ਭਾਰਤ ਦੀ ਵਿਕਾਸ ਦਰ 6.6 ਫ਼ੀਸਦ ਰਹਿਣ ਦਾ ਅੰਦਾਜ਼ਾ
ਸੰਯੁਕਤ ਰਾਸ਼ਟਰ, 10 ਜਨਵਰੀ
ਮਜ਼ਬੂਤ ਖਪਤ ਅਤੇ ਨਿਵੇਸ਼ ਦੇ ਆਧਾਰ ’ਤੇ ਭਾਰਤ ਦੀ ਵਿਕਾਸ ਦਰ 2025 ’ਚ 6.6 ਫ਼ੀਸਦ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ। ਸੰਯੁਕਤ ਰਾਸ਼ਟਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਪੂੰਜੀਗਤ ਖ਼ਰਚੇ ਦਾ ਆਉਂਦੇ ਸਾਲਾਂ ’ਚ ਕਈ ਗੁਣਾ ਅਸਰ ਪੈਣ ਦੀ ਉਮੀਦ ਹੈ। ‘ਯੂਐੱਨ ਆਲਮੀ ਆਰਥਿਕ ਹਾਲਾਤ ਅਤੇ ਸੰਭਾਵਨਾਵਾਂ 2025’ ਰਿਪੋਰਟ ’ਚ ਦੱਖਣੀ ਏਸ਼ੀਆ ’ਚ ਵਿਕਾਸ ਦਰ 5.7 ਫ਼ੀਸਦ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ ਅਤੇ 2026 ’ਚ ਇਸ ਦੇ 6 ਫ਼ੀਸਦੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਰਿਪੋਰਟ ਮੁਤਾਬਕ ਭਾਰਤ ਦੀ ਵਧੀਆ ਕਾਰਗੁਜ਼ਾਰੀ ਅਤੇ ਭੂਟਾਨ, ਨੇਪਾਲ ਤੇ ਸ੍ਰੀਲੰਕਾ ਸਮੇਤ ਕੁਝ ਹੋਰ ਅਰਥਚਾਰਿਆਂ ’ਚ ਸੁਧਾਰ ਕਾਰਨ ਵਿਕਾਸ ਦਰ ਵਧਣ ਦੀ ਆਸ ਜਤਾਈ ਗਈ ਹੈ। ਸਾਲ 2024 ’ਚ ਭਾਰਤ ਦੀ ਵਿਕਾਸ ਦਰ 6.8 ਫ਼ੀਸਦ ਰਹੀ ਅਤੇ ਮੌਜੂਦਾ ਵਰ੍ਹੇ ਇਹ 6.6 ਫ਼ੀਸਦ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਸਾਲ 2026 ’ਚ ਭਾਰਤੀ ਅਰਥਚਾਰਾ ਮੁੜ ਲੀਹਾਂ ’ਤੇ ਹੋਵੇਗਾ ਅਤੇ ਵਿਕਾਸ ਦਰ 6.8 ਫ਼ੀਸਦ ਰਹਿ ਸਕਦੀ ਹੈ। -ਪੀਟੀਆਈ