ਬੰਗਲਾਦੇਸ਼ ਵੱਲੋਂ ਭਾਰਤੀ ਹਾਈ ਕਮਿਸ਼ਨਰ ਤਲਬ
ਢਾਕਾ, 3 ਦਸੰਬਰ
ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਅੱਜ ਭਾਰਤ ਦੇ ਹਾਈ ਕਮਿਸ਼ਨਰ ਪ੍ਰਣਯ ਵਰਮਾ ਨੂੰ ਤਲਬ ਕਰਕੇ ਅਗਰਤਲਾ (ਤ੍ਰਿਪੁਰਾ) ਵਿਚ ਆਪਣੇ ਮਿਸ਼ਨ ’ਚ ਭੰਨਤੋੜ ਦੀ ਘਟਨਾ ਖਿਲਾਫ਼ ਸਖ਼ਤ ਰੋਸ ਜਤਾਇਆ ਹੈ। ਇਹੀ ਨਹੀਂ ਬੰਗਲਾਦੇਸ਼ ਨੇ ‘ਸੁਰੱਖਿਆ ਕਾਰਨਾਂ’ ਦੇ ਹਵਾਲੇ ਨਾਲ ਅਗਰਤਲਾ ਸਥਿਤ ਆਪਣੇ ਸਹਾਇਕ ਹਾਈ ਕਮਿਸ਼ਨ ਵਿਚ ਸਾਰੀਆਂ ਕੌਂਸੁਲਰ ਸੇਵਾਵਾਂ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਤੋਂ ਬੰਦ ਕਰ ਦਿੱਤੀਆਂ ਹਨ।
ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ, ‘‘ਵਰਮਾ ਨੂੰ ਸੱਦਿਆ ਗਿਆ ਸੀ ਤੇ ਅਸੀਂ ਆਪਣੇ ਫ਼ਿਕਰਾਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾ ਦਿੱਤਾ ਹੈ।’’ ਇਸ ਤੋਂ ਪਹਿਲਾਂ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਤੌਹੀਦ ਹੁਸੈਨ ਨੇ ਕਿਹਾ ਸੀ ਕਿ ਅਗਰਤਲਾ ਘਟਨਾ ਮਗਰੋਂ ਭਾਰਤੀ ਸਫ਼ੀਰ ਨੂੰ ਵਿਦੇਸ਼ ਦਫ਼ਤਰ ਵਿਚ ਆਉਣ ਲਈ ਕਿਹਾ ਗਿਆ ਹੈ।’’ ਉਧਰ ਵਰਮਾ ਨੇ ਕਿਹਾ ਕਿ ਦਿੱਲੀ ਬੰਗਲਾਦੇਸ਼ ਨਾਲ ‘ਲਗਾਤਾਰ ਸਥਿਰ ਤੇ ਉਸਾਰੂ ਸਬੰਧ’ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਇਕਹਿਰੀ ਘਟਨਾ/ਮਸਲਾ ਦੁਵੱਲੇ ਸਬੰਧਾਂ ਵਿਚ ਅੜਿੱਕਾ ਨਹੀਂ ਬਣ ਸਕਦਾ। ਵਰਮਾ ਨੇ ਕਾਰਜਕਾਰੀ ਵਿਦੇਸ਼ ਸਕੱਤਰ ਰਿਆਜ਼ ਹਾਮਿਦੁੱਲ੍ਹਾ ਨਾਲ ਮਿਲਣੀ ਮਗਰੋਂ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੇ ਇੱਛੁਕ ਹਾਂ।’’ ਵਰਮਾ ਨੇ ਦੁਵੱਲੇ ਸਬੰਧਾਂ ਨੂੰ ‘ਬਹੁਪੱਖੀ ਅਤੇ ਵਿਆਪਕ’ ਦੱਸਿਆ ਜੋ ਕਿਸੇ ਇੱਕ ਮੁੱਦੇ ਜਾਂ ਏਜੰਡੇ ’ਤੇ ਅਧਾਰਤ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਭਾਰਤ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਲਈ ਦੋਵਾਂ ਦੇਸ਼ਾਂ ਦੀਆਂ ਸਾਂਝੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਬੰਗਲਾਦੇਸ਼ ਸਰਕਾਰ ਨਾਲ ਮਿਲ ਕੇ ਕੰਮ ਕਰਨ ਵਿੱਚ ਦਿਲਚਸਪੀ ਰੱਖਦਾ ਹੈ। ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਮੁਲਕ ਛੱਡ ਕੇ ਭਾਰਤ ਜਾਣ ਮਗਰੋਂ ਦੋਵਾਂ ਗੁਆਂਢੀ ਮੁਲਕਾਂ ਦੇ ਰਿਸ਼ਤਿਆਂ ਵਿਚ ਤਲਖੀ ਜਾਰੀ ਹੈ। -ਪੀਟੀਆਈ