For the best experience, open
https://m.punjabitribuneonline.com
on your mobile browser.
Advertisement

ਭਾਰਤੀ ਵਿਦਿਆਰਥੀ ਤੇ ਅਮਰੀਕਾ

08:29 AM Feb 09, 2024 IST
ਭਾਰਤੀ ਵਿਦਿਆਰਥੀ ਤੇ ਅਮਰੀਕਾ
Advertisement

ਅਮਰੀਕਾ ਦਾ ਸੁਨਹਿਰੀ ਸੁਫ਼ਨਾ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਲਈ ਲਗਾਤਾਰ ਡਰਾਉਣਾ ਬਣ ਰਿਹਾ ਹੈ। ਸ਼ਿਕਾਗੋ ਵਿਚ ਸੱਯਦ ਮਜ਼ਾਹਿਰ ਅਲੀ ਉਤੇ ਉਸ ਦੇ ਘਰ ਦੇ ਬਿਲਕੁਲ ਨੇੜੇ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਜਿਹੜੇ ਕਾਫ਼ੀ ਦੇਰ ਤੋਂ ਉਸ ਦਾ ਪਿੱਛਾ ਕਰ ਰਹੇ ਸਨ। ਅਲੀ ਅਜੇ ਛੇ ਮਹੀਨੇ ਪਹਿਲਾਂ ਹੀ ਹੈਦਰਾਬਾਦ ਤੋਂ ਅਮਰੀਕਾ ਗਿਆ ਸੀ ਜੋ ਇਸ ਹਮਲੇ ਕਾਰਨ ਬੁਰੀ ਤਰ੍ਹਾਂ ਦਹਿਸ਼ਤਜ਼ਦਾ ਹੈ। ਇਸ ਘਟਨਾ ਤੋਂ ਮਹਿਜ਼ ਤਿੰਨ ਕੁ ਹਫ਼ਤੇ ਪਹਿਲਾਂ ਜੌਰਜੀਆ ਸੂਬੇ ਦੇ ਲਿਥੋਨੀਆ ਵਿਚ ਬੇਘਰੇ ਨਸ਼ਈ ਨੇ ਵਿਵੇਕ ਸੈਣੀ ਨਾਮੀ ਨੌਜਵਾਨ ਨੂੰ ਹਥੌੜੇ ਮਾਰ ਮਾਰ ਕੇ ਹਲਾਕ ਕਰ ਦਿੱਤਾ ਸੀ। ਵਿਵੇਕ ਨੇ ਹਾਲ ਹੀ ਵਿਚ ਐੱਮਬੀਏ ਦੀ ਪੜ੍ਹਾਈ ਪੂਰੀ ਕੀਤੀ ਸੀ। ਇਸੇ ਹਫ਼ਤੇ ਇੰਡਿਆਨਾ ਦੀ ਪਰਡਿਊ ਯੂਨੀਵਰਸਿਟੀ ਦਾ ਵਿਦਿਆਰਥੀ ਸਮੀਰ ਕਾਮਤ ਵੀ ਸ਼ੱਕੀ ਹਾਲਤ ਵਿਚ ਮ੍ਰਿਤਕ ਪਾਇਆ ਗਿਆ। ਅਧਿਕਾਰੀਆਂ ਦਾ ਦਾਅਵਾ ਹੈ ਕਿ ਉਸ ਦੀ ਮੌਤ ਖ਼ੁਦ ਮਾਰੀ ਗਈ ਗੋਲੀ ਕਾਰਨ ਹੋਈ ਹੈ। ਪਰਡਿਊ ਯੂਨੀਵਰਸਿਟੀ ਦੇ ਹੀ ਇਕ ਹੋਰ ਵਿਦਿਆਰਥੀ ਨੀਲ ਅਚਾਰਿਆ ਦੇ ਵੀ ਕਈ ਦਿਨਾਂ ਤੱਕ ਲਾਪਤਾ ਰਹਿਣ ਤੋਂ ਬਾਅਦ ਮ੍ਰਿਤਕ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ। ਇਸੇ ਤਰ੍ਹਾਂ ਇਲੀਨੋਇ ਅਰਬਾਨਾ-ਸ਼ੈਂਪੇਨ ਯੂਨੀਵਰਸਿਟੀ ਵਿਚ ਪੜ੍ਹਨ ਵਾਲਾ 18 ਸਾਲਾ ਵਿਦਿਆਰਥੀ ਅਕੁਲ ਧਵਨ ਵੀ ਬੀਤੇ ਮਹੀਨੇ ਮ੍ਰਿਤਕ ਪਾਇਆ ਗਿਆ ਸੀ।
ਲਗਾਤਾਰ ਵਾਪਰ ਰਹੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੇ ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸਲਾਮਤੀ ਬਾਰੇ ਗੰਭੀਰ ਤੌਖ਼ਲੇ ਪੈਦਾ ਕਰ ਦਿੱਤੇ ਹਨ। ਮਾਪੇ ਲੱਖਾਂ ਰੁਪਏ ਖ਼ਰਚ ਕੇ ਬਹੁਤ ਸਾਰੀਆਂ ਆਸਾਂ ਅਤੇ ਉਮੀਦਾਂ ਨਾਲ ਆਪਣੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਲਈ ਭੇਜਦੇ ਹਨ। ਇਨ੍ਹਾਂ ਨੌਜਵਾਨਾਂ ਨੂੰ ਨਸਲਪ੍ਰਸਤਾਂ, ਅਪਰਾਧੀਆਂ ਅਤੇ ਨਸ਼ੇੜੀਆਂ ਤੇ ਨਸ਼ੇ ਦੇ ਤਸਕਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੀਆਂ ਰਿਪੋਰਟਾਂ ਵੀ ਹਨ ਕਿ ਰੁਜ਼ਗਾਰ ਦੇ ਮੌਕਿਆਂ ਦੀ ਕਮੀ ਕਾਰਨ ਪੈਦਾ ਹੋਣ ਵਾਲਾ ਤਣਾਅ ਵੀ ਉਨ੍ਹਾਂ ਨੂੰ ਹਾਸ਼ੀਏ ਉਤੇ ਧੱਕ ਰਿਹਾ ਹੈ ਜਿਸ ਕਾਰਨ ਉਹ ਜਾਂ ਤਾਂ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਹਨ ਜਾਂ ਆਪਣੀ ਜ਼ਿੰਦਗੀ ਖ਼ਤਮ ਕਰ ਲੈਣ ਵਰਗੇ ਸਿਰੇ ਦੇ ਕਦਮ ਚੁੱਕ ਰਹੇ ਹਨ।
ਇਹ ਚਿੰਤਾਜਨਕ ਹਾਲਾਤ ਇਸ ਗੱਲ ਦੀ ਮੰਗ ਕਰਦੇ ਹਨ ਕਿ ਅਮਰੀਕਾ ਵਿਚਲੇ ਭਾਰਤੀ ਭਾਈਚਾਰੇ ਅਤੇ ਸਫ਼ਾਰਤੀ ਅਮਲੇ ਵੱਲੋਂ ਅਜਿਹੇ ਵਿਦਿਆਰਥੀਆਂ ਵੱਲ ਮਦਦ ਦਾ ਹੱਥ ਵਧਾਇਆ ਜਾਵੇ ਤਾਂ ਕਿ ਉਹ ਇਸ ਤਰ੍ਹਾਂ ਦੀਆਂ ਅਣਗਿਣਤ ਸਮੱਸਿਆਵਾਂ ਦਾ ਟਾਕਰਾ ਕਰ ਸਕਣ। ਉਨ੍ਹਾਂ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਉਤੇ ਵੀ ਅਜਿਹੇ ਮਾਮਲਿਆਂ ਦੀ ਤਫ਼ਤੀਸ਼ ਸਮਾਂ-ਬੱਧ ਢੰਗ ਨਾਲ ਮੁਕੰਮਲ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ। ਦੋਸ਼ੀਆਂ ਖ਼ਿਲਾਫ਼ ਮਿਸਾਲੀ ਕਾਰਵਾਈ ਹੀ ਅਜਿਹੇ ਜੁਰਮਾਂ ਨੂੰ ਹਰਗਿਜ਼ ਬਰਦਾਸ਼ਤ ਨਾ ਕੀਤੇ ਜਾਣ ਦਾ ਸਖ਼ਤ ਸੁਨੇਹਾ ਦੇ ਸਕਦੀ ਹੈ, ਫਿਰ ਦੋਸ਼ੀ ਭਾਵੇਂ ਵਰਦੀਧਾਰੀ ਮੁਲਾਜ਼ਮ ਹੀ ਕਿਉਂ ਨਾ ਹੋਣ। ਬੀਤੇ ਸਾਲ ਦੀ ਸਿਆਟਲ ਦੀ ਉਸ ਘਟਨਾ ਜਦੋਂ ਇਕ ਪੁਲੀਸ ਅਫਸਰ ਨੇ ਯੂਨੀਵਰਸਿਟੀ ਵਿਦਿਆਰਥਣ ਜਾਹਨਵੀ ਕੁੰਡਲਾ ਦੀ ਮੌਤ ਉਤੇ ਅਸੰਵੇਦਨਸ਼ੀਲ ਟਿੱਪਣੀਆਂ ਕੀਤੀਆਂ ਸਨ, ਤੋਂ ਕੁਝ ਲੋਕਾਂ ਦੀ ਡੂੰਘੀ ਅਣਮਨੁੱਖੀ ਮਾਨਸਿਕਤਾ ਜੱਗ-ਜ਼ਾਹਿਰ ਹੋ ਜਾਂਦੀ ਹੈ। ਇਸੇ ਤਰ੍ਹਾਂ ਅਮਰੀਕੀ ਮੀਡੀਆ ਨੂੰ ਵੀ ਭਾਰਤੀ ਵਿਦਿਆਰਥੀਆਂ ਦੀ ਇਸ ਤਰਸਯੋਗ ਹਾਲਤ ਵੱਲ ਫ਼ੌਰੀ ਧਿਆਨ ਦੇਣਾ ਚਾਹੀਦਾ ਹੈ ਜਿਹੜਾ ਭਾਰਤ ਵਿਚ ਵਿਦੇਸ਼ੀਆਂ ਉਤੇ ਹੋਏ ਕਿਸੇ ਵੀ ਹਮਲੇ ਨੂੰ ਉਭਾਰਨ ਲਈ ਹਮੇਸ਼ਾ ਪੱਬਾਂ ਭਾਰ ਰਹਿੰਦਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×