ਭਾਰਤੀ ਮਹਿਲਾ ਹਾਕੀ ਟੀਮ ਚੀਨ ਤੋਂ 2-3 ਨਾਲ ਹਾਰੀ
ਲਿੰਬਰਗ (ਜਰਮਨੀ), 17 ਜੁਲਾਈ
ਭਾਰਤੀ ਮਹਿਲਾ ਹਾਕੀ ਟੀਮ ਦੇ ਜਰਮਨੀ ਦੌਰੇ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ ਹੈ ਕਿਉਂਕਿ ਟੀਮ ਨੂੰ ਚੀਨ ਖ਼ਿਲਾਫ਼ ਖੇਡੇ ਮੈਚ ਵਿੱਚ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਐਤਵਾਰ ਰਾਤ ਨੂੰ ਹੋਏ ਮੁਕਾਬਲੇ ਵਿੱਚ ਭਾਰਤ ਲਈ ਨਵਨੀਤ ਕੌਰ ਨੇ 24ਵੇਂ ਤੇ 45ਵੇਂ ਮਿੰਟ ਵਿੱਚ ਗੋਲ ਦਾਗੇ ਜਦਕਿ ਚੀਨ ਲਈ ਚੇਨ ਜਿਯਾਲੀ ਨੇ ਨੌਂਵੇ ਮਿੰਟ, ਝੋਂਗ ਜਿਯਾਕੀ ਨੇ 45ਵੇਂ ਮਿੰਟ ਤੇ ਸ਼ੂ ਯੇਨਾਨ ਨੇ 51ਵੇਂ ਮਿੰਟ ’ਚ ਗੋਲ ਕੀਤੇ। ਦੋਵੇਂ ਟੀਮਾਂ ਨੇ ਪਹਿਲੇ ਕੁਆਰਟਰ ਵਿੱਚ ਚੰਗੀ ਸ਼ੁਰੂਆਤ ਕੀਤੀ। ਭਾਰਤ ਨੂੰ ਤੀਜੇ ਹੀ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ, ਪਰ ਚੀਨ ਦੀ ਟੀਮ ਨੇ ਇਸ ਨੂੰ ਨਾਕਾਮ ਕਰ ਦਿੱਤਾ। ਇਸ ਮਗਰੋਂ ਭਾਰਤ ਨੇ ਫਾਊਲ ਕੀਤਾ ਤੇ ਪੈਨਲਟੀ ਸਟ੍ਰੋਕ ਦਾ ਫਾਇਦਾ ਚੁੱਕਦਿਆਂ ਜਿਯਾਲੀ ਨੇ ਗੋਲ ਦਾਗ ਦਿੱਤਾ। ਦੋਵੇਂ ਟੀਮਾਂ ਨੂੰ ਮਿਲੇ ਪੈਨਲਟੀ ਕਾਰਨਰਾਂ ਦਾ ਕੋਈ ਵੀ ਟੀਮ ਫ਼ਾਇਦਾ ਨਾ ਚੁੱਕ ਸਕੀ। ਭਾਰਤ ਨੇ ਦੂਜੇ ਕੁਆਰਟਰ ਵਿੱਚ ਚੰਗੀ ਸ਼ੁਰੂਆਤ ਕੀਤੀ ਤੇ ਨਵਨੀਤ ਨੇ 24ਵੇਂ ਮਿੰਟ ਵਿੱਚ ਗੋਲ ਕੀਤਾ। ਨਵਨੀਤ ਵੱਲੋਂ ਕੀਤੇ ਗਏ ਗੋਲ ਨੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। -ਪੀਟੀਆਈ