ਭਾਰਤੀ ਕਿਰਤ ਸ਼ਕਤੀ ਦਾ ‘ਨਵੇਂ ਕੁਵੈਤ’ ਦੇ ਨਿਰਮਾਣ ’ਚ ਅਹਿਮ ਯੋਗਦਾਨ: ਮੋਦੀ
ਕੁਵੈਤ ਸਿਟੀ, 21 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਰਵਾਸੀ ਭਾਰਤੀਆਂ ਨੇ ਕੁਵੈਤ ਦੇ ‘ਕੈਨਵਸ’ ਨੂੰ ਭਾਰਤੀ ਹੁਨਰ ਦੇ ਰੰਗਾਂ ਨਾਲ ਭਰ ਦਿੱਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਭਾਰਤ ਕੋਲ ‘ਨਵੇਂ ਕੁਵੈਤ’ ਲਈ ਲੋੜੀਂਦੀ ਕਿਰਤ ਸ਼ਕਤੀ, ਹੁਨਰ ਤੇ ਤਕਨੀਕ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੋ ਰੋਜ਼ਾ ਯਾਤਰਾ ’ਤੇ ਕੁਵੈਤ ਪੁੱਜੇ ਜਿੱਥੇ ਉਹ ਪਰਵਾਸੀ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ। ਉਹ ਵੱਖ ਵੱਖ ਖੇਤਰਾਂ ’ਚ ਭਾਰਤ-ਕੁਵੈਤ ਦੋਸਤੀ ਨੂੰ ਮਜ਼ਬੂਤ ਕਰਨ ਲਈ ਕੁਵੈਤੀ ਲੀਡਰਸ਼ਿਪ ਨਾਲ ਵਾਰਤਾ ਕਰਨਗੇ। ਉਨ੍ਹਾਂ ਇੱਥੇ ਭਾਰਤੀ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ। ਪਰਵਾਸੀ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘ਭਾਰਤ ਦੇ ਇੱਥੇ ਪਹੁੰਚਣ ’ਚ ਤੁਹਾਨੂੰ ਚਾਰ ਘੰਟੇ ਲਗਦੇ ਹਨ ਪਰ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੂੰ ਕੁਵੈਤ ਜਾਣ ’ਚ ਚਾਰ ਦਹਾਕੇ ਲੱਗ ਗਏ।’ ਉਨ੍ਹਾਂ ਕਿਹਾ, ‘ਤੁਸੀਂ ਸਾਰੇ ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਇੱਕੇ ਆਏ ਹੋ ਪਰ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਲਗਦਾ ਹੈ ਕਿ ਜਿਵੇਂ ਇੱਥੇ ਇੱਕ ਮਿਨੀ ਹਿੰਦੁਸਤਾਨ ਇਕੱਠਾ ਹੋਇਆ ਹੋਵੇ।’ਮੋਦੀ ਕੁਵੈਤ ਦੇ ਅਮੀਰ ਸ਼ੇਖ ਮਿਸ਼ਅਲ ਅਲ-ਅਹਿਮਦ ਅਲ-ਜਬਰ ਅਲ-ਸਬਾ ਦੇ ਸੱਦੇ ’ਤੇ ਕੁਵੈਤ ਪੁੱਜੇ ਹਨ। 43 ਸਾਲ ਬਾਅਦ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੀ ਕੁਵੈਤ ਦੀ ਇਹ ਪਹਿਲੀ ਯਾਤਰਾ ਹੈ। ਕੁਵੈਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸ਼ੇਖ ਫਹਾਦ ਯੂਸੁਫ ਸਾਊਦ ਅਲ-ਸਬਾ ਨੇ ਮੋਦੀ ਦਾ ਸਵਾਗਤ ਕੀਤਾ। -ਪੀਟੀਆਈ
ਮਹਾਭਾਰਤ ਤੇ ਰਾਮਾਇਣ ਦਾ ਅਰਬੀ ਅਨੁਵਾਦ ਕਰਨ ਵਾਲਿਆਂ ਨੂੰ ਮਿਲੇ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੋ ਕੁਵੈਤੀ ਨਾਗਰਿਕਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੋ ਭਾਰਤੀ ਗ੍ਰੰਥਾਂ ਮਹਾਭਾਰਤ ਤੇ ਰਾਮਾਇਣ ਦਾ ਅਰਬੀ ’ਚ ਅਨੁਵਾਦ ਤੇ ਪ੍ਰਕਾਸ਼ਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਅਰਬੀ ’ਚ ਅਨੁਵਾਦ ਦੋ ਗ੍ਰੰਥਾਂ ਦੀਆਂ ਕਾਪੀਆਂ ’ਤੇ ਦਸਤਖ਼ਤ ਵੀ ਕੀਤੇ।