ਭਾਰਤੀ ਸ਼ੇਅਰ ਬਾਜ਼ਾਰ ਨੂੰ 1235 ਅੰਕਾਂ ਦਾ ਗੋਤਾ
ਮੁੰਬਈ, 21 ਜਨਵਰੀ
ਡੋਨਲਡ ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਮਗਰੋਂ ਗੁਆਂਢੀ ਮੁਲਕਾਂ ਨੂੰ ਵੱਧ ਟੈਕਸ ਲਾਉਣ ਦੇ ਕੀਤੇ ਐਲਾਨ ਮਗਰੋਂ ਮੁੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਅੱਜ 1235.08 ਨੁਕਤਿਆਂ ਦੇ ਨੁਕਸਾਨ ਨਾਲ ਸੱਤ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜ ਗਿਆ। ਸੈਂਸੈਕਸ ਦਿਨ ਦੇ ਕਾਰੋਬਾਰ ਦੌਰਾਨ ਇੱਕ ਵਾਰ 1431.57 ਨੁਕਤਿਆਂ ਦੇ ਨੁਕਸਾਨ ਨਾਲ 75,641.87 ਦੇ ਪੱਧਰ ਨੂੰ ਵੀ ਪੁੱਜਾ, ਪਰ ਫਿਰ 1.60 ਫੀਸਦੀ ਦੇ ਨੁਕਸਾਨ ਨਾਲ 75,838.36 ਉੱਤੇ ਬੰਦ ਹੋਇਆ। ਆਈਸੀਆਈਸੀਆਈ ਬੈਂਕ ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਨੂੰ ਵੱਡੀ ਮਾਰ ਪਈ। ਉੱਧਰ, ਐੱਨਐੱੱਸਈ ਦਾ ਨਿਫਟੀ 367.9 ਨੁਕਤੇ ਡਿੱਗ ਕੇ 22,976.85 ਦੇ ਪੱਧਰ ’ਤੇ ਬੰਦ ਹੋਇਆ। ਸੈਂਸੈਕਸ ਦੇ ਸ਼ੇਅਰਾਂ ਵਿੱਚ ਜ਼ੋਮੈਟੋ, ਐੱਨਟੀਪੀਸੀ, ਅਡਾਨੀ ਪੋਰਟਸ, ਆਈਸੀਆਈਸੀਆਈ ਬੈਂਕ, ਸਟੇਟ ਬੈਂਕ ਆਫ ਇੰਡੀਆ, ਰਿਲਾਇੰਸ ਇੰਡਸਟਰੀਜ਼, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਾਇਨਾਂਸ, ਟੈੱਕ ਮਹਿੰਦਰਾ ਅਤੇ ਐਕਸਿਸ ਬੈਂਕ ਨੂੰ ਨੁਕਸਾਨ ਝੱਲਣਾ ਪਿਆ। ਅਲਟਰਾਟੈੱਕ ਸੀਮਿੰਗ ਤੇ ਐੱਚਸੀਐੱਲ ਟੈਕਨਾਲੋਜੀਜ਼ ਦੇ ਸ਼ੇਅਰ ਮੁਨਾਫ਼ੇ ’ਚ ਰਹੇ। -ਪੀਟੀਆਈ
ਸੋਨੇ ਦੀ ਕੀਮਤ ਵਿੱਚ ਉਛਾਲ
ਦੇਸ਼ ਵਿੱਚ ਸੋਨੇ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਕੌਮੀ ਰਾਜਧਾਨੀ ਵਿੱਚ ਅੱਜ ਸੋਨੇ ਦੀ ਕੀਮਤ 100 ਰੁਪਏ ਵਧ ਕੇ 82,100 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 100 ਰੁਪਏ ਵਧ ਕੇ 81,700 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਇਹ 81,600 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਹਾਲਾਂਕਿ ਚਾਂਦੀ 93,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਸਥਿਰ ਰਹੀ। ਸਰਾਫਾ ਕਾਰੋਬਾਰੀਆਂ ਨੇ ਇਨ੍ਹਾਂ ਧਾਤੂਆਂ ਦੀਆਂ ਕੀਮਤਾਂ ’ਚ ਉਛਾਲ ਦਾ ਕਾਰਨ ਵਿਆਹਾਂ ਦੇ ਸੀਜ਼ਨ ਨੂੰ ਵੀ ਦੱਸਿਆ ਹੈ। -ਪੀਟੀਆਈ