ਭਾਰਤੀ ਸਿਆਸਤ ਅਤੇ ਖੱਬੇ ਪੱਖੀ ਦਲਾਂ ਦੀ ਭੂਮਿਕਾ
ਪਲਵਿੰਦਰ ਸੋਹਲ
18ਵੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਹਰ ਪਾਰਟੀ ਨੇ ਪੂਰੇ ਜ਼ੋਰ ਨਾਲ ਹਿੱਸਾ ਲਿਆ।ਮੁੱਖ ਮੁਕਾਬਲਾ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਗਠਜੋੜ ਐੱਨਡੀਏ ਅਤੇ ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗਠਜੋੜ ਨਾਲ ਹੋਇਆ। ‘ਇੰਡੀਆ’ ਗਠਜੋੜ ਵਿੱਚ ਦੇਸ਼ ਦੇ ਮੁੱਖ ਖੱਬੇ ਪੱਖੀ ਦਲ ਵੀ ਸ਼ਾਮਿਲ ਹਨ ਪਰ ਭਾਰਤੀ ਲੋਕਤੰਤਰ ਲਈ ਇਹ ਅਫਸੋਸਜਨਕ ਵਰਤਾਰਾ ਹੈ ਕਿ ਭਾਰਤੀ ਖੱਬੇ ਪੱਖੀ ਦਲ ਇਸ ਸਮੇਂ ਭਾਰਤੀ ਰਾਜਨੀਤੀ ਵਿੱਚ ਆਪਣਾ ਮਹੱਤਵ ਗਵਾ ਚੁੱਕੇ ਹਨ ਅਤੇ ਹਾਸ਼ੀਏ ’ਤੇ ਹਨ। ਲੋਕ ਹਿੱਤਾਂ ਵਾਲੀ ਲੋਕਾਂ ਦੇ ਬੁਨਿਆਦੀ ਮੁੱਦਿਆਂ ਦੀ ਸਿਆਸਤ ਲਈ ਜਾਣੇ ਜਾਂਦੇ ਭਾਰਤੀ ਖੱਬੇ ਪੱਖੀ ਦਲ ਇਸ ਸਮੇਂ ਤਕਰੀਬਨ ਗੈਰ-ਪ੍ਰਸੰਗਿਕ ਹੋ ਗਏ ਜਾਪਦੇ ਹਨ ਭਾਵੇਂ ਕੇਰਲਾ ਵਿੱਚ ਇਸ ਸਮੇਂ ਖੱਬੇ ਪੱਖੀ ਦਲਾਂ ਦੀ ਸਰਕਾਰ ਹੈ।
ਕਿਸੇ ਸਮੇਂ ਖੱਬੇ ਪੱਖੀਆਂ ਦੇ ਗੜ੍ਹ ਰਹੇ ਪੱਛਮੀ ਬੰਗਾਲ ਅਤੇ ਤ੍ਰਿਪੁਰਾ ਵਿੱਚ ਇਸ ਸਮੇਂ ਖੱਬੇ ਪੱਖੀ ਸਿਆਸਤ ਦੇ ਪੈਰ ਬੁਰੀ ਤਰ੍ਹਾਂ ਉਖੜੇ ਹੋਏ ਹਨ। ਪੱਛਮੀ ਬੰਗਾਲ ਵਿੱਚ ਤਾਂ ਲਗਭਗ ਸਾਢੇ ਤਿੰਨ ਦਹਾਕੇ ਸੱਤਾ ਵਿੱਚ ਰਹਿਣ ਦੇ ਬਾਅਦ ਖੱਬੇ ਪੱਖੀ ਦਲ ਇਸ ਸਮੇਂ ਇਸ ਰਾਜ ਦੀ ਸਿਆਸਤ ਵਿੱਚ ਹਾਸ਼ੀਏ ’ਤੇ ਹਨ। ਤ੍ਰਿਪੁਰਾ ਵਿੱਚ ਵੀ ਕਾਫੀ ਸਮੇਂ ਤੋਂ ਭਾਜਪਾ ਦੀ ਹਕੂਮਤ ਹੈ। ਕਿਸੇ ਸਮੇਂ ਮਹਾਰਾਸਟਰ, ਤਾਮਿਲਨਾਡੂ, ਮੱਧ ਪ੍ਰਦੇਸ਼, ਬਿਹਾਰ, ਉੜੀਸਾ ਅਤੇ ਪੰਜਾਬ ਦੀ ਸਿਆਸਤ ਵਿੱਚ ਵੀ ਆਪਣਾ ਆਧਾਰ ਰੱਖਣ ਵਾਲੇ ਕਮਿਊਨਿਸਟ ਦਲ ਅੱਜ ਚੋਣ ਸਿਆਸਤ ਵਿੱਚੋਂ ਮਨਫ਼ੀ ਹਨ। ਦੇਸ਼ ਦੀ ਸਿਆਸਤ ਵਿੱਚ ਆਜ਼ਾਦੀ ਤੋਂ ਬਾਅਦ ਕਾਂਗਰਸ ਦੇ ਬਦਲ ਵਜੋਂ ਕਿਸੇ ਸਮੇਂ ਖੱਬੇ ਪੱਖੀ ਪਾਰਟੀਆਂ ਨੂੰ ਮੰਨਿਆ ਜਾਂਦਾ ਸੀ। ਦੇਸ਼ ਦੀ ਸਭ ਤੋਂ ਪਹਿਲੀ ਕਿਸੇ ਪ੍ਰਦੇਸ਼ ਦੀ ਗੈਰ-ਕਾਂਗਰਸੀ ਹਕੂਮਤ ਵੀ ਸਭ ਤੋਂ ਪਹਿਲਾਂ ਕੇਰਲਾ ਵਿੱਚ ਕਮਿਊਨਿਸਟ ਪਾਰਟੀ ਦੀ ਬਣੀ ਸੀ। ਦੇਸ਼ ਦੀ ਸਿਆਸਤ ਵਿੱਚ ਖੱਬੇ ਪੱਖੀ ਸਿਆਸਤ ਅਤੇ ਨੇਤਾਵਾਂ ਨੂੰ ਵਜ਼ਨ ਦਿੱਤਾ ਜਾਂਦਾ ਸੀ। ਇਹਨਾਂ ਨੇਤਾਵਾਂ ਦੀ ਵਿਚਾਰਧਾਰਕ ਦ੍ਰਿੜਤਾ, ਇਮਾਨਦਾਰੀ ਅਤੇ ਕਿਸਾਨ ਮਜ਼ਦੂਰ ਅਤੇ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਅਤੇ ਕੰਮ ਕਰਨ ਦੀ ਪ੍ਰਤੀਬੱਧਤਾ ਕਾਰਨ ਖੱਬੇ ਪੱਖੀ ਦਲ ਕਿਸੇ ਸਮੇਂ ਭਾਰਤੀ ਸਿਆਸਤ ਵਿੱਚ ਜਾਤੀ ਅਤੇ ਧਾਰਮਿਕ ਸਿਆਸਤ ਵਿਰੁੱਧ ਵੱਡੇ ਸਿਆਸੀ ਬਦਲ ਵੱਜੋਂ ਉਭਰੇ ਸਨ ਪਰ ਪਹਿਲਾਂ 1964 ਵਿੱਚ ਪਾਰਟੀ ਵਿੱਚ ਫੁੱਟ ਕਾਰਨ ਪਾਰਟੀ ਦੋ ਫਾੜ ਹੋ ਗਈ ਅਤੇ ਕਮਜ਼ੋਰ ਹੋਈ। ਬਾਅਦ ਵਿੱਚ ਐਮਰਜੈਂਸੀ ਤੋਂ ਬਾਅਦ ਪਹਿਲਾਂ ਜਨਤਾ ਪਾਰਟੀ ਦੇ ਉਭਾਰ ਅਤੇ ਬਾਅਦ ਵਿੱਚ ਸੰਨ ਅੱਸੀ ਵਾਲੇ ਦਹਾਕੇ ਵਿੱਚ ਰਾਮ ਮੰਦਿਰ ਅੰਦੋਲਨ ਕਾਰਨ ਭਾਜਪਾ ਦੇ ਉਭਾਰ ਕਾਰਨ ਖੱਬੇ ਪੱਖੀ ਦਲਾਂ ਦਾ ਆਧਾਰ ਘਟਣਾ ਸ਼ੁਰੂ ਹੋ ਗਿਆ। ਉਂਝ, ਆਪਣੇ ਵੱਡੇ ਆਗੂਆਂ ਹਰਕ੍ਰਿਸ਼ਨ ਸਿੰਘ ਸੁਰਜੀਤ, ਜੋਤੀ ਬਾਸੂ, ਇੰਦਰਜੀਤ ਗੁਪਤ, ਸੋਮਨਾਥ ਚੈਟਰਜੀ, ਬੁੱਧਦੇਵ ਭੱਟਾਚਾਰਿਆ ਆਦਿ ਦੀ ਯੋਗ ਅਗਵਾਈ ਵਿੱਚ ਇਹ ਦਲ 2008 ਤੱਕ ਭਾਰਤੀ ਸਿਆਸਤ ਵਿੱਚ ਆਪਣੇ ਮਹੱਤਵ ਨੂੰ ਕਾਇਮ ਰੱਖਦੇ ਰਹੇ। 1996 ਵਿੱਚ ਤਾਂ ਇਹਨਾਂ ਦਲਾਂ ਨੂੰ ਆਪਣਾ ਆਗੂ ਪ੍ਰਧਾਨ ਮੰਤਰੀ ਬਣਾਉਣ ਦਾ ਮੌਕਾ ਵੀ ਮਿਲਿਆ ਸੀ ਪਰ ਇਹ ਖੁੰਝ ਗਏ। 2004 ਵਿੱਚ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਬਣੀ ਯੂਪੀਏ ਸਰਕਾਰ ਦੇ ਗਠਨ ਵਿੱਚ ਵੀ ਖੱਬੇ ਪੱਖੀ ਦਲਾਂ ਅਤੇ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਅਹਿਮ ਭੂਮਿਕਾ ਨਿਭਾਈ ਸੀ। ਬਾਅਦ ਵਿੱਚ 2008 ਵਿੱਚ ਅਮਰੀਕਾ ਨਾਲ ਹੋਏ ਪਰਮਾਣੂ ਸਮਝੌਤੇ ਵਿਰੁੱਧ ਇਸ ਸਰਕਾਰ ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਇਹਨਾਂ ਦਲਾਂ ਦਾ ਭਾਰਤੀ ਸਿਆਸਤ ਵਿੱਚ ਨਿਘਾਰ ਸ਼ੁਰੂ ਹੋ ਗਿਆ।
ਕਾਮਰੇਡ ਸੁਰਜੀਤ ਸਮੇਤ ਹੋਰ ਆਗੂਆਂ ਦੇ ਦੇਹਾਂਤ ਜਾਂ ਬਜ਼ੁਰਗ ਹੋਣ ਕਾਰਨ ਸਿਆਸਤ ਵਿੱਚ ਗੈਰ-ਸਰਗਰਮ ਹੋ ਜਾਣ ਕਾਰਨ ਅਤੇ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੀ ਆਗੂ ਮਮਤਾ ਬੈਨਰਜੀ ਕੋਲੋਂ ਆਪਣੀ ਹਕੂਮਤ ਗਵਾ ਲੈਣ ਤੋਂ ਬਾਅਦ ਖੱਬੇ ਪੱਖੀ ਦਲ ਭਾਰਤੀ ਸਿਆਸਤ ਵਿੱਚ ਆਪਣਾ ਪ੍ਰਭਾਵ ਨਹੀਂ ਬਣਾ ਸਕੇ। ਜੋ ਹਾਲਾਤ ਪਿਛਲੇ 10 ਸਾਲ ਤੋਂ ਭਾਰਤੀ ਸਿਆਸਤ ਦੇ ਹਨ ਅਤੇ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦਾ ਜਿਸ ਕਦਰ ਉਭਾਰ ਹੋਇਆ ਹੈ, ਦੇਸ਼ ਦਾ ਸਮਾਜ ਜਾਤੀ ਅਤੇ ਧਾਰਮਿਕ ਤੌਰ ’ਤੇ ਵੰਡਿਆ ਗਿਆ ਹੈ। ਅਜਿਹੇ ਸਮੇਂ ਵਿੱਚ ਖੱਬੀ ਪੱਖੀ ਦਲਾਂ ਦੀ ਭੂਮਿਕਾ ਅਹਿਮ ਹੋ ਸਕਦੀ ਹੈ। ਖੱਬੇ ਪੱਖੀ ਦਲਾਂ ਦਾ ਕੇਡਰ ਦੇਸ਼ ਦੇ ਤਕਰੀਬਨ ਹਰ ਜਿ਼ਲ੍ਹੇ ਵਿੱਚ ਮੌਜੂਦ ਹੈ। ਅਜੇ ਵੀ ਭਾਰਤੀ ਵੋਟਰਾਂ ਦਾ ਕੁੱਝ ਹਿੱਸਾ ਅਜਿਹਾ ਹੈ ਜੋ ਮੌਜੂਦਾ ਧਾਰਮਿਕ ਕੱਟੜਵਾਦ, ਜਾਤੀ ਕੱਟੜਵਾਦ ਤੇ ਭ੍ਰਿਸ਼ਟ ਰਾਜਨੀਤੀ ਦੇ ਸਖਤ ਖਿਲਾਫ ਹੈ ਅਤੇ ਸਮੁਚੇ ਸਿਸਟਮ ਨੂੰ ਬਦਲ ਕੇ ਲੋਕ ਪੱਖੀ ਸੁਧਾਰਾਂ ਦਾ ਹਾਮੀ ਹੈ। ਅਜਿਹੇ ਲੋਕਾਂ ਲਈ ਖੱਬੇ ਪੱਖੀ ਦਲ ਬਦਲ ਹੋ ਸਕਦੇ ਹਨ। ਕੇਰਲਾ ਵਾਸੀਆਂ ਵਰਗੀ ਪੜ੍ਹੀ-ਲਿਖੀ ਜਨਤਾ ਜੇਕਰ ਖੱਬੇ ਪੱਖੀ ਦਲਾਂ ਨੂੰ ਜਿਤਾ ਸਕਦੀ ਹੈ ਤਾਂ ਬਾਕੀ ਦੇਸ਼ ਵਿੱਚ ਵੀ ਅਜਿਹਾ ਹੋ ਸਕਦਾ ਹੈ। ਇਸ ਸਮੇਂ ਲੋੜ ਹੈ ਖੱਬੇ ਪੱਖੀ ਨੇਤਾ ਮਿਹਨਤ ਕਰਨ ਅਤੇ ਲੋਕਾਂ ਵਿੱਚ ਜਾਣ। ਲੋਕ ਮੁੱਦੇ ਚੁੱਕਣ ਅਤੇ ਲੋਕਾਂ ਦੀ ਆਵਾਜ਼ ਬਣਨ। ਇਸ ਸਮੇਂ ਖੱਬੇ ਪੱਖੀ ਨੇਤਾਵਾਂ ਦੀ ਸਰਗਰਮੀ ਕੇਰਲਾ ਨੂੰ ਛੱਡ ਕੇ ਕਿਤੇ ਵੀ ਜਿ਼ਕਰਯੋਗ ਨਹੀਂ ਹੈ। ਅੱਜ ਵੀ ਖੱਬੇ ਪੱਖੀ ਦਲ ਅਤੇ ਨੇਤਾ ਦੂਸਰੇ ਸਿਆਸੀ ਦਲਾਂ ਦੇ ਮੁਕਾਬਲੇ ਕਾਰਪੋਰੇਟ ਘਰਾਣਿਆਂ ਦੇ ਪਿੱਠੂ ਨਹੀਂ ਹਨ। ਉਦਾਹਰਨ ਵਜੋਂ ਚੋਣ ਬਾਂਡ ਘੁਟਾਲੇ ਵਿੱਚ ਜੋ ਤੱਥ ਸਾਹਮਣੇ ਆਏ ਹਨ, ਉਸ ਅਨੁਸਾਰ ਕਿਸੇ ਵੀ ਖੱਬੇ ਪੱਖੀ ਦਲ ਨੇ ਕੋਈ ਫੰਡ ਨਹੀਂ ਲਿਆ। ਇਸ ਲਈ ਸਮੇਂ ਦੀ ਲੋੜ ਹੈ ਕਿ ਖੱਬੇ ਪੱਖੀ ਦਲ ਇੱਕਜੁਟ ਹੋ ਕੇ ਲੋਕਾਂ ਲਈ ਸੰਘਰਸ਼ ਕਰਨ, ਕਿਸਾਨਾਂ ਮਜ਼ਦੂਰਾਂ ਅਤੇ ਭਾਰਤ ਦੀ ਕਰੋੜਾਂ ਆਮ ਜਨਤਾ ਦੀ ਆਵਾਜ਼ ਬਣਨ ਅਤੇ ਅਜੋਕੇ ਸਮੇਂ ਦੀ ਫਿਰਕੂ ਰਾਜਨੀਤੀ ਦਾ ਡਟ ਕੇ ਵਿਰੋਧ ਕਰਨ। ਇਉਂ ਭਾਰਤੀ ਸਿਆਸਤ ਵਿੱਚ ਤਬਦੀਲੀ ਆਵੇਗੀ ਅਤੇ ਭਾਰਤੀ ਲੋਕਤੰਤਰ ਤੇ ਭਾਰਤੀ ਜਨਤਾ ਦੇ ਵੀ ਇਹ ਹਿੱਤ ਵਿੱਚ ਹੋਵੇਗਾ।
ਸੰਪਰਕ: 98768-56311