ਸਮੁੰਦਰੀ ਡਾਕੂਆਂ ਦੀ ਭਾਲ ਕਰ ਰਹੀ ਹੈ ਭਾਰਤੀ ਜਲ ਸੈਨਾ
ਨਵੀਂ ਦਿੱਲੀ, 6 ਜਨਵਰੀ
ਭਾਰਤੀ ਜਲ ਸੈਨਾ ਇਕ ਵਪਾਰਕ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਵਿਚ ਸ਼ਾਮਲ ਸਮੁੰਦਰੀ ਡਾਕੂਆਂ ਦਾ ਪਤਾ ਲਾਉਣ ਲਈ ਉੁੱਤਰੀ ਅਰਬ ਸਾਗਰ ਵਿਚ ਸ਼ੱਕੀ ਜਹਾਜ਼ਾਂ ਨੂੰ ਤਲਾਸ਼ ਰਹੀ ਹੈ। ਦੱਸਣਯੋਗ ਹੈ ਕਿ ਜਲ ਸੈਨਾ ਨੇ ਸ਼ੁੱਕਰਵਾਰ ਨੂੰ ਲਾਇਬੇਰੀਆ ਦੇ ਝੰਡੇ ਵਾਲੇ ਜਹਾਜ਼ ‘ਐਮਵੀ ਲੀਲਾ ਨੌਰਫੋਕ’ ਨੂੰ ਅਗਵਾ ਕਰਨ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਸੀ ਤੇ ਇਸ ਵਿਚ ਸਵਾਰ 15 ਭਾਰਤੀਆਂ ਸਣੇ ਚਾਲਕ ਦਲ ਦੇ 21 ਮੈਂਬਰਾਂ ਨੂੰ ਬਚਾ ਲਿਆ ਸੀ।
ਜਲ ਸੈਨਾ ਨੇ ਦੱਸਿਆ ਕਿ ਹੁਣ ਇਸ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਪ੍ਰੋਪਲਸ਼ਨ, ਬਿਜਲੀ ਸਪਲਾਈ ਤੇ ਸਟੀਅਰਿੰਗ ਗੀਅਰ ਨੂੰ ਮੁੜ ਸ਼ੁਰੂ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਇਸ ਤੋਂ ਬਾਅਦ ‘ਐਮਵੀ ਲੀਲਾ ਨੌਰਫੋਕ’ ਭਾਰਤੀ ਜਲ ਸੈਨਾ ਦੇ ਜਹਾਜ਼ ਦੀ ਸੁਰੱਖਿਆ ਵਿਚ ਆਪਣੀ ਮੰਜ਼ਿਲ ਲਈ ਰਵਾਨਾ ਹੋਵੇਗਾ। ਜਲ ਸੈਨਾ ਨੇ ਜਹਾਜ਼ ਦੀ ਮਦਦ ਲਈ ਇਕ ਜੰਗੀ ਜਹਾਜ਼, ਸਮੁੰਦਰੀ ਗਸ਼ਤ ਜਹਾਜ਼ ਪੀ-8ਆਈ ਤੇ ਪ੍ਰੀਡੇਟਰ ਐਮਕਿਊ9ਬੀ ਡਰੋਨ ਤਾਇਨਾਤ ਕੀਤੇ ਹਨ। ਦੱਸਣਯੋਗ ਹੈ ਕਿ ਇਸ ਜਹਾਜ਼ ਨੇ ‘ਯੂਕੇ ਮੈਰੀਟਾਈਮ ਟਰੇਡ ਅਪਰੇਸ਼ਨਜ਼ ਪੋਰਟਲ’ ਉਤੇ ਇਕ ਸੁਨੇਹਾ ਭੇਜਿਆ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਵੀਰਵਾਰ ਸ਼ਾਮ ਅਣਪਛਾਤੇ ਹਥਿਆਰਬੰਦ ਵਿਅਕਤੀ ਜਹਾਜ਼ ਵਿਚ ਸਵਾਰ ਹੋ ਗਏ ਹਨ। ਇਸ ਤੋਂ ਬਾਅਦ ਭਾਰਤੀ ਜਲ ਸੈਨਾ ਦੇ ਵਿਸ਼ੇਸ਼ ਸਮੁੰਦਰੀ ਕਮਾਂਡੋਜ਼ ‘ਮਾਰਕੋਸ’ ਨੇ ਉੱਤਰੀ ਅਰਬ ਸਾਗਰ ਵਿਚ ਜਹਾਜ਼ ਅਗਵਾ ਦੀਆਂ ਕੋਸ਼ਿਸ਼ਾਂ ’ਤੇ ਕਾਰਵਾਈ ਕਰਦਿਆਂ ਸ਼ੁੱਕਰਵਾਰ ਨੂੰ ਇਸ ਵਿਚ ਸਵਾਰ 21 ਜਣਿਆਂ ਨੂੰ ਬਚਾ ਲਿਆ ਸੀ। ਜਲ ਸੈਨਾ ਨੇ ਇਕ ਬਿਆਨ ਵਿਚ ਕਿਹਾ ਕਿ ਟੀਮ ਨੂੰ ਜਹਾਜ਼ ਵਿਚ ਕੋਈ ਡਾਕੂ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ ਭਾਰਤੀ ਜਲ ਸੈਨਾ ਦੇ ਹਵਾਈ ਜਹਾਜ਼ ਵੱਲੋਂ ਲਗਾਤਾਰ ਚਿਤਾਵਨੀ ਦਿੱਤੇ ਜਾਣ ਤੇ ਸੈਨਾ ਦੇ ਸਮੁੰਦਰੀ ਜਹਾਜ਼ ਵੱਲੋਂ ਵਪਾਰਕ ਜਹਾਜ਼ ਦਾ ਪਿੱਛਾ ਕੀਤੇ ਜਾਣ ਕਾਰਨ ਸ਼ਾਇਦ ਸਮੁੰਦਰੀ ਡਾਕੂ ਰਾਤ ਨੂੰ ਜਹਾਜ਼ ਵਿਚੋਂ ਭੱਜਣ ਲਈ ਮਜਬੂਰ ਹੋ ਗਏ ਸਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਅਹਿਮ ਸਮੁੰਦਰੀ ਖੇਤਰਾਂ ਵਿਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। -ਪੀਟੀਆਈ