮੁਲਕ ਬਣ ਗਿਆ|
ਉਸ ਤੋਂ ਬਾਅਦ 22 ਜੁਲਾਈ 2019 ਨੂੰ ਇਸਰੋ ਨੇ ਚੰਦਰਯਾਨ-2 ਚੰਨ ਵੱਲ ਭੇਜਿਆ| ਇਹ ਪਹਿਲੇ ਨਾਲੋਂ ਜ਼ਿਆਦਾ ਗੁੰਝਲਦਾਰ ਮਿਸ਼ਨ ਸੀ ਜਿਸ ਵਿੱਚ ਔਰਬਿਟਰ ਤੋਂ ਇਲਾਵਾ ਚੰਨ ’ਤੇ ਉਤਰਨ ਵਾਲਾ ਇੱਕ ਲੈਂਡਰ (Lander) ਅਤੇ ਇੱਕ ਰੋਵਰ (Rove)r ਸ਼ਾਮਲ ਸੀ| ਅਫ਼ਸੋਸ, ਲੈਂਡਰ ਐਨ ਚੰਨ ਦੀ ਸਤ੍ਹਾ ਨੇੜੇ ਆ ਕੇ ਖ਼ਰਾਬ ਹੋ ਗਿਆ ਅਤੇ ਤੇਜ਼ ਗਤੀ ਨਾਲ ਸਤ੍ਹਾ ’ਤੇ ਟਕਰਾ ਗਿਆ ਅਤੇ ਟੁੱਟ ਗਿਆ|
ਚਾਰ ਸਾਲਾਂ ਬਾਅਦ ਹੁਣ 2023 ਵਿੱਚ ਇਸਰੋ ਚੰਦਰਯਾਨ-3 ਨਾਲ ਮੁੜ ਚੰਨ ’ਤੇ ਜਾਣ ਲਈ ਤਿਆਰ ਹੈ| ਲਗਭਗ 4 ਟਨ ਭਾਰਾ ਇਹ ਉਪਗ੍ਰਹਿ 12 ਜੁਲਾਈ 2023 ਨੂੰ ਭਾਰਤ ਦੇ ਸਭ ਤੋਂ ਤਕੜੇ ਰਾਕੇਟ ਐੱਲਵੀਐੱਮ3 (LVM3) ਰਾਹੀਂ ਸ਼੍ਰੀਹਰੀਕੋਟਾ ਤੋਂ ਦਾਗ਼ਿਆ ਜਾਵੇਗਾ| ਡੇਢ ਕੁ ਮਹੀਨੇ ਵਿੱਚ ਆਪਣਾ 3.85 ਲੱਖ ਕਿਲੋਮੀਟਰ ਦਾ ਸਫ਼ਰ ਮੁਕਾ ਕੇ ਇਹ ਉਪਗ੍ਰਹਿ 23 ਅਗਸਤ 2023 ਨੂੰ ਚੰਨ ’ਤੇ ਪਹੁੰਚੇਗਾ| ਚੰਦਰਯਾਨ-2 ਵਾਂਗ ਇਸ ਵਿੱਚ ਵੀ ਇੱਕ ਲੈਂਡਰ ਅਤੇ ਇੱਕ ਰੋਵਰ ਸ਼ਾਮਲ ਹਨ| ਇਨ੍ਹਾਂ ਦਾ ਡਿਜ਼ਾਇਨ ਵੀ ਕਾਫ਼ੀ ਹੱਦ ਤੱਕ ਚੰਦਰਯਾਨ-2 ਦੇ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਵਰਗਾ ਹੀ ਹੈ, ਪਰ ਪਿਛਲੀ ਅਸਫਲਤਾ ਤੋਂ ਸਬਕ ਲੈ ਕੇ ਕੁਝ ਸੁਧਾਰ ਕੀਤੇ ਗਏ ਹਨ| ਲੈਂਡਰ ਅਤੇ ਰੋਵਰ ਦੇ ਨਾਮ ਨਹੀਂ ਬਦਲੇ ਗਏ ਅਤੇ ਚੰਦਰਯਾਨ-3 ਵਿੱਚ ਵੀ ਇਨ੍ਹਾਂ ਨੂੰ ਕ੍ਰਮਵਾਰ ਵਿਕਰਮ ਅਤੇ ਪ੍ਰਗਿਆਨ ਦਾ ਨਾਮ ਦਿੱਤਾ ਗਿਆ ਹੈ|
ਇਸ ਮਿਸ਼ਨ ਦਾ ਮੁੱਖ ਟੀਚਾ ਲੈਂਡਰ ਨੂੰ ਸਫਲਤਾ ਪੂਰਵਕ ਚੰਨ ਦੀ ਸਤ੍ਹਾ ’ਤੇ ਉਤਾਰਨਾ ਅਤੇ ਰੋਵਰ ਦੀ ਚੰਨ ’ਤੇ ਚੱਲਣ ਦੀ ਕਾਬਲੀਅਤ ਨੂੰ ਪਰਖਣਾ ਹੈ| ਨਾਲ ਹੀ ਇਹ ਚੰਨ ’ਤੇ ਕਈ ਕਿਸਮ ਦੇ ਵਿਗਿਆਨਕ ਪ੍ਰੀਖਣ ਵੀ ਕਰੇਗਾ| ਇਸ ਉਪਗ੍ਰਹਿ ਦੇ 3 ਮੁੱਖ ਹਿੱਸੇ ਪ੍ਰੋਪਲਸ਼ਨ ਮੌਡਿਊਲ (Propulsion Module), ਲੈਂਡਰ ਅਤੇ ਰੋਵਰ ਹਨ| ਪ੍ਰੋਪਲਸ਼ਨ ਮੌਡਿੳੂਲ ਵਿੱਚ 800N ਦਾ ਮੁੱਖ ਇੰਜਣ ਲੱਗਿਆ ਹੈ ਜਿਸ ਦਾ ਮੁੱਖ ਕੰਮ ਉਪਗ੍ਰਹਿ ਨੂੰ ਚੰਨ ਤੱਕ ਲੈ ਕੇ ਜਾਣਾ ਅਤੇ ਚੰਨ ਦੁਆਲੇ ਚੱਕਰ ਲਾਉਣਾ ਹੈ| ਇਸ ਤੋਂ ਇਲਾਵਾ ਇਸ ਉੱਤੇ ਅੱਠ 58N ਛੋਟੇ ਇੰਜਣ ਵੀ ਲੱਗੇ ਹਨ ਜੋ ਉਪਗ੍ਰਹਿ ਦੇ ਪੰਧ ਅਤੇ ਦਿਸ਼ਾ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਨਗੇ| ਲੈਂਡਰ ਅਤੇ ਰੋਵਰ ਇਸ ਵਿੱਚ ਹੀ ਚੰਨ ਤੱਕ ਜਾਣਗੇ ਅਤੇ ਚੰਨ ’ਤੇ ਪਹੁੰਚ ਕੇ ਅਲੱਗ ਹੋ ਕੇ ਸਤ੍ਹਾ ’ਤੇ ਉਤਰਨਗੇ|
ਦਾਗੇ ਜਾਣ ਤੋਂ ਬਾਅਦ ਇਹ ਉਪਗ੍ਰਹਿ ਰਾਕੇਟ ਤੋਂ ਵੱਖ ਹੋ ਕੇ ਧਰਤੀ ਦੁਆਲੇ ਹੀ 5 ਚੱਕਰ ਲਏਗਾ| ਇਨ੍ਹਾਂ ਅੰਡਾਕਾਰ ਚੱਕਰਾਂ ਵਿੱਚ ਇਹ ਧਰਤੀ ਦੇ ਗੁਰੂਤਾ ਬਲ ਦੀ ਮਦਦ ਨਾਲ ਆਪਣੀ ਗਤੀ ਵਧਾਏਗਾ ਤਾਂ ਕਿ ਬਾਲਣ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਪਵੇ| ਛੇਵੇਂ ਚੱਕਰ ਵਿੱਚ ਇਹ ਚੰਨ ਵੱਲ ਉਡਾਰੀ ਮਾਰ ਜਾਵੇਗਾ| ਚੰਨ ’ਤੇ ਪਹੁੰਚ ਕੇ ਇਹ ਉਸ ਦੇ ਦੁਆਲੇ ਅੰਡਾਕਾਰ ਪੰਧ ਵਿੱਚ ਚੱਕਰ ਲਾਉਂਦਿਆਂ ਪ੍ਰੋਪਲਸ਼ਨ ਮੌਡਿਊਲ ਦੀ ਮਦਦ ਨਾਲ ਹੌਲੀ-ਹੌਲੀ ਗਤੀ ਘਟਾ ਕੇ 100x100 ਕਿਲੋਮੀਟਰ ਦੇ ਗੋਲ ਪੰਧ ਵਿੱਚ ਆਪਣੇ ਆਪ ਨੂੰ ਸਥਾਪਿਤ ਕਰੇਗਾ| ਫਿਰ ਉੱਤੋਂ 30 ਕਿਲੋਮੀਟਰ ਦੀ ਉਚਾਈ ’ਤੇ ਆ ਕੇ ਇਹ ਲੈਂਡਰ, ਪ੍ਰੋਪਲਸ਼ਨ ਮੌਡਿਊਲ ਤੋਂ ਅਲੱਗ ਹੋ ਕੇ ਚੰਨ ਦੇ ਦੱਖਣੀ ਧਰੁਵ ’ਤੇ ਉਤਰੇਗਾ| ਇਹ ਜਗ੍ਹਾ ਚੰਦਰਯਾਨ-2 ਦੀ ਲੈਂਡਿੰਗ ਵਾਲੀ ਜਗ੍ਹਾ ਤੋਂ ਲਗਭਗ 100 ਕੁ ਕਿਲੋਮੀਟਰ ਦੂਰ ਹੈ ਅਤੇ ਉਸੇ ਵਾਂਗ ਚਟਾਨੀ ਬਣਤਰ  ਵਾਲੀ ਉੱਚੀ ਜਗ੍ਹਾ ਹੈ|
ਪ੍ਰੋਪਲਸ਼ਨ ਮੌਡਿਊਲ ਦੀ ਸ਼ਕਲ ਇੱਕ ਡੱਬੇ ਵਰਗੀ ਹੈ ਜਿਸ ਵਿੱਚ ਇੱਕ ਪਾਸੇ ਵੱਡਾ ਸੌਰ ਪੈਨਲ ਲੱਗਿਆ ਹੋਇਆ ਹੈ ਅਤੇ ਦੂਜੇ ਪਾਸੇ ਲੈਂਡਰ ਅਤੇ ਰੋਵਰ ਨੂੰ ਰੱਖਿਆ ਜਾਵੇਗਾ| ਇਸ ਦਾ ਭਾਰ 2148 ਕਿੱਲੋ ਹੈ ਅਤੇ ਇਹ 758W ਪਾਵਰ ਪੈਦਾ ਕਰ ਸਕਦਾ ਹੈ| ਲੈਂਡਰ ਦਾ ਆਕਾਰ ਵੀ ਡੱਬਾਨੁਮਾ ਹੀ ਹੈ ਅਤੇ ਇਸ ਨੂੰ ਚੰਨ ’ਤੇ ਉਤਾਰਨ ਲਈ ਇਸ ਵਿੱਚ 4 ਇੰਜਣ ਲਾਏ ਗਏ ਹਨ| ਇਨ੍ਹਾਂ ਇੰਜਣਾਂ ਦੀ ਮਦਦ ਨਾਲ 1752 ਕਿੱਲੋ ਭਾਰਾ ਇਹ ਲੈਂਡਰ (ਇਸ ਵਿੱਚ 26 ਕਿੱਲੋ ਭਾਰ ਰੋਵਰ ਦਾ ਵੀ ਹੈ) ਚਾਰ ਲੱਤਾਂ ਦੇ ਸਹਾਰੇ ਲਗਭਗ 2 ਮੀਟਰ/ਸਕਿੰਟ ਦੀ ਗਤੀ ਨਾਲ ਚੰਨ ’ਤੇ ਉਤਰੇਗਾ| ਇਸ ਨੂੰ ਸੁਰੱਖਿਅਤ ਉਤਾਰਨ ਲਈ ਇਸ ਵਿੱਚ ਗਤੀ, ਉਚਾਈ, ਪ੍ਰਵੇਗ, ਕੋਣ ਆਦਿ ਮਾਪਣ ਲਈ ਕਈ ਸੈਂਸਰ ਅਤੇ ਕਿਸੇ ਕਿਸਮ ਦੇ ਖ਼ਤਰੇ ਤੋਂ ਬਚਾਉਣ ਲਈ ਕੈਮਰੇ ਵੀ ਲਾਏ ਗਏ ਹਨ| ਪ੍ਰੋਪਲਸ਼ਨ ਮੌਡਿਊਲ ਅਤੇ ਲੈਂਡਰ ਦੇ ਇੰਜਣ ਬਾਲਣ ਲਈ ਐੱਮਐੱਮਐੱਚ (ਮੋਨੋ-ਮਿਥਾਈਲ ਹਾਈਡਰਾਜ਼ੀਨ) ਅਤੇ ਆਕਸੀਜਨ ਲਈ ਅੈੱਮਓਐੱਨ3 (ਨਾਇਟ੍ਰੋਜਨ ਔਕਸਾਇਡ ਦਾ ਮਿਸ਼ਰਣ) ਵਰਤਦੇ ਹਨ| ਚੰਨ ’ਤੇ ਉਤਰਨ ਤੋਂ ਬਾਅਦ ਰੋਵਰ, ਲੈਂਡਰ ਤੋਂ ਬਾਹਰ ਆ ਕੇ ਆਪਣਾ ਕੰਮ ਸ਼ੁਰੂ ਕਰੇਗਾ| ਇਹ ਸਾਰੀ ਸੂਚਨਾ ਲੈਂਡਰ ਨੂੰ ਭੇਜੇਗਾ ਜੋ ਇਸ ਨੂੰ ਅੱਗੇ ਆਈਡੀਐੱਸਐੱਨ ਨੂੰ ਭੇਜੇਗਾ| ਆਈਡੀਐੱਸਐੱਨ (Indian Deep Space Network) ਬਹੁਤ ਵੱਡੇ ਐਂਟੀਨਾ ਅਤੇ ਸੰਚਾਰ ਉਪਕਰਨਾਂ ਦਾ ਸਮੂਹ ਹੈ ਜੋ ਕਿ ਅੰਤਰ-ਗ੍ਰਹਿ ਮਿਸ਼ਨਾਂ ਲਈ ਸੰਚਾਰ ਸਥਾਪਿਤ ਕਰਨ ਦਾ ਕੰਮ ਕਰਦਾ ਹੈ| ਇਸ ਤੋਂ ਇਲਾਵਾ  ਚੰਨ ਦੁਆਲੇ ਪਹਿਲਾਂ ਹੀ ਘੁੰਮ ਰਹੇ ਚੰਦਰਯਾਨ-2 ਦੇ ਅੌਰਬਿਟਰ ਨੂੰ ਵੀ ਬੈਕਅਪ ਵਜੋਂ ਸਿਗਨਲ ਭੇਜਣ ਲਈ ਵਰਤਿਆ ਜਾ ਸਕਦਾ ਹੈ|  ਲੈਂਡਰ ਅਤੇ ਰੋਵਰ ਦੋਵੇਂ 1 ਚੰਨ ਦਿਨ (ਧਰਤੀ ਦੇ ਲਗਭਗ 14 ਦਿਨ) ਕੰਮ ਕਰਨਗੇ| ਪ੍ਰੋਪਲਸ਼ਨ ਮੌਡਿਊਲ ਕਈ  ਸਾਲਾਂ ਤੱਕ, ਜਦੋਂ ਤੱਕ ਇਸ ਦਾ ਬਾਲਣ ਮੁੱਕ ਨਹੀਂ  ਜਾਂਦਾ, ਕੰਮ ਕਰਦਾ ਰਹੇਗਾ|
ਵਿਗਿਆਨਕ ਉਪਕਰਨਾਂ ਦੀ ਗੱਲ ਕਰੀਏ ਤਾਂ ਪ੍ਰੋਪਲਸ਼ਨ ਮੌਡਿਊਲ ਵਿੱਚ ਸ਼ੇਪ (SHAPE: Spectro-Polarimetry of Habitable Planet Earth) ਨਾਮ ਦਾ ਉਪਕਰਨ ਲਾਇਆ ਗਿਆ ਹੈ ਜੋ ਕਿ ਧਰਤੀ ਤੋਂ ਨਿਕਲਣ ਵਾਲੀਆਂ ਰੋਸ਼ਨੀ ਦੀਆਂ ਕਿਰਨਾਂ ਦਾ ਅਧਿਐਨ ਕਰੇਗਾ|
ਲੈਂਡਰ ਵਿੱਚ ਚੰਨ ਦੀ ਸਤ੍ਹਾ ਦੇ ਤਾਪ ਸਬੰਧੀ ਗੁਣਾਂ ਨੂੰ ਮਾਪਣ ਲਈ ChaSTE (Chandra’s Surface Thermophysical Experiment) ਲਗਾਇਆ ਗਿਆ ਹੈ| ਨਾਲ ਹੀ ਉਤਰਨ ਵਾਲੀ ਜਗ੍ਹਾ ’ਤੇ ਭੁਚਾਲ ਸਬੰਧੀ ਜਾਣਕਾਰੀ ਇਕੱਠੀ ਕਰਨ ਲਈ ਆਈਐੱਲਐੱਸਏ (ILSA-Lunar Seismic Activity) ਅਤੇ ਚੰਨ ’ਤੇ ਗੈਸ ਅਤੇ ਪਲਾਜ਼ਮਾ ਦਾ ਅਧਿਐਨ ਕਰਨ ਲਈ ਆਰਏਐੱਮਬੀਐੱਚਏ (RAMBHA-Radio Anatomy of Moon Bound Hypersensitive Ionosphere and Atmosphere) ਨਾਮ ਦੇ ਉਪਕਰਨ ਲੱਗੇ ਹੋਏ ਹਨ| ਨਾਸਾ ਵੱਲੋਂ ਇੱਕ ਲੇਜ਼ਰ ਉਪਕਰਨ (Passive Laser Retroreflector Array) ਪ੍ਰਯੋਗ ਦੇ ਤੌਰ ’ਤੇ ਲੈਂਡਰ ਵਿੱਚ ਲਗਾਇਆ ਗਿਆ ਹੈ| ਰੋਵਰ ’ਤੇ ਚੰਨ ਦੀ ਸਤ੍ਹਾ ਦੇ ਤੱਤਾਂ ਦਾ ਅਧਿਐਨ ਕਰਨ ਲਈ ਦੋ ਉਪਕਰਨ ਏਪੀਐਕਸਐੱਸ (APXS-Alpha Particle X-ray Spectrometer) ਤੇ ਐੱਲਆਈਬੀਐੱਸ (LIBS-Laser Induced Breakdown Spectroscope) ਲੱਗੇ ਹੋਏ ਹਨ|
ਵਿਗਿਆਨਕ ਖੋਜ ਤੋਂ ਇਲਾਵਾ ਚੰਦਰਯਾਨ-3 ਇਸਰੋ ਲਈ ਆਤਮ-ਵਿਸ਼ਵਾਸ ਵਧਾਉਣ ਦਾ ਕੰਮ ਵੀ ਕਰੇਗਾ, ਜੋ ਕਿ ਅਗਲੇ ਕੁਝ ਸਮੇਂ ਵਿੱਚ ਪਹਿਲੇ ਇਨਸਾਨੀ ਮਿਸ਼ਨ ਗਗਨਯਾਨ, ਸੂਰਜ ਨੂੰ ਘੋਖਣ ਲਈ ਅਦਿਤਯਾ-L1 ਅਤੇ ਸ਼ੁੱਕਰ ਗ੍ਰਹਿ ਵੱਲ ਸ਼ੁਕਰਯਾਨ ਵਰਗੇ ਮਿਸ਼ਨ ਭੇਜਣ ਦੀ ਤਿਆਰੀ ਵਿੱਚ ਹੈ| ਚੰਦਰਯਾਨ-2 ਦੀ ਅਸਫਲਤਾ ਨਾਲ ਥੋੜ੍ਹੇ ਨਿਢਾਲ ਹੋਏ ਇਸਰੋ ਦੇ ਵਿਗਿਆਨੀਆਂ ਲਈ ਇਸ ਮਿਸ਼ਨ ਦੀ ਸਫਲਤਾ ਟਾਨਿਕ ਦਾ ਕੰਮ ਕਰੇਗੀ| ਸ਼ਾਇਦ ਇਸਰੋ ਨੂੰ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਪਤਾ ਹੈ| ਇਸੇ ਲਈ ਹੀ ਚੰਦਰਯਾਨ-3 ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਇਸਰੋ ਸਿਰ ਤੋੜ ਯਤਨ ਕਰ ਰਿਹਾ ਹੈ| ਲੈਂਡਰ ਦੇ ਕੰਟਰੋਲ ਸਿਸਟਮ ਨੂੰ ਪਰਖਣ ਲਈ ਲੈਂਡਰ ਨੂੰ ਹੈਲੀਕਾਪਟਰ ਤੋਂ ਸੁੱਟ ਕੇ ਧਰਤੀ ’ਤੇ ਸੁਰੱਖਿਅਤ ਤਰੀਕੇ ਨਾਲ ਉਤਾਰਨ ਦਾ ਪ੍ਰੀਖਣ ਕੀਤਾ ਗਿਆ| ਇਸ ਦੀਆਂ ਲੈਂਡਿੰਗ ਕਰਵਾਉਣ ਵਾਲੀਆਂ ਲੱਤਾਂ ਨੂੰ ਵੀ ਕਈ ਕਿਸਮ ਦੇ ਪ੍ਰੀਖਣਾਂ ਵਿੱਚੋਂ ਲੰਘਣਾ ਪਿਆ| ਕੁਝ ਦਿਨ ਪਹਿਲਾਂ ਇਸਰੋ ਨੇ ਦੇਸ਼ ਭਰ ਦੇ ਤਕਰੀਬਨ 300 ਵਿਗਿਆਨੀਆਂ, ਪ੍ਰੋਫੈਸਰਾਂ ਅਤੇ ਵਿਸ਼ਾ ਮਾਹਰਾਂ ਨੂੰ ਬੁਲਾ ਕੇ ਪੂਰੇ ਮਿਸ਼ਨ ਦੀ ਪੜਚੋਲ ਕਰਵਾਈ।  ਉਮੀਦ ਹੈ, ਮਿਸ਼ਨ ’ਚ ਲੱਗੇ ਹਜ਼ਾਰਾਂ ਵਿਗਿਆਨੀਆਂ, ਤਕਨੀਸ਼ੀਅਨਾਂ ਅਤੇ ਹੋਰ ਸਹਿਯੋਗੀ ਸਟਾਫ਼ ਦੀ  ਮਿਹਨਤ ਰੰਗ ਲਿਆਏਗੀ ਅਤੇ ਚੰਦਰਯਾਨ-3 ਯਾਦਗਾਰੀ ਸਫਲਤਾ ਹੋ ਨਿੱਬੜੇਗਾ|
*ਵਿਗਿਆਨੀ ਇਸਰੋ, ਤਿਰੁਵਨੰਤਪੁਰਮ|
ਸੰਪਰਕ: 99957-65095

Advertisement

Advertisement
Tags :
Author Image

joginder kumar

View all posts

Advertisement
Advertisement
×