ਭਾਰਤੀ ਮੂਲ ਦੀ ਚੰਦਰਿਕਾ ਨੂੰ ਗ੍ਰੈਮੀ ਐਵਾਰਡ
ਲਾਸ ਏਂਜਲਸ:
ਭਾਰਤੀ ਅਮਰੀਕੀ ਗਾਇਕਾ ਚੰਦਰਿਕਾ ਟੰਡਨ ਦੀ ਐਲਬਮ ‘ਤ੍ਰਿਵੇਣੀ’ ਨੂੰ ‘ਬੈਸਟ ਨਿਊ ਏਜ, ਐਂਬੀਐਂਟ ਜਾਂ ਚੈਂਟ ਐਲਬਮ’ ਵਰਗ ਵਿੱਚ ਗ੍ਰੈਮੀ ਐਵਾਰਡ ਮਿਲਿਆ ਹੈ। ਉਸ ਨੇ ਰਿੱਕੀ ਕੇਜ ਅਤੇ ਅਨੁਸ਼ਕਾ ਸ਼ੰਕਰ ਨੂੰ ਹਰਾ ਕੇ ਇਹ ਸਨਮਾਨ ਜਿੱਤਿਆ ਹੈ। ਰਿਕਾਰਡਿੰਗ ਅਕਾਦਮੀ ਵੱਲੋਂ 67ਵਾਂ ਗ੍ਰੈਮੀ ਐਵਾਰਡ ਸ਼ੋਅ ਲਾਸ ਏਂਜਲਸ ਦੇ ਕ੍ਰਿਪਟੋ ਡਾਟ ਕੌਮ ਵਿੱਚ ਐਤਵਾਰ ਨੂੰ ਕਰਵਾਇਆ ਗਿਆ। ਚੰਦਰਿਕਾ ਨੇ ਇਹ ਐਵਾਰਡ ਆਪਣੇ ਸਾਥੀਆਂ ਦੱਖਣੀ ਅਫਰੀਕਾ ਤੇ ਬੰਸਰੀ ਵਾਦਕ ਵਾਉਟਰ ਕੇਲਰਮੈਨ ਅਤੇ ਜਪਾਨੀ ਸੇਲੋ ਵਾਦਕ ਇਰੂ ਮਾਤਸੂਮੋਟੋ ਨਾਲ ਜਿੱਤਿਆ ਹੈ। ਇਸ ਵਰਗ ਵਿੱਚ ਚੰਦਰਿਕਾ ਨਾਲ ਬੈਸਟ ਨਿਊ ਏਜ ਐਂਬੀਐਂਟ ਜਾਂ ਚੈਂਟ ਐਲਬਮ ਵਰਗ ’ਚ ਜਿਹੜੇ ਕਲਾਕਾਰਾਂ ਦੇ ਨਾਂ ਸ਼ਾਮਲ ਸਨ ਉਨ੍ਹਾਂ ਵਿੱਚ ‘ਬ੍ਰੇਕ ਆਫ ਡਾਅਨ’ ਲਈ ਰਿੱਕੀ ਕੇਜ, ‘ਓਪਸ’ ਲਈ ਰਿਯੂਚੀ ਸਾਕਾਮੋਟੋ, ‘ਚੈਪਟਰ 2: ਹਾਓ ਡਾਰਕ ਇਟ ਇਜ਼ ਬੀਫੋਰ ਡਾਅਨ’ ਲਈ ਅਨੁਸ਼ਕਾ ਸ਼ੰਕਰ ਅਤੇ ‘ਵਰੀਅਰਜ਼ ਆਫ ਲਾਈਟ’ ਲਈ ਰਾਧਿਕਾ ਵੇਕਾਰੀਆ ਸ਼ਾਮਲ ਸਨ। ਇਹ ਸਨਮਾਨ ਮਿਲਣ ’ਤੇ ਨਿਊ ਯਾਰਕ ਵਿੱਚ ਭਾਰਤ ਕੌਂਸਲੇਟ ਜਨਰਲ ਨੇ ਆਪਣੇ ਐਕਸ ਖਾਤੇ ’ਤੇ ਇਹ ਸਨਮਾਨ ਜਿੱਤਣ ਲਈ ਚੰਦਰਿਕਾ ਨੂੰ ਵਧਾਈਆਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਚੰਦਰਿਕਾ ਪੈਪਸੀਕੋ ਦੀ ਸਾਬਕਾ ਸੀਈਓ ਇੰਦਰਾ ਨੂਈ ਦੀ ਭੈਣ ਹੈ। ਉਨ੍ਹਾਂ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਗਾਇਕਾ ਨੇ ਆਪਣੀ ਕਲਾ ਅਤੇ ਆਪਣੇ ਸਾਥੀਆਂ ਨਾਲ ਬਣਾਈ ਇਸ ਐਲਬਮ ਰਾਹੀਂ ਵੱਖ ਵੱਖ ਸੱਭਿਆਚਾਰਾਂ ਅਤੇ ਪ੍ਰੰਪਰਾਵਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਸ ਵਾਰ ਇਹ ਸ਼ੋਅ ਕਈ ਕਾਰਨਾਂ ਕਰ ਕੇ ਚਰਚਾ ਵਿੱਚ ਰਿਹਾ ਹੈ। ਇਸ ਦੌਰਾਨ ਪੁਲੀਸ ਨੇ ਕੇਨੀ ਵੈਸਟ ਅਤੇ ਉਸ ਦੀ ਪਤਨੀ ਬਿਆਂਕਾ ਸੈਂਸੋਰੀ ਨੂੰ ਸ਼ੋਅ ਤੋਂ ਬਾਹਰ ਕੱਢ ਦਿੱਤਾ। -ਆਈਏਐੱਨਐੱਸ