ਭਾਰਤ ਦਾ ਪਹਿਲਾ ਓਲੰਪੀਅਨ ਨੌਰਮਨ ਪ੍ਰਿਚਰਡ
ਨੌਰਮਨ ਪ੍ਰਿਚਰਡ ਜਿੰਨਾ ਤਕੜਾ ਖਿਡਾਰੀ ਸੀ ਓਨਾ ਹੀ ਵਧੀਆ ਫਿਲਮੀ ਅਦਾਕਾਰ। ਓਲੰਪਿਕ ਖੇਡਾਂ ਦੇ ਰਿਕਾਰਡ ਅਨੁਸਾਰ ਉਹ ਭਾਰਤ ਦਾ ਪਹਿਲਾ ਓਲੰਪਿਕ ਮੈਡਲਿਸਟ ਮੰਨਿਆ ਜਾਂਦਾ ਹੈ। ਕੁਝ ਖੇਡ ਖੋਜੀ ਇਸ ’ਤੇ ਕਿੰਤੂ ਪ੍ਰੰਤੂ ਵੀ ਕਰਦੇ ਹਨ ਅਤੇ ਉਸ ਨੂੰ ਬ੍ਰਿਟਿਸ਼ ਅਥਲੀਟ ਕਹਿੰਦੇ ਹਨ। ਅਸਲੀਅਤ ਇਹ ਹੈ ਕਿ ਉਸ ਦੇ ਮਾਪੇ ਬ੍ਰਿਟਿਸ਼ ਸਨ, ਪਰ ਉਹ ਜੰਮਿਆ ਪਲਿਆ ਕਲਕੱਤੇ ਵਿੱਚ ਸੀ ਜਿਸ ਨੂੰ ਹੁਣ ਕੋਲਕਾਤਾ ਕਹਿੰਦੇ ਹਨ। ਉਹ ਕੇਵਲ 54 ਸਾਲ ਜੀਵਿਆ। ਪਿੱਛੇ ਆਪਣੀ ਇਕਲੌਤੀ ਧੀ ਛੱਡ ਗਿਆ ਸੀ ਜਿਸ ਦੀ ਬਾਅਦ ਵਿੱਚ ਕੋਈ ਉੱਘ ਸੁੱਘ ਨਹੀਂ ਮਿਲੀ।
ਪੈਰਿਸ ਦੀਆਂ ਓਲੰਪਿਕ ਖੇਡਾਂ-1900 ਵਿੱਚੋਂ ਉਸ ਨੇ 2 ਸਿਲਵਰ ਮੈਡਲ ਜਿੱਤੇ ਸਨ। ਖੇਡਾਂ ਤੋਂ ਪਹਿਲਾਂ ਉਹ ਬ੍ਰਿਟਿਸ਼ ਇੰਡੀਆ ਦੇ ਪਾਸਪੋਰਟ ਨਾਲ ਲੰਡਨ ਪਹੁੰਚਿਆ ਸੀ ਜਿੱਥੇ ਬ੍ਰਿਟੇਨ ਐਮੇਚਿਓਰ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਕਰਾਈ ਨੈਸ਼ਨਲ ਚੈਂਪੀਅਨਸ਼ਿਪ ਵਿੱਚ 120 ਗਜ਼ ਹਰਡਲਜ਼ ਦੌੜ ’ਚੋਂ ਦੂਜੇ ਸਥਾਨ ’ਤੇ ਆਇਆ। ਗ੍ਰੇਟ ਬ੍ਰਿਟੇਨ ਨੇ ਉਸੇ ਚੈਂਪੀਅਨਸ਼ਿਪ ਨੂੰ ਓਲੰਪਿਕ ਖੇਡਾਂ ਲਈ ਟਰਾਇਲ ਮੰਨ ਕੇ ਨੌਰਮਨ ਨੂੰ ਪੈਰਿਸ ਦੀਆਂ ਓਲੰਪਿਕ ਖੇਡਾਂ ਲਈ ਆਪਣੀ ਟੀਮ ਵਿੱਚ ਚੁਣ ਲਿਆ ਸੀ, ਪਰ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਉਹਦੇ ਬ੍ਰਿਟਿਸ਼ ਇੰਡੀਅਨ ਪਾਸਪੋਰਟ ਦੇ ਆਧਾਰ ’ਤੇ ਉਸ ਨੂੰ ਭਾਰਤ ਦਾ ਖਿਡਾਰੀ ਰਜਿਸਟਰ ਕੀਤਾ। ਇੰਜ ਆਈਓਸੀ ਦੇ ਰਿਕਾਰਡ ਅਨੁਸਾਰ ਉਹਦੇ ਜਿੱਤੇ ਓਲੰਪਿਕ ਮੈਡਲ ਭਾਰਤ ਦੇ ਮੰਨੇ ਜਾਂਦੇ ਹਨ।
ਜਦੋਂ ਨੌਰਮਨ ਨੇ ਪੈਰਿਸ ਓਲੰਪਿਕ ਖੇਡਾਂ ਵਿੱਚ ਭਾਗ ਲਿਆ ਉਦੋਂ ਬਹੁਤੇ ਮੁਲਕਾਂ ਦੀਆਂ ਓਲੰਪਿਕ ਕਮੇਟੀਆਂ ਨਹੀਂ ਸੀ ਬਣੀਆਂ। ਜਿਨ੍ਹਾਂ ਮੁਲਕਾਂ ਦੀਆਂ ਓਲੰਪਿਕ ਕਮੇਟੀਆਂ ਨਹੀਂ ਸੀ, ਉਦੋਂ ਉਨ੍ਹਾਂ ਦੇ ਖਿਡਾਰੀ ਵੀ ਓਲੰਪਿਕ ਖੇਡਾਂ ਵਿੱਚ ਖਿਡਾ ਲਏ ਜਾਂਦੇ ਸਨ। ਉਹ ਜਿਸ ਮੁਲਕ ਦਾ ਖਿਡਾਰੀ ਹੋਣ ਦਾ ਸਬੂਤ ਦਿੰਦੇ, ਉਹੀ ਉਹਦਾ ਮੁਲਕ ਲਿਖ ਲਿਆ ਜਾਂਦਾ। ਜੇਕਰ ਉਹ ਓਲੰਪਿਕ ਮੈਡਲ ਜਿੱਤ ਜਾਂਦੇ ਤਾਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਉਹਦਾ ਮੈਡਲ ਉਸੇ ਮੁਲਕ ਦਾ ਮੰਨ ਲੈਂਦੀ ਜੋ ਉਸ ਦੇ ਰਿਕਾਰਡ ਵਿੱਚ ਦਰਜ ਹੋ ਜਾਂਦਾ। ਨੌਰਮਨ ਪ੍ਰਿਚਰਡ ਦੇ ਜਿੱਤੇ ਦੋਵੇਂ ਮੈਡਲ ਇਸੇ ਕਰਕੇ ਭਾਰਤ ਦੇ ਮੈਡਲ ਮੰਨੇ ਜਾਂਦੇ ਹਨ। ਇੰਡੀਅਨ ਓਲੰਪਿਕ ਕਮੇਟੀ ਵੱਲੋਂ ਪਹਿਲੀ ਵਾਰ ਪੰਜ ਭਾਰਤੀ ਖਿਡਾਰੀ 1920 ਦੀਆਂ ਓਲੰਪਿਕ ਖੇਡਾਂ ’ਚ ਭੇਜੇ ਗਏ ਸਨ ਜਿਨ੍ਹਾਂ ’ਚੋਂ ਕੋਈ ਵੀ ਮੈਡਲ ਨਹੀਂ ਸੀ ਜਿੱਤ ਸਕਿਆ।
ਨੌਰਮਨ ਪ੍ਰਿਚਰਡ ਨੇ ਓਲੰਪਿਕ ਖੇਡਾਂ ਦੇ ਦੋ ਮੈਡਲ ਜਿੱਤਣ ਪਿੱਛੋਂ ਖੇਡ ਮੁਕਾਬਲਿਆਂ ਤੋਂ ਰਿਟਾਇਰਮੈਂਟ ਲੈ ਲਈ ਸੀ। ਫਿਰ ਉਸ ਨੇ 26 ਨਾਟਕ ਖੇਡੇ ਤੇ 27 ਫਿਲਮਾਂ ਵਿੱਚ ਕੰਮ ਕੀਤਾ। ਉਸ ਨੇ ਆਪਣਾ ਫਿਲਮੀ ਨਾਂ ਨੌਰਮਨ ਟ੍ਰੈਵੋਰ ਰੱਖਿਆ। ਇਹ ਹਕੀਕਤ ਹੈ ਕਿ ਨੌਰਮਨ ਪ੍ਰਿਚਰਡ ਬਰਤਾਨਵੀ ਸੀ ਤੇ ਐਂਗਲੋ ਇੰਡੀਅਨ ਵੀ। ਉਹ ਲੰਡਨ ਦੇ ਕਲੱਬਾਂ ਵਿੱਚ ਵੀ ਖੇਡਿਆ ਤੇ ਬੰਗਾਲ ਦੇ ਕਲੱਬਾਂ ਵਿੱਚ ਵੀ। ਉਸ ਨੇ ਦੋਹੀਂ ਪਾਸੀਂ ਜਿੱਤਾਂ ਹਾਸਲ ਕੀਤੀਆਂ ਜੋ ਖੇਡ ਰਿਕਾਰਡਾਂ ਵਿੱਚ ਦਰਜ ਹਨ।
ਨੌਰਮਨ ਸਬੰਧੀ ਹੁਣ ਤੱਕ ਜੋ ਖੋਜ ਹੋਈ ਹੈ ਉਸ ਮੁਤਾਬਿਕ ਉਹਦੇ ਪਿਤਾ ਜਾਰਜ ਪੀਟਰਸਨ ਪ੍ਰਿਚਰਡ ਅਤੇ ਮਾਤਾ ਹੈਲਨ ਮੇਨਾਰਡ ਪ੍ਰਿਚਰਡ ਬਰਤਾਨੀਆ ਤੋਂ ਕਲਕੱਤੇ ਆਏ ਸਨ। 23 ਜੂਨ 1875 ਨੂੰ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਨੌਰਮਨ ਗਿਲਬਰਟ ਪ੍ਰਿਚਰਡ ਰੱਖਿਆ ਗਿਆ। ਖੋਜੀ ਇਤਿਹਾਸਕਾਰ ਕੀਥ ਮੋਰਬੇ ਨੇ ਲੰਡਨ ਦੀ ਬ੍ਰਿਟਿਸ਼ ਲਾਇਬ੍ਰੇਰੀ ਦੇ ਇੰਡੀਅਨ ਆਫਿਸ ਰਿਕਾਰਡਜ਼ ਵਿੱਚੋਂ ਉਸ ਦਾ ਜਨਮ ਸਰਟੀਫਿਕੇਟ ਤੇ ਇਸਾਈ ਹੋਣ ਦਾ ਅਤਾ ਪਤਾ ਵੀ ਲੱਭ ਲਿਆ। ਜਨਮ ਪੱਖੋਂ ਉਹ ਭਾਰਤੀ ਸੀ ਤੇ ਮਾਪਿਆਂ ਪੱਖੋਂ ਬਰਤਾਨਵੀ। ਉਸ ਦੇ ਬਾਪ ਦਾ ਕਿੱਤਾ ‘ਅਕਾਊਂਟੈਂਟ’ ਤੇ ਰਿਹਾਇਸ਼ ਅਲੀਪੁਰ ਸੀ। ਨੌਰਮਨ ਨੇ ਆਪਣੀ ਸਕੂਲੀ ਪੜ੍ਹਾਈ ਸੇਂਟ ਜੇਮਸ ਸਕੂਲ ਵਿੱਚ ਕੀਤੀ। 1892 ਵਿੱਚ ਉਹ ਕਲਕੱਤੇ ਦੇ ਸੇਂਟ ਜੇਵੀਅਰਜ਼ ਕਾਲਜ ਦਾ ਵਿਦਿਆਰਥੀ ਸੀ। ਉਸੇ ਕਾਲਜ ਵਿੱਚ ਉਸ ਦਾ ਖੇਡ ਕਰੀਅਰ ਸ਼ੁਰੂ ਹੋਇਆ ਸੀ।
ਕਾਲਜ ਵਿੱਚ ਪੜ੍ਹਦਿਆਂ ਪਹਿਲਾਂ ਉਹ ਦੌੜਾਂ ਤੇ ਛਾਲਾਂ ਲਾਉਂਦਾ ਸੀ, ਫਿਰ ਰਗਬੀ ਤੇ ਫੁੱਟਬਾਲ ਖੇਡਣ ਲੱਗ ਪਿਆ ਸੀ। ਜੁਲਾਈ 1897 ਵਿੱਚ ਉਹਦੇ ਕਾਲਜ ਦਾ ਫੁੱਟਬਾਲ ਮੈਚ ਸੋਵਾਬਜ਼ਾਰ ਦੀ ਟੀਮ ਵਿਰੁੱਧ ਹੋਇਆ ਤਾਂ ਨੌਰਮਨ ਨੇ ਹੈਟ੍ਰਿਕ (ਉੱਤੋੜੁੱਤੀ ਤਿੰਨ ਗੋਲ) ਮਾਰਿਆ। ਕਿਹਾ ਜਾਂਦਾ ਹੈ ਕਿ ਭਾਰਤ ਦੀ ਧਰਤੀ ’ਤੇ ਫੁੱਟਬਾਲ ਦੀ ਖੇਡ ਦਾ ਉਹ ਪਹਿਲਾ ਹੈਟ੍ਰਿਕ ਸੀ। ਉਹ ਤੇਜ਼ਤਰਾਰ ਦੌੜਾਕ ਵੀ ਸੀ। 1894 ਤੋਂ 1900 ਤੱਕ ਉਹ 100 ਗਜ਼ ਦੀ ਦੌੜ ਵਿੱਚ ਸੱਤ ਵਾਰ ਬੰਗਾਲ ਦਾ ਸਟੇਟ ਚੈਂਪੀਅਨ ਬਣਿਆ। 1898-99 ਦੀ ਮੀਟ ਸਮੇਂ ਉਹਦਾ 100 ਗਜ਼ ਦੀ ਦੌੜ 9.8 ਸਕਿੰਟ ਵਿੱਚ ਲਾਉਣ ਦਾ ਰਿਕਾਰਡ 1913 ਤੱਕ ਕਾਇਮ ਰਿਹਾ। ਉਸ ਨੇ 440 ਗਜ਼ ਦੌੜ ਤੇ 120 ਗਜ਼ ਦੀ ਹਰਡਲਜ਼ ਦੌੜ ਦੇ ਨਵੇਂ ਰਿਕਾਰਡ ਰੱਖੇ। 1900 ਵਿੱਚ ਉਸ ਨੇ ਲੰਡਨ ਵਿਖੇ ਹੋਈ ਬਰਤਾਨੀਆ ਦੀ ਏਏਏ ਚੈਂਪੀਅਨਸ਼ਿਪ ਵਿੱਚ ਭਾਗ ਲਿਆ। ਉੱਥੇ ਉਹ 120 ਗਜ਼ ਹਰਡਲਜ਼ ਦੌੜ ਵਿੱਚ ਸੈਕਿੰਡ ਆਇਆ ਤੇ ਓਲੰਪਿਕ ਖੇਡਾਂ ਲਈ ਗ੍ਰੇਟ ਬਰਤਾਨੀਆ ਦੀ ਟੀਮ ਵਿੱਚ ਚੁਣਿਆ ਗਿਆ। ਇਸੇ ਕਰਕੇ ਗ੍ਰੇਟ ਬਰਤਾਨੀਆ ਵਾਲੇ ਉਸ ਦੇ ਓਲੰਪਿਕ ਮੈਡਲਾਂ ਨੂੰ ਆਪਣੇ ਮੈਡਲ ਕਹਿੰਦੇ ਹਨ।
ਦੂਜੇ ਪਾਸੇ ਕਲਕੱਤੇ ਦਾ ਜੰਮਪਲ ਹੋਣ ਕਰਕੇ ਤੇ ਬ੍ਰਿਟਿਸ਼ ਇੰਡੀਅਨ ਪਾਸਪੋਰਟ ਕਰਕੇ ਨੌਰਮਨ ਨੂੰ ਭਾਰਤ ਦਾ ਖਿਡਾਰੀ ਸਮਝਦਿਆਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਉਸ ਨੂੰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕੀਤਾ ਸੀ। ਇੰਜ ਕਰਨ ਨਾਲ ਓਲੰਪਿਕ ਖੇਡਾਂ ਦਾ ਦਾਇਰਾ ਭਾਰਤ ਤੇ ਏਸ਼ੀਆ ਤੱਕ ਫੈਲਦਾ ਸੀ ਜੋ ਓਲੰਪਿਕ ਲਹਿਰ ਦੀ ਲੋੜ ਵੀ ਸੀ। ਇਹਦੇ ਨਾਲ ਭਾਰਤ ਦਾ ਵੀ ਨਾਂ ਬਣਦਾ ਸੀ ਜਿੱਥੇ ਓਲੰਪਿਕ ਖੇਡਾਂ ਦੀ ਲਹਿਰ ਅਜੇ ਅੱਪੜੀ ਹੀ ਨਹੀਂ ਸੀ। ਬਿਨਾਂ ਜ਼ੋਰ ਲਾਏ ਕਿਸੇ ਮੁਲਕ ਨੂੰ ਓਲੰਪਿਕ ਖੇਡਾਂ ਦਾ ਮੈਡਲ ਮਿਲੇ ਤਾਂ ਕੌਣ ਇਨਕਾਰ ਕਰਦੈ? ਬਲਕਿ ਹੁੱਬ ਨਾਲ ਦੱਸਦੈ ਕਿ ਨੌਰਮਨ ਪ੍ਰਿਚਰਡ ਨੇ ਭਾਰਤ ਨੂੰ ਓਲੰਪਿਕ ਖੇਡਾਂ ਦੀ ਜਾਗ ਲਾਈ। ਇਸੇ ਕਰਕੇ ਨੌਰਮਨ ਨੂੰ ਭਾਰਤ ਦਾ ਆਦਰਸ਼ ਖਿਡਾਰੀ ਕਿਹਾ ਗਿਆ।
ਬ੍ਰਿਟਿਸ਼ ਇੰਡੀਆ ਤੇ ਆਜ਼ਾਦ ਭਾਰਤ ਦੇ ਓਲੰਪਿਕ ਖੇਡਾਂ ’ਚੋਂ ਜਿੱਤੇ ਕੁੱਲ ਮੈਡਲ 41 ਹਨ। ਪੈਰਿਸ-1900 ’ਚੋਂ ਨੌਰਮਨ ਪ੍ਰਿਚਰਡ ਦੇ 2 ਸਿਲਵਰ ਮੈਡਲ। ਐਮਸਟਰਡਮ-1928, ਲਾਸ ਏਂਜਲਸ-1932 ਤੇ ਬਰਲਿਨ-1936 ’ਚੋਂ ਭਾਰਤੀ ਹਾਕੀ ਟੀਮਾਂ ਦੇ 3 ਗੋਲਡ ਮੈਡਲ। ਲੰਡਨ-1948 ਵਿੱਚੋਂ ਭਾਰਤੀ ਹਾਕੀ ਟੀਮ ਦਾ 1 ਗੋਲਡ ਮੈਡਲ ਤੇ ਕੇ.ਡੀ. ਯਾਦਵ ਦਾ ਕੁਸ਼ਤੀ ਵਿੱਚ ਕਾਂਸੀ ਦਾ ਇੱਕ ਮੈਡਲ। ਰੋਮ-1960 ਵਿੱਚ ਹਾਕੀ ਦਾ 1 ਸਿਲਵਰ ਮੈਡਲ। ਟੋਕੀਓ-1964 ’ਚੋਂ ਹਾਕੀ ਦਾ 1 ਗੋਲਡ ਮੈਡਲ। ਮੈਕਸੀਕੋ-1968 ਤੇ ਮਿਊਨਿਖ-1972 ’ਚੋਂ ਹਾਕੀ ਦੇ ਦੋ ਕਾਂਸੀ ਦੇ ਮੈਡਲ। ਮਾਸਕੋ-1980 ਵਿੱਚ ਹਾਕੀ ਦਾ 1 ਗੋਲਡ ਮੈਡਲ। ਐਟਲਾਂਟਾ-1996 ਵਿੱਚ ਲੀਏਂਡਰ ਪੇਸ ਦਾ ਟੈਨਿਸ ’ਚੋਂ ਇੱਕ ਕਾਂਸੀ ਦਾ ਮੈਡਲ। ਸਿਡਨੀ-2000 ਵਿੱਚ ਕਰਨਮ ਮਲੇਸ਼ਵਰੀ ਦਾ ਵੇਟਲਿਫਟਿੰਗ ’ਚੋਂ 1 ਕਾਂਸੀ ਦਾ ਮੈਡਲ। ਏਥਨਜ਼-2004 ਵਿੱਚ ਰਾਜਵਰਧਨ ਸਿੰਘ ਰਾਠੌਰ ਦਾ ਸ਼ੂਟਿੰਗ ’ਚੋਂ 1 ਸਿਲਵਰ ਮੈਡਲ। ਬੀਜਿੰਗ-2008 ਵਿੱਚ ਅਭਿਨਵ ਸਿੰਘ ਬਿੰਦਰਾ ਦਾ ਸ਼ੂਟਿੰਗ ’ਚੋਂ 1 ਗੋਲਡ, ਵਿਜੇਂਦਰ ਸਿੰਘ ਦਾ ਮੁੱਕੇਬਾਜ਼ੀ ’ਚੋਂ 1 ਕਾਂਸੀ ਤੇ ਸੁਸ਼ੀਲ ਕੁਮਾਰ ਦਾ ਪਹਿਲਵਾਨੀ ’ਚੋਂ 1 ਕਾਂਸੀ ਦਾ ਮੈਡਲ। ਲੰਡਨ-2012 ਵਿੱਚ ਵਿਜੇ ਕੁਮਾਰ ਦਾ ਸ਼ੂਟਿੰਗ ’ਚੋਂ 1 ਸਿਲਵਰ, ਸੁਸ਼ੀਲ ਕੁਮਾਰ ਦਾ ਕੁਸ਼ਤੀ ’ਚੋਂ 1 ਸਿਲਵਰ, ਗਗਨ ਨਾਰੰਗ ਦਾ ਸ਼ੂਟਿੰਗ ’ਚੋਂ 1 ਕਾਂਸੀ, ਸਾਇਨਾ ਨੇਹਵਾਲ ਦਾ ਬੈਡਮਿੰਟਨ ’ਚੋਂ 1 ਕਾਂਸੀ, ਮੈਰੀ ਕੌਮ ਦਾ ਬੌਕਸਿੰਗ ’ਚੋਂ 1 ਕਾਂਸੀ ਤੇ ਯੋਗੇਸ਼ਵਰ ਦੱਤ ਦਾ ਕੁਸ਼ਤੀ ’ਚੋਂ 1 ਕਾਂਸੀ ਦਾ ਮੈਡਲ। ਰੀਓ-2016 ਵਿੱਚ ਪੀਵੀ ਸਿੰਧੂ ਦਾ ਬੈਡਮਿੰਟਨ ’ਚੋਂ 1 ਸਿਲਵਰ ਤੇ ਸਾਕਸ਼ੀ ਮਲਿਕ ਦਾ ਪਹਿਲਵਾਨੀ ’ਚੋਂ 1 ਕਾਂਸੀ ਦਾ ਮੈਡਲ। ਟੋਕੀਓ-2020 ਵਿੱਚ ਨੀਰਜ ਚੋਪੜਾ ਦਾ ਜੈਵਲਿਨ ’ਚੋਂ 1 ਗੋਲਡ, ਰਾਜ ਕੁਮਾਰ ਦਾਹੀਆ ਦਾ ਪਹਿਲਵਾਨੀ ’ਚੋਂ 1 ਸਿਲਵਰ, ਮੀਰਾ ਬਾਈ ਚਾਨੂੰ ਦਾ ਵੇਟਲਿਫਟਿੰਗ ’ਚੋਂ 1 ਸਿਲਵਰ, ਪੀਵੀ ਸਿੰਧੂ ਦਾ ਬੈਡਮਿੰਟਨ ਤੋਂ 1 ਕਾਂਸੀ, ਲੋਵਲੀਨਾ ਦਾ ਬੌਕਸਿੰਗ ’ਚੋਂ 1 ਕਾਂਸੀ, ਹਾਕੀ ਟੀਮ ਦਾ 1 ਕਾਂਸੀ ਤੇ ਬਜਰੰਗ ਪੂਨੀਆ ਦਾ ਕੁਸ਼ਤੀ ’ਚੋਂ 1 ਕਾਂਸੀ ਦਾ ਮੈਡਲ। ਪੈਰਿਸ-2024 ਵਿੱਚ ਨੀਰਜ ਚੋਪੜਾ ਦਾ ਜੈਵਲਿਨ ’ਚੋਂ 1 ਸਿਲਵਰ, ਮਨੂੰ ਭਾਕਰ ਦਾ ਸ਼ੂਟਿੰਗ ’ਚੋਂ 1 ਕਾਂਸੀ, ਸਰਬਜੋਤ ਸਿੰਘ ਤੇ ਮਨੂੰ ਭਾਕਰ ਦਾ ਸ਼ੂਟਿੰਗ ’ਚੋਂ 1 ਕਾਂਸੀ, ਹਾਕੀ ’ਚੋਂ 1 ਕਾਂਸੀ, ਕੁਸ਼ਾਲੇ ਦਾ ਕੁਸ਼ਤੀ ’ਚੋਂ 1 ਕਾਂਸੀ ਤੇ ਅਮਨ ਸ਼ਹਿਰਾਵਤ ਦਾ ਕੁਸ਼ਤੀ ’ਚੋਂ 1 ਕਾਂਸੀ ਦਾ ਮੈਡਲ। ਇੰਜ ਭਾਰਤ ਦੇ ਕੁਲ 10 ਗੋਲਡ ਮੈਡਲ ਹਨ, 10 ਸਿਲਵਰ ਮੈਡਲ ਤੇ 21 ਕਾਂਸੀ ਦੇ ਮੈਡਲ ਹਨ।
ਸਾਲ 2024 ਵਿੱਚ ਭਾਰਤ ਨੇ ਪਹਿਲੀ ਵਾਰ ਆਈਓਸੀ ਨੂੰ ਓਲੰਪਿਕ ਖੇਡਾਂ ਕਰਾਉਣ ਦਾ ਇਰਾਦਾ ਪੱਤਰ ਲਿਖਿਆ ਹੈ। 2028 ਦੀਆਂ ਓਲੰਪਿਕ ਖੇਡਾਂ ਲਾਸ ਏਂਜਲਸ ਵਿੱਚ ਹੋ ਰਹੀਆਂ ਹਨ ਤੇ 2032 ਦੀਆਂ ਖੇਡਾਂ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਨੂੰ ਮਿਲ ਚੁੱਕੀਆਂ ਹਨ। ਜੇਕਰ 2036 ਦੀਆਂ ਓਲੰਪਿਕ ਖੇਡਾਂ ਭਾਰਤ ਨੂੰ ਮਿਲ ਗਈਆਂ ਤਾਂ ਸੰਭਵ ਹੈ ਭਾਰਤ ਵੀ ਵਧੇਰੇ ਮੈਡਲ ਜਿੱਤ ਸਕੇ। ਉਂਜ ਸਾਉਦੀ ਅਰਬ, ਕਤਰ ਤੇ ਤੁਰਕੀ ਵੀ 2036 ਦੀਆਂ ਓਲੰਪਿਕ ਖੇਡਾਂ ਦੇ ਉਮੀਦਵਾਰ ਹਨ।
1896 ਤੋਂ 2024 ਤੱਕ ਹੋਈਆਂ ਓਲੰਪਿਕ ਖੇਡਾਂ ’ਚੋਂ ਸਭ ਤੋਂ ਵੱਧ ਮੈਡਲ ਅਮਰੀਕਾ ਨੇ ਜਿੱਤੇ ਹਨ ਜਿਨ੍ਹਾਂ ਦੀ ਗਿਣਤੀ 2765 ਹੈ। ਸੋਵੀਅਤ ਰੂਸ ਨੇ 1010 ਤੇ ਰੂਸ ਨੇ 422 ਮੈਡਲ ਜਿੱਤੇ ਹਨ। ਚੀਨ ਨੇ ਕੁਝ ਸਾਲਾਂ ਵਿੱਚ ਹੀ 727 ਮੈਡਲ ਜਿੱਤ ਲਏ ਹਨ। ਗ੍ਰੇਟ ਬਰਤਾਨੀਆ ਨੇ 980, ਫਰਾਂਸ ਨੇ 816, ਆਸਟਰੇਲੀਆ ਨੇ 600, ਜਪਾਨ ਨੇ 542 ਤੇ ਚਾਰ ਕੁ ਕਰੋੜ ਦੀ ਆਬਾਦੀ ਵਾਲੇ ਕੈਨੇਡਾ ਨੇ 353 ਓਲੰਪਿਕ ਮੈਡਲ ਜਿੱਤੇ ਹਨ।
ਨੌਰਮਨ ਨੇ ਪੈਰਿਸ-1900 ਦੀਆਂ ਜਿਨ੍ਹਾਂ ਓਲੰਪਿਕ ਖੇਡਾਂ ’ਚ ਭਾਗ ਲਿਆ ਸੀ ਉਨ੍ਹਾਂ ਨੂੰ ਸਭ ਤੋਂ ਨਖਿੱਧ ਓਲੰਪਿਕ ਖੇਡਾਂ ਸਮਝਿਆ ਜਾਂਦਾ ਹੈ। ਦਰਅਸਲ, ਉਹ ਖੇਡਾਂ ਪੈਰਿਸ ਵਿਖੇ ਹੋ ਰਹੀ ਤੀਜੀ ਵਿਸ਼ਵ ਨੁਮਾਇਸ਼ ਦਾ ਹੀ ਭਾਗ ਸਨ। ਨੁਮਾਇਸ਼ ਦੇ ਪ੍ਰਬੰਧਕ ਖੇਡਾਂ ਨੂੰ ਵਾਧੂ ਦਾ ਖਲਜਗਣ ਸਮਝਦੇ ਰਹੇ। ਉਹ ਖੇਡਾਂ 20 ਮਈ ਤੋਂ 28 ਅਕਤੂਬਰ ਤੱਕ ਚੱਲੀਆਂ। ਉਨ੍ਹਾਂ ’ਚ 21 ਮੁਲਕਾਂ ਦੇ 1330 ਖਿਡਾਰੀਆਂ ਨੇ ਭਾਗ ਲਿਆ। ਨੌਰਮਨ ਦਾ ਭਾਰਤ ਦੇ ਨਾਂ ’ਤੇ ਭਾਗ ਲੈਣਾ ਕੇਵਲ ਹਾਜ਼ਰੀ ਲੁਆਉਣਾ ਸੀ ਜਿਸ ਨਾਲ ਝੂੰਗੇ ’ਚ 2 ਸਿਲਵਰ ਮੈਡਲ ਮਿਲ ਗਏ ਜਿਨ੍ਹਾਂ ’ਤੇ ਭਾਰਤ ਨੂੰ ਚੋਖਾ ਮਾਣ ਹੈ। ਉੱਥੇ ਨੌਰਮਨ ਨੇ 60 ਮੀਟਰ ਤੇ 100 ਮੀਟਰ ਦੀਆਂ ਸਪਾਟ ਦੌੜਾਂ ਅਤੇ 110 ਮੀਟਰ ਦੀ ਹਰਡਲਜ਼ ਦੌੜ ਵਿੱਚ ਵੀ ਭਾਗ ਲਿਆ ਸੀ, ਪਰ ਕੋਈ ਮੈਡਲ ਨਾ ਜਿੱਤ ਸਕਿਆ। 200 ਮੀਟਰ ਦੀ ਹਰਡਲਜ਼ ਦੌੜ ਵਿੱਚ ਉਹ ਦੂਜੇ ਸਥਾਨ ’ਤੇ ਆਇਆ ਤੇ 200 ਮੀਟਰ ਸਪਾਟ ਦੌੜ ਵਿੱਚ ਵੀ ਦੂਜੇ ਸਥਾਨ ’ਤੇ ਹੀ ਰਿਹਾ।
ਅਜੋਕੇ ਪਾਠਕ ਇਹ ਜਾਣ ਕੇ ਹੈਰਾਨ ਹੋਣਗੇ ਕਿ ਪੈਰਿਸ ਦੀਆਂ ਉਨ੍ਹਾਂ ਖੇਡਾਂ ਦੀ ਨਾ ਓਪਨਿੰਗ ਸੈਰੇਮਨੀ ਹੋਈ ਸੀ ਤੇ ਨਾ ਕਲੋਜ਼ਿੰਗ ਸੈਰੇਮਨੀ। ਉਹ ਖੇਡਾਂ ਸਾਢੇ ਪੰਜ ਮਹੀਨੇ ਚੱਲੀਆਂ। ਕੁੱਲ 19 ਸਪੋਰਟਸ ਸਨ ਜਿਨ੍ਹਾਂ ’ਚ 21 ਮੁਲਕਾਂ ਦੇ 1226 ਖਿਡਾਰੀਆਂ ਨੇ ਭਾਗ ਲਿਆ। 720 ਖਿਡਾਰੀ ’ਕੱਲੇ ਫਰਾਂਸ ਦੇ ਸਨ। ਉੱਥੇ ਪਹਿਲੀ ਵਾਰ 6 ਔਰਤਾਂ ਵੀ ਖੇਡ ਮੈਦਾਨ ’ਚ ਉਤਰੀਆਂ ਸਨ। ਬਰਤਾਨੀਆ ਦੀ ਸ਼ੈਰਲਟ ਕੂਪਰ ਪਹਿਲੀ ਓਲੰਪਿਕ ਚੈਂਪੀਅਨ ਬਣੀ ਜਿਸ ਨੇ ਟੈਨਿਸ ਦਾ ਸੋਨ ਤਗ਼ਮਾ ਜਿੱਤਿਆ।
ਅਥਲੈਟਿਕਸ ਦਾ ਟਰੈਕ ਭਾਵੇਂ ਸਾਵਾਂ ਪੱਧਰਾ ਨਹੀਂ ਸੀ ਫਿਰ ਵੀ ਉੱਥੇ 14 ਓਲੰਪਿਕ ਰਿਕਾਰਡ ਟੁੱਟੇ ਤੇ 6 ਵਿਸ਼ਵ ਰਿਕਾਰਡ ਕਾਇਮ ਹੋਏ। ਅਮਰੀਕੀ ਅਥਲੀਟਾਂ ਨੇ 17 ਗੋਲਡ ਮੈਡਲ ਜਿੱਤੇ। ਐਲਵੀਨ ਕਰੈਂਜ਼ਲੀਨ 4 ਗੋਲਡ ਮੈਡਲ ਜਿੱਤ ਕੇ ਬੈਸਟ ਅਥਲੀਟ ਬਣਿਆ। ਤਿੰਨ ਸੋਨ ਤਗ਼ਮੇ ਅਮਰੀਕਾ ਦੇ ਲੰਮੇ ਝੰਮੇ ਰੇਅ ਏਵਰੀ ਨੇ ਜਿੱਤੇ। ਕਈ ਜੇਤੂਆਂ ਨੂੰ ਮੈਡਲਾਂ ਦੀ ਥਾਂ ਕੱਪ ਜਾਂ ਟਰਾਫੀਆਂ ਦੇ ਦਿੱਤੀਆਂ ਗਈਆਂ। ਉਹ ਖੇਡ-ਇਤਿਹਾਸ ਦੀ ਇੱਕੋ-ਇੱਕ ਓਲਪਿੰਕਸ ਹੈ ਜਿੱਥੇ ਸ਼ੂਟਿੰਗ ਮੁਕਾਬਲਿਆਂ ਵਿੱਚ ਜਿਊਂਦੇ ਕਬੂਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਏਥਨਜ਼-1896 ਦੀਆਂ ਓਲੰਪਿਕ ਖੇਡਾਂ ’ਚ ਵੇਟਲਿਫਟਿੰਗ ਤੇ ਕੁਸ਼ਤੀ ਦੇ ਮੁਕਾਬਲੇ ਵੀ ਕਰਾਏ ਗਏ ਸਨ ਜੋ ਪੈਰਿਸ ਵਿੱਚ ਨਾ ਹੋ ਸਕੇ। ਸਗੋਂ ਵਧੇਰੇ ਸਮਾਂ ਲੈਣ ਵਾਲੀ ਕ੍ਰਿਕਟ ਖੇਡੀ ਗਈ। ਉੱਥੇ ਤੈਰਾਕੀ ਦੇ 7 ਈਵੈਂਟਸ ਸਨ, ਤੀਰਅੰਦਾਜ਼ੀ ਦੇ ਵੀ 7 ਜਦ ਕਿ ਅਥਲੈਟਿਕਸ ਦੇ 23 ਈਵੈਂਟ ਸਨ। ਮੇਜ਼ਬਾਨ ਮੁਲਕ ਫਰਾਂਸ ਦੇ ਖਿਡਾਰੀ ਸਭ ਤੋਂ ਵੱਧ ਹੋਣ ਕਰਕੇ ਉਨ੍ਹਾਂ ਨੇ ਮੈਡਲ ਵੀ ਸਭ ਤੋਂ ਵੱਧ ਜਿੱਤੇ ਜੋ 27 ਗੋਲਡ, 38 ਸਿਲਵਰ ਤੇ 37 ਕਾਂਸੀ ਦੇ ਸਨ। ਦੂਜੇ ਨੰਬਰ ’ਤੇ ਅਮਰੀਕਨ ਰਹੇ ਜਿਨ੍ਹਾਂ ਦੇ ਮੈਡਲ 19 14 15 ਸਨ। ਕੁੱਲ 252 ਮੈਡਲ ਜੇਤੂਆਂ ਦੇ ਗਲ ਪਾਏ ਗਏ।
200 ਮੀਟਰ ਦੌੜ ’ਚ ਅਮਰੀਕਾ ਦਾ ਵਾਲਟਰ ਟਿਊਕਸਬਰੀ ਅੱਵਲ ਆਇਆ ਸੀ ਤੇ ਨੌਰਮਨ ਦੂਜੇ ਸਥਾਨ ’ਤੇ। 200 ਮੀਟਰ ਹਰਡਲਜ਼ ਦੌੜ ਵਿੱਚ ਵੀ ਅਮਰੀਕਨ ਦੌੜਾਕ ਐਲਵਿਨ ਕਰੈਂਜ਼ਲੀਨ ਫਸਟ ਆਇਆ ਤੇ ਨੌਰਮਨ ਸੈਕਿੰਡ। ਨੌਰਮਨ 110 ਮੀਟਰ ਹਰਡਲਜ਼ ਦੌੜ ਦੇ ਫਾਈਨਲ ਵਿੱਚ ਵੀ ਪੁੱਜ ਗਿਆ ਸੀ, ਪਰ ਕੋਈ ਮੈਡਲ ਨਾ ਜਿੱਤ ਸਕਿਆ। ਭਾਰਤ ਪਰਤ ਕੇ ਉਹ 2 ਸਾਲ ਇੰਡੀਅਨ ਫੁੱਟਬਾਲ ਐਸੋਸੀਏਸ਼ਨ ਦਾ ਸੈਕਟਰੀ ਰਿਹਾ ਅਤੇ 1905 ਵਿੱਚ ਪੱਕੇ ਤੌਰ ’ਤੇ ਇੰਗਲੈਂਡ ਚਲਾ ਗਿਆ। ਉੱਥੋਂ ਅਮਰੀਕਾ ਜਾ ਪਹੁੰਚਿਆ ਜਿੱਥੇ ਥੀਏਟਰ ਤੇ ਫਿਲਮਾਂ ਦੇ ਰੁਝੇਵਿਆਂ ’ਚ ਰੁੱਝ ਗਿਆ। ਉਹ ਪਹਿਲਾ ਓਲੰਪੀਅਨ ਸੀ ਜੋ ਖੇਡ ਮੈਦਾਨ ’ਚੋਂ ਥੀਏਟਰ ਤੇ ਫਿਲਮਾਂ ਵਿੱਚ ਗਿਆ। ਅਮਰੀਕਾ ’ਚ ਉਹ 30 ਅਕਤੂਬਰ 1929 ਤੱਕ ਜੀਵਿਆ। ਉਹ ਭਾਰਤ ਦਾ ਹੀ ਨਹੀਂ ਬਲਕਿ ਏਸ਼ੀਆ ਦੀ ਧਰਤੀ ਦਾ ਜੰਮਿਆ ਪਹਿਲਾ ਦੌੜਾਕ ਸੀ ਜੋ ਓਲੰਪਿਕ ਖੇਡਾਂ ’ਚੋਂ ਚਾਂਦੀ ਦੇ ਦੋ ਤਗ਼ਮੇ ਜਿੱਤਿਆ ਸੀ। ਉਸ ਨੇ ਆਪਣੀ 27ਵੀਂ ਫਿਲਮ ‘ਟੂਨਾਈਟ ਐਟ ਟਵੈਲਵ’ ਬਣਾਈ ਹੀ ਸੀ ਕਿ ਹੌਲੀਵੁੱਡ, ਕੈਲੀਫੋਰਨੀਆ ਵਿੱਚ ਉਸ ਨੂੰ ਦਿਮਾਗ਼ੀ ਦੌਰਾ ਪਿਆ ਜਿਸ ਨਾਲ ਜੀਵਨ ਖੇਡ ਸਦਾ ਲਈ ਸਮਾਪਤ ਹੋ ਗਈ। ਉਦੋਂ ਉਹਦੀ ਅਣਵਿਆਹੀ ਧੀ ਡੋਰੋਥੀ ਨਿਊਯੌਰਕ ਵਿੱਚ ਰਹਿੰਦੀ ਸੀ। ਪਿੱਛੋਂ ਉਹਦੀ ਕੋਈ ਉੱਘ ਸੁੱਘ ਨਹੀਂ ਮਿਲੀ। ਨੌਰਮਨ ਪ੍ਰਿਚਰਡ ਦੀ ਦੇਹ ਲਾਸ ਏਂਜਲਸ ਦੇ ਕਬਰਸਥਾਨ ਵਿੱਚ ਦਫ਼ਨਾਈ ਗਈ ਜਿੱਥੇ ਪਤਾ ਨਹੀਂ ਕੋਈ ਫੁੱਲ ਚੜ੍ਹਾਉਂਦਾ ਜਾਂ ਮੋਮਬੱਤੀ ਜਗਾਉਂਦਾ ਹੈ ਜਾਂ ਨਹੀਂ? ਅਜਿਹੀ ਹੋਣੀ ਸੀ ਭਾਰਤ ਦੇ ਪਹਿਲੇ ਓਲੰਪੀਅਨ ਤੇ ਪਹਿਲੇ ਓਲੰਪਿਕ ਮੈਡਲਿਸਟ ਦੀ।
ਈ-ਮੇਲ: principalsarwansingh@gmail.com