2024 ’ਚ ਇੰਡੀਆ ਦਾ ਮਾਡਲ ਅਤੇ ਸਿਆਸੀ ਸਮੀਕਰਨ
ਹੁਣ ਜਦੋਂ 2024 ਨੇ ਸਾਡੇ ਬੂਹਿਆਂ ’ਤੇ ਦਸਤਕ ਦੇ ਦਿੱਤੀ ਹੈ; ਸੁਭਾਵਿਕ ਹੈ ਕਿ ਭਾਰਤ ਵਾਸੀ ਇਹ ਚਾਹ ਰਹੇ ਹੋਣਗੇ ਕਿ ਇਹ ਵਰ੍ਹਾ ਸੁੱਖ ਸੁਨੇਹੇ ਲੈ ਕੇ ਆਵੇ ਕਿਉਂਕਿ 2023 ਦਾ ਸਾਲ ਬੜਾ ਕਸੂਤਾ ਜਿਹਾ (ਅਬਨਾਰਮਲ) ਸੀ ਜਿਸ ਵਿਚ ਹਰ ਸੂਬੇ ਦੇ ਲੋਕ ਅਸੁਰੱਖਿਅਤ ਮਹਿਸੂਸ ਕਰਦੇ ਰਹੇ, ਭਾਵੇਂ ਉਹ ‘ਪੰਜਾਬ ਵਾਰਿਸ ਦੇ’ ਦੇ ਆਪੇ ਮੁਖੀ ਬਣੇ ਸ਼ਖ਼ਸ ਦੀਆਂ ਆਪਹੁਦਰੀਆਂ ਸੀ, ਭਾਵੇਂ ਉਸ ਨੇ ਸਿੱਖ ਸੰਗਤ ਨੂੰ ਧਾਰਮਿਕ ਭਾਵਨਾਵਾਂ ਰਾਹੀਂ ਆਪਣੇ ਨਾਲ ਜੋੜਿਆ ਸੀ ਪਰ ਜਦੋਂ ਕੋਈ ਵੀ ਹਾਲਤ ਵਿਸਫੋਟਕ ਹੁੰਦੀ ਹੈ ਤਾਂ ਆਮ ਲੋਕਾਂ ਦਾ ਦਮ ਘੁਟਣ ਲੱਗਦਾ ਹੈ ਤੇ ਇਹੀ ਹੋਇਆ। ਬੀਤਿਆ ਵਰ੍ਹਾ ਸਿਆਸੀ ਪਾਰਟੀਆਂ ਦੀਆਂ ਨਿੱਜੀ ਰੰਜਿਸ਼ਾਂ ਹੇਠ ਲਤਾੜਿਆ ਜਾਂਦਾ ਰਿਹਾ ਤੇ ਆਮ ਸ਼ਹਿਰੀ ਹਾਸ਼ੀਏ ’ਤੇ ਚਲਾ ਗਿਆ। ਨਸ਼ਿਆਂ ਦਾ ਬੋਲਬਾਲਾ, ਬੇਰੁਜ਼ਗਾਰੀ, ਗੈਂਗਸਟਰਾਂ ਦੀਆਂ ਲੁੱਟਾਂ-ਖੋਹਾਂ ਨੇ ਪੰਜਾਬ ਨੂੰ ਜੜ੍ਹੋਂ ਹਿਲਾ ਕੇ ਰੱਖ ਦਿੱਤਾ। ਸੱਤਾਧਾਰੀ ਪਾਰਟੀ ਨੇ ਆਪਣੇ ਵਿਰੋਧੀਆਂ ਨੂੰ ਜੇਲ੍ਹਾਂ ’ਚ ਡੱਕਣ ਲਈ ਹਰ ਹੀਲਾ ਵਰਤਿਆ ਜਿਸ ਨਾਲ ਆਮ ਲੋਕਾਂ ਦਾ ਵਿਸ਼ਵਾਸ ਟੁੱਟਿਆ ਜਿਹੜਾ ਉਨ੍ਹਾਂ ਸਰਕਾਰ ਚੁਣਨ ਵੇਲੇ ਜਿਤਾਇਆ ਸੀ।
ਮਈ 2024 ਵਿਚ ਲੋਕਾਂ ਨੇ ਅਗਲੇ ਪੰਜਾਂ ਸਾਲਾਂ ਲਈ ਆਪਣੇ ਦੇਸ਼ ਦਾ ਨੁਮਾਇੰਦਾ ਚੁਣਨਾ ਹੈ ਜਿਸ ਲਈ ਹੁਣ ਤੋਂ ਹੀ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਦੋ ਵੱਡੀਆਂ ਮੁੱਖ ਪਾਰਟੀਆਂ ਭਾਜਪਾ ਅਤੇ ਕਾਂਗਰਸ ਉੱਭਰ ਕੇ ਸਾਹਮਣੇ ਆਈਆਂ ਹਨ। ‘ਇੰਡੀਆ’ ਗੱਠਜੋੜ ਭਾਜਪਾ ਨੂੰ ਕੁਰਸੀ ਤੋਂ ਹਟਾਉਣ ਲਈ ਇਕ ਮੰਚ ’ਤੇ ਇਕੱਠਾ ਹੋ ਰਿਹਾ ਹੈ ਪਰ ਜੇ ਸੀਟਾਂ ਨੂੰ ਲੈ ਕੇ ਖਿੱਚੋਤਾਣ ਹੁੰਦੀ ਰਹੀ ਤਾਂ ਪਾਸਾ ਪਲਟਣਾ ਅਸੰਭਵ ਹੋ ਜਾਣਾ ਹੈ।
ਪਿਛਲੀਆਂ ਚੋਣਾਂ ’ਚ ਭਾਜਪਾ ਨੇ 543 ’ਚੋਂ 303 ਸੀਟਾਂ `ਤੇ ਹੱਕ ਜਤਾਇਆ ਸੀ ਤੇ ਇਸ ਵਾਰ ਉਨ੍ਹਾਂ ਦਾ ਟੀਚਾ 400 ਸੀਟਾਂ ’ਤੇ ਜਿੱਤ ਹਾਸਿਲ ਕਰਨ ਦਾ ਹੈ। ਲੱਗਦਾ ਹੈ ਕਿ ਇਹ ਲੋਕਤੰਤਰ ਲਈ ਬਿਲਕੁੱਲ ਸਹੀ ਨਹੀਂ ਹੈ ਕਿਉਂਕਿ ਇਹ ਟੀਚਾ ਪੂਰਾ ਕਰਨ ਲਈ ਇਹ ਪਾਰਟੀ ਕੋਈ ਵੀ ਹੀਲਾ ਵਰਤ ਸਕਦੀ ਹੈ ਜੋ ਆਮ ਲੋਕਾਂ ਦੇ ਹੱਕਾਂ ’ਤੇ ਡਾਕਾ ਹੋ ਸਕਦਾ ਹੈ। ਇਸ ਨਾਲ ਸਮਾਜਿਕ ਸਮੀਕਰਨ ਹੋਰ ਵੀ ਵਿਗੜ ਜਾਣਗੇ। 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਮੰਦਰ ਦਾ ਉਦਘਾਟਨ ਹੋ ਰਿਹਾ ਹੈ। ਉੱਥੇ ਮੋਦੀ ਸਰਕਾਰ ਵੱਡਾ ਪੱਤਾ ਸੁੱਟ ਰਹੀ ਹੈ ਜਿਸ ਨਾਲ ਵੱਡੇ ਵੋਟ ਬੈਂਕ ਨੂੰ ਆਪਣੇ ਹੱਕ ’ਚ ਭੁਗਤਾਉਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੱਤਾਧਾਰੀ ਪਾਰਟੀ ਨੇ ਟਿਕੇ ਰਹਿਣ ਲਈ ਰਾਜਨੀਤੀ ’ਚ ਹਰ ਗੀਟੀ ਸੁੱਟਣੀ ਹੁੰਦੀ ਹੈ। ਚਾਹੀਦਾ ਤਾਂ ਇਹ ਹੈ ਕਿ ਸਭ ਕੁਝ ਵੋਟਰਾਂ ਲਈ ਖੁੱਲ੍ਹਾ ਛੱਡ ਦਿੱਤਾ ਜਾਵੇ। ਮੀਡੀਆ ਨੂੰ ਖਰੀਦਣਾ ਅਤੇ ਮੀਡੀਆ ਦਾ ਵਿਕ ਜਾਣਾ ਲੋਕਤੰਤਰ ਲਈ ਵੱਡਾ ਖ਼ਤਰਾ ਹੈ। ਸਮੇਂ ਦੀਆਂ ਸਰਕਾਰਾਂ ਆਪਣੇ ਵਿਰੁੱਧ ਉੱਠੀਆਂ ਆਵਾਜ਼ਾਂ ਨੂੰ ਸ਼ੁਰੂ ਤੋਂ ਹੀ ਦਬਾਉਂਦੀਆਂ ਆਈਆਂ ਨੇ। ਸੋ, ਲੋਕਤੰਤਰੀ ਰਾਜ ਦੀ ਨੀਂਹ ਕਦੇ ਵੀ ਨਹੀਂ ਰੱਖੀ ਜਾ ਸਕੀ।
ਦੂਜੇ ਪਾਸੇ, ‘ਇੰਡੀਆ’ ਗੱਠਜੋੜ ਸਰਗਰਮੀ ਫੜ ਰਿਹਾ ਹੈ ਅਤੇ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਾਰੇ ਸੂਬਿਆਂ ’ਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੀ ਲੀਡਰਸ਼ਿਪ ਨਾਲ ਵੀ ਮੀਟਿੰਗਾਂ ਹੋ ਰਹੀਆਂ ਹਨ। ਜੇ ਖੜਗੇ ਦੂਰਦ੍ਰਿਸ਼ਟੀ ਨਾਲ ਆਪਣੇ ਜਿ਼ਆਦਾ ਉਮੀਦਵਾਰ ਉਤਾਰਨ ਨਾਲ ਗੱਠਜੋੜ ਨੂੰ ਬਣਦੀਆਂ ਸੀਟਾਂ ਦੇਣ ਤਾਂ ਗੱਠਜੋੜ ਦੀ ਇਕਜੁੱਟਤਾ ਬਣੀ ਰਹਿ ਸਕਦੀ ਹੈ। ਭਾਜਪਾ ਦੀਆਂ ਕਈ ਮਾਰੂ ਨੀਤੀਆਂ ਤੋਂ ਲੋਕ ਅੰਦਰੋਂ ਦੁਖੀ ਹਨ, ਕਿਸਾਨ ਮੋਰਚੇ ਦਾ ਦਰਦ ਅਤੇ ਹੋਈਆਂ ਮੌਤਾਂ ਅਜੇ ਲੋਕ ਭੁੱਲੇ ਨਹੀਂ ਹਨ ਪਰ ਚੋਣਾਂ ਨੇੜੇ ਆ ਕੇ ਭਾਜਪਾ ਲੀਡਰਸ਼ਿਪ ਲੋਕ ਹਿੱਤਾਂ ਲਈ ਕਿਹੜੇ ਫ਼ੈਸਲੇ ਕਰਦੀ ਹੈ, ਇਸ ਬਾਰੇ ਅਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਪਿਛਲੇ ਸਾਲ ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਕੀਤੀ ਸੀ ਜਿਸ ਦਾ ਹਾਂ-ਪੱਖੀ ਹੁੰਗਾਰਾ ਮਿਲਿਆ ਸੀ ਤੇ ਹੁਣ ਉਹ ਮਨੀਪੁਰ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਕਰ ਰਿਹਾ ਹੈ ਜੋ ਤਬਦੀਲੀ ਲਿਆਉਣ ਲਈ ਸਹਾਈ ਹੋ ਸਕਦੀ ਹੈ।
ਜੇ ਕਾਂਗਰਸ ‘ਇੰਡੀਆ’ ਗੱਠਜੋੜ ਅੱਗੇ ਸੀਟਾਂ ਨੂੰ ਲੈ ਕੇ ਕੁਝ ਸ਼ਰਤਾਂ ਰੱਖਦੀ ਹੈ ਤਾਂ ਮੋਦੀ ਦੀ ਹੈਟ੍ਰਿਕ ਨੂੰ ਕੋਈ ਨਹੀਂ ਰੋਕ ਸਕਦਾ। ਇੱਥੇ ‘ਇੰਡੀਆ’ ਗੱਠਜੋੜ ਨੂੰ ਇਕ ਹੋਰ ਕਦਮ ਚੁੱਕਣਾ ਪਵੇਗਾ। ‘ਇੰਡੀਆ’ ਤਾਂ ਹੀ ਜਿੱਤੇਗਾ ਜੇ ਸਾਰਾ ਗੱਠਜੋੜ ਆਪੋ- ਆਪਣੀ ਪੀਪਣੀ ਵਜਾਉਣ ਅਤੇ ਸੀਟਾਂ ਦੀ ਵੰਡ ਦੀ ‘ਇੰਡੀਆ’ ਦੇ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣ। ਇਸ ਫ਼ੈਸਲੇ ਨੂੰ ਅਮਲੀ ਰੂਪ ਦੇਣ ਵਿਚ ਬਹੁਤ ਸਾਰੇ ਨਹੀਂ, ਪੋਟਿਆਂ ’ਤੇ ਗਿਣੇ ਜਾਣ ਵਾਲੇ ਅੜਿੱਕੇ ਹਨ। ਉਮੀਦਵਾਰ ਦੀ ਚੋਣ ਲਈ ‘ਕੌਮੀ ਤਲਾਸ਼ ਕਮੇਟੀ’ ਬਣਾ ਲਈ ਜਾਵੇ ਤੇ ਫਿਰ ਉਸ ਅਧੀਨ ਸੂਬਾਈ ਪੱਧਰ ਦੀਆਂ ਉਪ-ਕਮੇਟੀਆਂ ਬਣਾ ਲਈਆਂ ਜਾਣ ਜੋ ਮੁੱਖ ਕਮੇਟੀ ਨੂੰ ਸੁਝਾਅ ਦੇਣ ਕਿ ਫਲਾਣੀ ਲੋਕ ਸਭਾ ਚੋਣ ਲਈ ਪੰਜ ਨਾਮ ਢੁਕਵੇਂ ਹਨ। ਉਨ੍ਹਾਂ ਨਾਵਾਂ ਵਿਚੋਂ ਇਕ ’ਤੇ ਕੌਮੀ ਕਮੇਟੀ ਸਹਿਮਤੀ ਬਣਾ ਕੇ ਦੇਵੇ ਅਤੇ ਨਾਲ ਹੀ ਉਸ ਦੀ ਜਿ਼ੰਮੇਵਾਰੀ ਜਿਸ ਵੀ ਪਾਰਟੀ ਨੂੰ ਦੇਣੀ ਹੈ, ਦੇ ਦਿੱਤੀ ਜਾਵੇ। ਉਮੀਦਵਾਰ ਦੀ ਚੋਣ ਸਹੀ ਹੋਣੀ ਚਾਹੀਦੀ ਹੈ।
ਹੁਣ ਦੇਸ਼ ਦੇ ਲੋਕ ਸਹੀ ਅਰਥਾਂ ਵਿਚ ਉਨ੍ਹਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਉਮੀਦਵਾਰ ਚੁਣਨਾ ਚਾਹੁੰਦੇ ਹਨ, ਨਾ ਕਿ ਪਾਰਟੀਆਂ ਵੱਲੋਂ ਥੋਪੇ ਉਮੀਦਵਾਰਾਂ ਨੂੰ। ਸਿਤਮ ਵਾਲੀ ਗੱਲ ਇਹ ਹੈ ਕਿ ਉਹ ਲੋਕ ਜਿੱਤ ਕੇ ਚਲੇ ਜਾਂਦੇ ਹਨ ਜਿਨ੍ਹਾਂ ਨੂੰ ਆਪਣੇ ਲੋਕ ਸਭਾ ਹਲਕੇ ਅਤੇ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਦੀ ਸਮਝ ਨਾਂਹ ਦੇ ਬਰਾਬਰ ਹੈ। ਉਹ ਆਪਣੇ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਹੁੰਦੇ ਹਨ। ਇਸ ਕਰ ਕੇ ‘ਇੰਡੀਆ’ ਉਨ੍ਹਾਂ ਆਗੂਆਂ ਨੂੰ ਉਮੀਦਵਾਰ ਬਣਾਵੇ ਜੋ ਲੋਕ ਸਭਾ ਵਿਚ ਕਿਸੇ ਪਾਰਟੀ ਦੀ ਨਹੀਂ, ਲੋਕਾਂ ਦੀ ਪ੍ਰਤੀਨਿਧਤਾ ਕਰੇ। ਦੇਸ਼ ਹਿੱਤ ਲਈ ‘ਇੰਡੀਆ’ ਗੱਠਜੋੜ ਨੂੰ ਇਹ ਸਖ਼ਤ ਕਦਮ ਵੀ ਚੁੱਕਣਾ ਪਵੇਗਾ ਜੋ ਸਮੇਂ ਦੀ ਮੁੱਖ ਮੰਗ ਬਣ ਗਈ ਹੈ। ‘ਇੰਡੀਆ’ ਗੱਠਜੋੜ ਜੇ ਇੰਡੀਆ ਨੂੰ ਸਹੀ ਉਮੀਦਵਾਰ ਦੇਣ ਵਿਚ ਕੋਈ ਭੁੱਲ ਕਰ ਗਿਆ ਤਾਂ ਇਸ ਦਾ ਖਮਿਆਜ਼ਾ ਫਿਰ ਦੇਸ਼ ਨੂੰ ਭੁਗਤਣਾ ਪਵੇਗਾ। ਜੇ ਜਿੱਤ ਗਿਆ ਤਾਂ ਇੰਡੀਆ ਜਿੱਤਣਾ ਹੈ, ਜੇ ਹਾਰ ਗਿਆ ਤਾਂ ਗੱਠਜੋੜ ਵਿਚ ਸ਼ਾਮਿਲ ਪਾਰਟੀਆਂ ਹਾਰਨੀਆਂ ਹਨ।
ਜਿੱਤ ਮੰਤਰ ਇਸ ਵੇਲੇ ਉਮੀਦਵਾਰਾਂ ਦੀ ਸਹੀ ਚੋਣ ’ਤੇ ਹੀ ਨਿਰਭਰ ਹੈ। ਫਿਲਮੀ ਕਲਾਕਾਰਾਂ ਜਾਂ ਕੋਈ ਹੋਰ ਕਲਾਕਾਰ, ਖਿਡਾਰੀ ਜਾਂ ਕੋਈ ਗਿਆਨੀ, ਧਿਆਨੀ ਜਾਂ ਫਿਰ ਵਿਗਿਆਨੀ ਨੂੰ ਉਮੀਦਵਾਰ ਬਣਾਉਣ ਦੀ ਥਾਂ ਸੂਝਵਾਨ, ਇਮਾਨਦਾਰ, ਧਰਮ ਨਿਰਪੱਖ, ਉੱਚ ਯੋਗਤਾ ਪ੍ਰਾਪਤ ਉਮੀਦਵਾਰ ਹੋਣੇ ਚਾਹੀਦੇ ਹਨ। ਅਨਪੜ੍ਹ, ਘੱਟ ਪੜ੍ਹੇ ਲਿਖੇ, ਦਾਗ਼ੀ ਜਾਂ ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਬਣਾਉਣ ਦੀ ਪ੍ਰਵਾਨਗੀ ਨਾ ਦਿੱਤੀ ਜਾਵੇ। ਅਜਿਹੇ ਉਮੀਦਵਾਰ ਕਿਸੇ ਵੀ ਪਾਰਟੀ ਦੀ ਬੇੜੀ ਡੋਬ ਸਕਦੇ ਹਨ। ਅਜਿਹੇ ਉਮੀਦਵਾਰਾਂ ਦੀ ਸਿਆਸਤ ਦਾ ਅਸਲ ਭਾਵਨਾ ਨਾਲ ਦੂਰ ਦਾ ਵੀ ਸਬੰਧ ਨਹੀਂ ਹੁੰਦਾ। ਅਜਿਹੇ ਲੋਕਾਂ ਨੇ ਇੰਡੀਆ ਲਈ ਨਹੀਂ, ਆਪਣੇ ਆਪ ਲਈ ਕੰਮ ਕਰਨਾ ਹੁੰਦਾ ਹੈ। ਅਜਿਹੇ ਲੋਕਾਂ ਦੀ ਨਬਜ਼ ਕਿਸੇ ਸਿਆਸੀ ਮਾਹਿਰ ਕੋਲੋਂ ਟਟੋਲ ਲੈਣੀ ਚਾਹੀਦੀ ਹੈ। ਸਮੇਂ ਤੋਂ ਪਹਿਲਾਂ ਹੀ ਅਜਿਹੇ ਲੋਕ ਪਾਰਟੀ ਅੰਦਰ ਘੁਸਪੈਠ ਕਰਨ ’ਚ ਸਫਲ ਹੋ ਜਾਂਦੇ ਹਨ ਤਾਂ ਇਹ ਮਾੜੀ ਸਿਆਸਤ ਦੀ ਉਦਾਹਰਨ ਹੋ ਸਕਦੀ ਹੈ। ਜੇ ਸੀਟਾਂ ਦੀ ਵੰਡ ਅਤੇ ਉਮੀਦਵਾਰਾਂ ਦੀ ਚੋਣ ਵਾਲਾ ਮਸਲਾ ਚੰਗੀ ਤਰ੍ਹਾਂ ਸਿਰੇ ਨਹੀਂ ਚੜ੍ਹਿਆ ਤਾਂ ਨਾ ਭਾਰਤ ਜੁੜੇਗਾ ਤੇ ਨਾ ਹੀ ਇੰਡੀਆ ਜਿੱਤੇਗਾ। ਉਮੀਦਵਾਰ ਅਤੇ ਸੀਟ ਵੰਡ ਦੀ ਚੋਣ ਦਾ ਫ਼ੈਸਲਾ ਪਾਰਟੀਆਂ ਦਾ ਨਹੀਂ, ‘ਇੰਡੀਆ’ ਦਾ ਹੋਣਾ ਚਾਹੀਦਾ ਹੈ। ਜੇ ਚੋਣਾਂ ਤੋਂ ਪਹਿਲਾਂ ਹੀ ਖਿਲਾਰਾ ਪਾ ਲਿਆ ਤਾਂ ਸੰਭਾਲਿਆ ਵੀ ਨਹੀਂ ਜਾਣਾ।
ਸੰਪਰਕ: 99884-23237