ਇੰਡੀਅਨ ਫ਼ਿਲਮ ਮੇਲਾ: ਆਸਟਰੇਲਿਆਈ ਸੰਸਦ ’ਚ ਸੰਬੋਧਨ ਕਰਨਗੇ ਰਾਣੀ ਮੁਖਰਜੀ ਤੇ ਕਰਨ ਜੌਹਰ
ਮੁੰਬਈ:
ਅਦਾਕਾਰਾ ਰਾਣੀ ਮੁਖਰਜੀ ਅਤੇ ਫਿਲਮ ਨਿਰਦੇਸ਼ਕ ਕਰਨ ਜੌਹਰ ਆਗਾਮੀ 15ਵੇਂ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (ਆਈਐੱਫਐੱਫਐੱਮ) ਤੋਂ ਪਹਿਲਾਂ ਆਸਟਰੇਲਿਆਈ ਸੰਸਦ ਵਿੱਚ ਸੰਬੋਧਨ ਕਰਨਗੇ। ਇਹ ਜਾਣਕਾਰੀ ਅੱਜ ਇੱਥੇ ਪ੍ਰਬੰਧਕਾਂ ਨੇ ਦਿੱਤੀ। ਰਾਣੀ ਮੁਖਰਜੀ (46) ਅਤੇ ਕਰਨ ਜੌਹਰ (52) ਨੇ ‘ਕੁਛ ਕੁਛ ਹੋਤਾ ਹੈ’, ‘ਕਭੀ ਖੁਸ਼ੀ ਕਭੀ ਗਮ’ ਅਤੇ ‘ਕਭੀ ਅਲਵਿਦਾ ਨਾ ਕਹਿਨਾ’ ਵਰਗੀਆਂ ਫ਼ਿਲਮਾਂ ਵਿੱਚ ਇਕੱਠਿਆਂ ਕੰਮ ਕੀਤਾ ਹੈ ਅਤੇ ਦੋਵੇਂ 13 ਅਗਸਤ ਨੂੰ ਮੁੱਖ ਭਾਸ਼ਣ ਦੇਣਗੇ। ਮੈਲਬਰਨ ਵਿੱਚ 15 ਤੋਂ 25 ਅਗਸਤ ਤੱਕ ਹੋਣ ਵਾਲੇ ਫਿਲਮ ਮੇਲੇ ਵਿੱਚ ਵੱਖ-ਵੱਖ ਸ਼੍ਰੇਣੀਆਂ ਦੀਆਂ ਭਾਰਤੀ ਫਿਲਮਾਂ ਦਿਖਾਈਆਂ ਜਾਣਗੀਆਂ। ਭਾਰਤੀ ਸਿਨੇਮਾ ਦੇ ਆਲਮੀ ਪ੍ਰਭਾਵ ਅਤੇ ਸੱਭਿਆਚਾਰਕ ਮਹੱਤਵ ਬਾਰੇ ਮੁੱਖ ਭਾਸ਼ਣ ਵਿੱਚ ਆਸਟਰੇਲਿਆਈ ਸੰਸਦ ਮੈਂਬਰ, ਮੰਤਰੀ ਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ। ਰਾਣੀ ਮੁਖਰਜੀ ਨੇ ਕਿਹਾ ਕਿ ਉਹ ਆਸਟਰੇਲਿਆਈ ਸੰਸਦ ਭਵਨ ਵਿੱਚ ਭਾਰਤੀ ਫਿਲਮ ਭਾਈਚਾਰੇ ਦੀ ਨੁਮਾਇੰਦਗੀ ਕਰਨ ਲਈ ਮਾਣ ਮਹਿਸੂਸ ਕਰ ਰਹੀ ਹੈ। ਕਰਨ ਜੌਹਰ ਨੇ ਕਿਹਾ ਕਿ ਉਹ ਭਾਰਤੀ ਸਿਨੇਮਾ ਦੇ ਸ਼ਾਨਦਾਰ ਸਫ਼ਰ ਦਾ ਜਸ਼ਨ ਮਨਾਉਣ ਲਈ ‘ਇਤਿਹਾਸਕ ਸਮਾਗਮ’ ਵਿੱਚ ਬੁਲਾਰੇ ਵਜੋਂ ਬੁਲਾਏ ਜਾਣ ’ਤੇ ਮਾਣ ਮਹਿਸੂਸ ਕਰ ਰਿਹਾ ਹੈ। ਫਿਲਮ ਮੇਲੇ ਦੇ ਨਿਰਦੇਸ਼ਕ ਮੀਟੂ ਭੌਮਿਕ ਲਾਂਗੇ ਨੇ ਕਿਹਾ, ‘‘ਆਸਟਰੇਲਿਆਈ ਸੰਸਦ ਵਿੱਚ ਰਾਣੀ ਮੁਖਰਜੀ ਅਤੇ ਕਰਨ ਜੌਹਰ ਦਾ ਮੁੱਖ ਬੁਲਾਰੇ ਵਜੋਂ ਹੋਣਾ ਫਿਲਮ ਮੇਲੇ ਦੇ ਵੱਧ ਰਹੇ ਪ੍ਰਭਾਵ ਅਤੇ ਮਾਨਤਾ ਦਾ ਸਬੂਤ ਹੈ।’’ -ਪੀਟੀਆਈ