ਰੂਸੀ ਫ਼ੌਜ ’ਚ ਤਾਇਨਾਤ ਭਾਰਤੀ ਦੀ ਮੌਤ, ਦੂਜਾ ਜ਼ਖ਼ਮੀ
ਨਵੀਂ ਦਿੱਲੀ, 14 ਜਨਵਰੀ
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਰੂਸ ਦੀ ਫ਼ੌਜ ਵੱਲੋਂ ਭਰਤੀ ਕੀਤੇ ਕੇਰਲ ਨਾਲ ਸਬੰਧਤ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਫ਼ੌਜੀ ਜ਼ਖਮੀ ਹੋ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਰੂਸ ਕੋਲ ਇਹ ਮਸਲਾ ਜ਼ੋਰਦਾਰ ਢੰਗ ਨਾਲ ਰੱਖਦਿਆਂ ਇਸ ਦੀ ਫ਼ੌਜ ਵੱਲੋਂ ਭਰਤੀ ਕੀਤੇ ਗਏ ਭਾਰਤੀ ਨਾਗਰਿਕਾਂ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੀ ਮੰਗ ਦਹੁਰਾਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ,‘ਸਾਨੂੰ ਕੇਰਲ ਨਾਲ ਸਬੰਧਤ ਇੱਕ ਭਾਰਤੀ ਨਾਗਰਿਕ ਦੀ ਮੌਤ ਦੀ ਦੁੱਖਦਾਈ ਖ਼ਬਰ ਬਾਰੇ ਪਤਾ ਲੱਗਾ ਹੈ, ਜਿਸਨੂੰ ਸਪੱਸ਼ਟ ਤੌਰ ’ਤੇ ਰੂਸ ਦੀ ਫ਼ੌਜ ਵੱਲੋਂ ਭਰਤੀ ਕੀਤਾ ਗਿਆ ਸੀ। ਇਸੇ ਤਰ੍ਹਾਂ ਕੇਰਲ ਦਾ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ ਹੈ, ਜਿਸਦਾ ਮਾਸਕੋ ਦੇ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਸਕੋ ’ਚ ਸਥਿਤ ਭਾਰਤੀ ਸਫ਼ਾਰਤਖਾਨਾ ਲਗਾਤਾਰ ਇਨ੍ਹਾਂ ਦੋਵੇਂ ਭਾਰਤੀ ਫ਼ੌਜੀਆਂ ਦੇ ਪਰਿਵਾਰਾਂ ਨਾਲ ਸੰਪਰਕ ’ਚ ਹੈ, ਜਿਨ੍ਹਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ,‘ਅਸੀਂ ਮਾਰੇ ਗਏ ਨਾਗਰਿਕ ਦੀ ਲਾਸ਼ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਕੰਮ ਕਰ ਰਹੇ ਹਾਂ। ਅਸੀਂ ਜ਼ਖਮੀ ਵਿਅਕਤੀ ਨੂੰ ਵੀ ਜਲਦੀ ਹਸਪਤਾਲ ਤੋਂ ਛੁੱਟੀ ਦੇ ਕੇ ਭਾਰਤ ਸੌਂਪਣ ਦੀ ਮੰਗ ਕੀਤੀ ਹੈ।’ ਉਨ੍ਹਾਂ ਦੱਸਿਆ ਕਿ ਇਸ ਮਸਲੇ ’ਤੇ ਰੂਸੀ ਅਧਿਕਾਰੀਆਂ ਤੇ ਨਵੀਂ ਦਿੱਲੀ ’ਚ ਸਥਿਤ ਰੂਸੀ ਸਫ਼ਾਰਤਖਾਨੇ ਦੇ ਅਧਿਕਾਰੀਆਂ ਨਾਲ ਗੱਲਬਾਤ ਜਾਰੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਨੇ ਰੂਸ ਤੋਂ ਇਸ ਦੀ ਫ਼ੌਜ ’ਚ ਭਰਤੀ ਭਾਰਤੀ ਨਾਗਰਿਕ ਵਾਪਸ ਭੇਜਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਦੋਵਾਂ ਮੁਲਕਾਂ ਵਿਚਾਲੇ ਚੱਲ ਰਹੀ ਜੰਗ ਦੌਰਾਨ ਹੁਣ ਤੱਕ ਕੁੱਲ 10 ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਦੀ ਪਛਾਣ ਬਿਨਿਲ ਟੀ ਬੀ ਵਜੋਂ ਹੋਈ ਹੈ। ਭਾਵੇਂ ਵਿਦੇਸ਼ ਮੰਤਰਾਲੇ ਨੇ ਉਸਦੀ ਮੌਤ ਦੇ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ ਪਰ ਉਸਦੀ ਮੌਤ ਯੂਕਰੇਨ ’ਚ ਚੱਲ ਰਹੀ ਜੰਗ ਦੌਰਾਨ ਹੋਣ ਬਾਰੇ ਜਾਣਕਾਰੀ ਮਿਲੀ ਹੈ। -ਪੀਟੀਆਈ