ਇੰਡੀਅਨ ਨੇਵੀ ਨੇ ਜਿੱਤਿਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ
ਜਸਵੰਤ ਜੱਸ
ਫ਼ਰੀਦਕੋਟ, 24 ਸਤੰਬਰ
ਬਾਬਾ ਫ਼ਰੀਦ ਹਾਕੀ ਕਲੱਬ ਵੱਲੋਂ ਬਾਬਾ ਫ਼ਰੀਦ ਆਗਮਨ ਪੁਰਬ ’ਤੇ ਇੱਥੇ ਐਸਟ੍ਰੋਟਰਫ ਗਰਾਊਂਡ ਵਿੱਚ ਕਰਵਾਏ 32ਵੇਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਦਾ ਫਾਈਨਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇੰਡੀਅਨ ਨੇਵੀ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ, ਜਿਸ ਵਿੱਚ ਇੰਡੀਅਨ ਨੇਵੀ ਦੀ ਟੀਮ ਨੇ 5-3 ਨਾਲ ਕੱਪ ਜਿੱਤ ਲਿਆ। ਮੁੱਖ ਮਹਿਮਾਨ ਸਮਾਜ ਸੇਵੀ ਡਾ. ਐੱਸਪੀ ਸਿੰਘ ਓਬਰਾਏ ਵੱਲੋਂ ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਦਾ ਨਕਦ ਇਨਾਮ ਤੇ ਗੋਲਡ ਕੱਪ ਜਦਕਿ ਉਪ ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਤੇ ਸਿਲਵਰ ਕੱਪ ਦਿੱਤਾ ਗਿਆ। ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਅਤੇ ਸਾਬਕਾ ਡੀਆਈਜੀ ਤੇਜਿੰਦਰ ਸਿੰਘ ਮੌੜ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇੰਡੀਅਨ ਨੇਵੀ ਦੇ ਅਯੰਕਿਆ ਨੂੰ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ, ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਜੈ ਕੁਮਾਰ ਨੂੰ ਮੈਚ ਦਾ ਸਰਬੋਤਮ ਖਿਡਾਰੀ ਐਲਾਨਿਆ ਗਿਆ। ਇਸ ਦੌਰਾਨ ਪਾਵਰਕੌਮ ਦੇ ਚੀਫ ਇੰਜਨੀਅਰ ਜੇਐੱਸ ਮਾਨ ਅਤੇ ਮਰਹੂਮ ਹਾਕੀ ਖਿਡਾਰੀ ਰਵਿੰਦਰ ਟੋਨੀ ਦੇ ਪਰਿਵਾਰ ਵੱਲੋਂ ਵੀ ਇਨਾਮ ਵੰਡੇ ਗਏ।