ਭਾਰਤੀ ਟੀਮ ਬੀਡਬਲਿਊਐੱਫ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਲਈ ਅਮਰੀਕਾ ਰਵਾਨਾ
ਨਵੀਂ ਦਿੱਲੀ: ਭਾਰਤ ਦੀ 16 ਮੈਂਬਰੀ ਬੈਡਮਿੰਟਨ ਟੀਮ 25 ਸਤੰਬਰ ਤੋਂ ਅੱਠ ਅਕਤੂਬਰ ਤੱਕ ਹੋਣ ਵਾਲੇ ਬੀਡਬਲਿਊਐੱਫ (ਵਿਸ਼ਵ ਬੈਡਮਿੰਟਨ ਫੈਡਰੇਸ਼ਨ) ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਅੱਜ ਸਪੋਕੇਨ (ਵਾਸ਼ਿੰਗਟਨ, ਅਮਰੀਕਾ) ਲਈ ਰਵਾਨਾ ਹੋ ਗਈ ਹੈ। ਟੀਮ ਦੀ ਰਵਾਨਗੀ ਤੋਂ ਪਹਿਲਾਂ ਇੱਕ ਤੋਂ 20 ਸਤੰਬਰ ਤੱਕ ਗੁਹਾਟੀ ਦੇ ਨੈਸ਼ਨਲ ਸੈਂਟਰ ਫਾਰ ਐਕਸੀਲੈਂਸ ਵਿੱਚ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਕਰਵਾਏ ਗਏ ਸਿਖਲਾਈ ਕੈਂਪ ਵਿੱਚ ਭਾਗ ਲਿਆ ਸੀ। ਭਾਰਤੀ ਟੀਮ ਵਿੱਚ ਉੜੀਸਾ ਓਪਨ 2022 ਚੈਂਪੀਅਨ ਉੱਨਤੀ ਹੁੱਡਾ ਅਤੇ ਦੋ ਵਾਰ ਦੇ ਅੰਡਰ-19 ਆਲ ਇੰਡੀਆ ਜੂਨੀਅਰ ਰੈਂਕਿੰਗ ਚੈਂਪੀਅਨ ਆਯੂਸ਼ ਸ਼ੈਟੀ ਸ਼ਾਮਲ ਹੈ। ਬੀਏਆਈ ਦੇ ਜਨਰਲ ਸਕੱਤਰ ਸੰਜੈ ਮਿਸ਼ਰਾ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਟੀਮ ਮੁਕਾਬਲੇ 25 ਤੋਂ 30 ਸਤੰਬਰ, ਜਦਕਿ ਸਿੰਗਲਜ਼ ਮੁਕਾਬਲੇ ਦੋ ਤੋਂ ਅੱਠ ਅਕਤੂਬਰ ਤੱਕ ਹੋਣਗੇ। ਭਾਰਤੀ ਟੀਮ ਗਰੁੱਪ ਡੀ ਵਿੱਚ ਕੁੱਕ ਆਈਲੈਂਡ ਖ਼ਿਲਾਫ਼ 25 ਸਤੰਬਰ ਨੂੰ ਆਪਣੀ ਮੁਹਿੰਮ ਸ਼ੁਰੂ ਕਰੇਗੀ। ਇਸ ਗਰੁੱਪ ਵਿੱਚ ਜਰਮਨੀ, ਬਰਾਜ਼ੀਲ ਅਤੇ ਡੋਮੀਨਿਕਨ ਰਿਪਬਲਿਕ ਸ਼ਾਮਲ ਹੈ। ਪੁਰਸ਼ ਸਿੰਗਲਜ਼ ਲਈ ਭਾਰਤੀ ਟੀਮ ਵਿੱਚ ਆਯੂਸ਼ ਸ਼ੈੱਟੀ, ਤੁਸ਼ਾਰ ਸੁਵੀਰ, ਲੋਕੇਸ਼ ਰੈੱਡੀ, ਨਿਕੋਲਸ ਨਾਥਨ ਰਾਜ, ਜਦਕਿ ਲੜਕੀਆਂ ਦੀ ਸਿੰਗਲਜ਼ ਟੀਮ ਵਿੱਚ ਉੱਨਤੀ ਹੁੱਤਾ, ਤਾਰਾ ਸ਼ਾਹ, ਦੇਵਿਕਾ ਸਿਹਾਗ, ਸ੍ਰਿਯਾਂਸ਼ੀ ਵਲੀਸ਼ੈੱਟੀ ਸ਼ਾਮਲ ਹਨ। -ਪੀਟੀਆਈ