For the best experience, open
https://m.punjabitribuneonline.com
on your mobile browser.
Advertisement

ਕਾਨ ’ਚ ਭਾਰਤ ਦੀ ਪ੍ਰਾਪਤੀ

06:14 AM May 28, 2024 IST
ਕਾਨ ’ਚ ਭਾਰਤ ਦੀ ਪ੍ਰਾਪਤੀ
Advertisement

ਕਾਨ ਫਿਲਮ ਮੇਲੇ (77ਵੇਂ) ਵਿੱਚ ਇਸ ਵਾਰ ਭਾਰਤ ਦੀ ਮੌਜੂਦਗੀ ਦੇਸ਼ ਦੇ ਖ਼ੁਦਮੁਖ਼ਤਾਰ ਫਿਲਮਸਾਜ਼ਾਂ ਲਈ ਮੀਲ ਦੇ ਪੱਥਰ ਵਜੋਂ ਦਰਜ ਹੋ ਗਈ। ਇਸ ਸਾਲ ਕਈ ਪੁਰਸਕਾਰ ਭਾਰਤ ਨੂੰ ਪਹਿਲੀ ਵਾਰ ਮਿਲੇ ਹਨ ਜਿਨ੍ਹਾਂ ਤੋਂ ਇਸ ਦੇ ਫਿਲਮ ਉਦਯੋਗ ਦੀ ਬੇਅੰਤ ਪ੍ਰਤਿਭਾ ਅਤੇ ਆਲਮੀ ਮੰਚ ’ਤੇ ਸਮਰੱਥਾ ਉੱਭਰ ਕੇ ਸਾਹਮਣੇ ਆਈ ਹੈ। ਮੇਲੇ ਵਿੱਚ ਭਾਰਤੀ ਫਿਲਮਾਂ ਤੇ ਕਲਾਕਾਰਾਂ ਨੂੰ ਮਾਨਤਾ ਮਿਲਣਾ ਕੌਮੀ ਮਾਣ ਵਾਲਾ ਪਲ਼ ਹੈ, ਇਹ ਉਨ੍ਹਾਂ ਦੀ ਕਲਾਤਮਕ ਉੱਤਮਤਾ ਅਤੇ ਸਿਨੇਮਾ ਦੇ ਬਦਲ ਰਹੇ ਭੂ-ਦ੍ਰਿਸ਼ ਨੂੰ ਦਰਸਾਉਂਦਾ ਹੈ।
ਪਾਇਲ ਕਪਾਡੀਆ ਦੀ ‘ਆਲ ਵੀ ਇਮੈਜਿਨ ਐਜ਼ ਲਾਈਟ’ ਨੇ ਵੱਕਾਰੀ ਗ੍ਰਾਂ ਪ੍ਰੀ ਸਨਮਾਨ ਜਿੱਤਿਆ ਹੈ ਜੋ ਮੇਲੇ ਦਾ ਦੂਜਾ ਸਭ ਤੋਂ ਵੱਡਾ ਪੁਰਸਕਾਰ ਹੈ। ਇਸ ਨੂੰ ਬੇਮਿਸਾਲ ਪ੍ਰਾਪਤੀ ਕਿਹਾ ਜਾ ਸਕਦਾ ਹੈ। ਪਿਛਲੇ 30 ਸਾਲਾਂ ਵਿੱਚ ਮੁੱਖ ਵਰਗ ’ਚ ਨਾਮਜ਼ਦ ਹੋਣ ਵਾਲੀ ਇਹ ਪਹਿਲੀ ਭਾਰਤੀ ਫਿਲਮ ਹੈ ਜੋ ਸਾਡੇ ਸਿਨੇਮਾ ਦਾ ਸ਼ਾਨਦਾਰ ਹਾਸਲ ਹੈ। ਕਪਾਡੀਆ ਦੀ ਫਿਲਮ ਦਾ ਸੂਖ਼ਮ ਦ੍ਰਿਸ਼ਟੀਕੋਣ ਰਵਾਇਤੀ ਬਿਰਤਾਂਤਾਂ ਨੂੰ ਚੁਣੌਤੀ ਦਿੰਦਾ ਹੈ। ਇਸ ਦੇ ਨਾਲ ਹੀ ਫਿਲਮ ‘ਆਲ ਵੀ ਇਮੈਜਿਨ ਐਜ਼ ਲਾਈਟ’ ਦੀ ਮੁੱਖ ਅਦਾਕਾਰਾ ਕਾਨੀ ਕੁਸਰੁਤੀ ਨੇ ਗਾਜ਼ਾ ਦੇ ਹੱਕ ਵਿਚ ਜੋ ‘ਹਾਅ ਦਾ ਨਾਅਰਾ’ ਮਾਰਿਆ ਹੈ, ਉਸ ਦੀ ਚਰਚਾ ਦੁਨੀਆ ਭਰ ਵਿੱਚ ਹੋ ਰਹੀ ਹੈ। ਕਾਨੀ ਦੇ ਤਰਬੂਜ਼ ਰੰਗੇ ਪਰਸ ਨੇ ਗਾਜ਼ਾ ਵਿੱਚ ਕੀਤੀ ਜਾ ਰਹੀ ਤਬਾਹੀ ਖਿਲਾਫ ਖ਼ਾਮੋਸ਼ ਆਵਾਜ਼ ਬੁਲੰਦ ਕੀਤੀ ਹੈ। ‘ਦਿ ਸ਼ੇਮਲੈੱਸ’ ਵਿਚਲੀ ਭੂਮਿਕਾ ਲਈ ਅਨਸੂਈਆ ਸੇਨਗੁਪਤਾ ਨੂੰ ਬਿਹਤਰੀਨ ਅਭਿਨੇਤਰੀ ਦੇ ਰੂਪ ਵਿੱਚ ਮਿਲੀ ਇਤਿਹਾਸਕ ਜਿੱਤ ਭਾਰਤੀ ਪ੍ਰਤਿਭਾ ਨੂੰ ਬੌਲੀਵੁੱਡ ਤੋਂ ਵੱਖ ਮਿਲ ਰਹੀ ਵਡਿਆਈ ਦਾ ਪ੍ਰਤੀਕ ਹੈ ਜੋ ਦਿਨੋ-ਦਿਨ ਵਧ ਰਹੀ ਹੈ। ਸੇਨਗੁਪਤਾ ਨੂੰ ਇਹ ਸਨਮਾਨ ਮੇਲੇ ਦੇ ‘ਅਨਸਰਟੇਨ ਰਿਗਾਰਡ’ ਵਰਗ ਵਿੱਚ ਮਿਲਿਆ ਹੈ। ਇਸੇ ਤਰ੍ਹਾਂ ਚਿਦਾਨੰਦਾ ਐੱਸ ਨਾਇਕ ਦੀ ਲਘੂ ਫਿਲਮ ‘ਸਨਫਲਾਵਰਜ਼ ਵਰ ਦਿ ਫਸਟ ਵਨਜ਼ ਟੂ ਨੋਅ’ ਨੂੰ ਬਿਹਤਰੀਨ ਸ਼ਾਰਟ ਫਿਲਮ ਲਈ ਮਿਲਿਆ ‘ਲਾ ਸਿਨੇਫ’ ਪੁਰਸਕਾਰ ਉੱਭਰ ਰਹੇ ਫਿਲਮਸਾਜ਼ਾਂ ਦੀ ਕਲਾਤਮਕ ਮੁਹਾਰਤ ਨੂੰ ਦਰਸਾਉਂਦਾ ਹੈ। ਮੇਲੇ ਵਿੱਚ ਭਾਰਤੀਆਂ ਨੇ ਤਕਨੀਕੀ ਪੱਖ ਤੋਂ ਵੀ ਉਪਲਬਧੀਆਂ ਹਾਸਲ ਕੀਤੀਆਂ ਹਨ। ਸਿਨੇਮੈਟੋਗ੍ਰਾਫਰ ਸੰਤੋਸ਼ ਸਿਵਾਨ ਨੂੰ ਇਸੇ ਵਰਗ ’ਚ ਵੱਕਾਰੀ ਪੁਰਸਕਾਰ ‘ਪਿਅਰੇ ਏਂਜਨਿਕਸ ਐਕਸੇਲੈਂਸ’ ਨਾਲ ਸਨਮਾਨਿਤ ਕੀਤਾ ਗਿਆ ਹੈ, ਪੁਰਸਕਾਰ ਹਾਸਲ ਕਰਨ ਵਾਲੇ ਉਹ ਪਹਿਲੇ ਏਸ਼ਿਆਈ ਹਨ।
‘ਆਰਆਰਆਰ’ ਤੇ ‘ਪੁਸ਼ਪਾ’ ਵਰਗੀਆਂ ਫਿਲਮਾਂ ਦੀ ਕਾਰੋਬਾਰੀ ਸਫਲਤਾ ਨੇ ਭਾਵੇਂ ਆਲਮੀ ਪੱਧਰ ’ਤੇ ਧਿਆਨ ਖਿੱਚਿਆ ਪਰ ਕਾਨ ਵਿੱਚ ਇਹ ਜਿੱਤਾਂ ਭਾਰਤੀ ਸਿਨੇਮਾ ਦੀ ਵਨ-ਸਵੰਨਤਾ ਅਤੇ ਸੁਮੇਲ ਦੀ ਡੂੰਘਾਈ ਦਾ ਸਬੂਤ ਹਨ। ਜਿ਼ਕਰਯੋਗ ਹੈ ਕਿ ਇਨ੍ਹਾਂ ਫਿਲਮਾਂ ਦੀ ਸਫਲਤਾ ਵਿੱਤ ਜੁਟਾਉਣ ਦੇ ਨਵੇਂ ਤੌਰ-ਤਰੀਕਿਆਂ ਨਾਲ ਸੰਭਵ ਹੋ ਸਕੀ ਹੈ ਜਿਨ੍ਹਾਂ ਵਿੱਚ ‘ਕਰਾਊਡ ਫੰਡਿੰਗ’, ਕੌਮਾਂਤਰੀ ਸਹਿ-ਨਿਰਮਾਣ ਅਤੇ ਸਰਕਾਰੀ ਮਦਦ (ਸਹਿ-ਨਿਰਮਾਣ ਤੇ ਰਿਆਇਤਾਂ) ਸ਼ਾਮਲ ਹਨ। ਫੰਡਿੰਗ ਦੇ ਇਨ੍ਹਾਂ ਮਾਧਿਅਮ ਰਾਹੀਂ ਹੀ ਵੰਨ-ਸਵੰਨੀ ਅਤੇ ਵਿਧਾ ਤੋਂ ਹਟਵੀਂ ਸਮੱਗਰੀ ਪੇਸ਼ ਕਰਨਾ ਸੰਭਵ ਹੋ ਸਕਿਆ ਹੈ। ਇਸ ਨਾਲ ਫਿਲਮਸਾਜ਼ਾਂ ਨੂੰ ਭਾਰਤੀ ਸੱਭਿਆਚਾਰ ਅਤੇ ਕਲਾਤਮਕਤਾ ਦੇ ਵਿਆਪਕ ਦਾਇਰੇ ਨੂੰ ਦੇਖਣ-ਘੋਖਣ ਦਾ ਮੌਕਾ ਵੀ ਮਿਲਿਆ ਹੈ। ਆਲਮੀ ਮੰਚ ’ਤੇ ਭਾਰਤ ਦੀ ਮੌਜੂਦਗੀ ਦਾ ਦਾਇਰਾ ਵਧਾਉਣ ਅਤੇ ਬਰਕਰਾਰ ਰੱਖਣ ਲਈ ਇਸ ਤਰ੍ਹਾਂ ਦੀਆਂ ਆਜ਼ਾਦਾਨਾ ਤੌਰ ’ਤੇ ਬਣੀਆਂ ਫਿਲਮਾਂ ਦਾ ਲਗਾਤਾਰ ਪ੍ਰਚਾਰ ਤੇ ਮਦਦ ਜ਼ਰੂਰੀ ਹੈ।

Advertisement

Advertisement
Advertisement
Author Image

joginder kumar

View all posts

Advertisement