ਪਾਕਿਸਤਾਨ ’ਚ ਭਾਰਤ ਦੀ ਮਹਿਲਾ ਡਿਪਲੋਮੈਟ
ਸੁਰਿੰਦਰ ਸਿੰਘ ਤੇਜ
ਪਾਕਿਸਤਾਨ ਤੇ ਭਾਰਤ ਦੇ ਸਫ਼ਾਰਤੀ ਸਬੰਧ ਇਸ ਵੇਲੇ ਬਰਫ਼ ਵਿੱਚ ਲੱਗੇ ਹੋਏ ਹਨ। 2019 ਵਿੱਚ ਭਾਰਤ ਵੱਲੋਂ ਜੰਮੂ ਕਸ਼ਮੀਰ ਦਾ ਧਾਰਾ 370 ਅਧੀਨ ਵਿਸ਼ੇਸ਼ ਰੁਤਬਾ ਖ਼ਤਮ ਕੀਤੇ ਜਾਣ ਮਗਰੋਂ ਦੋਵਾਂ ਮੁਲਕਾਂ ਦੇ ਹਾਈ ਕਮਿਸ਼ਨਾਂ (ਸਫਾਰਤਖ਼ਾਨਿਆਂ) ਦੇ ਮੁਖੀ ਹਾਈ ਕਮਿਸ਼ਨਰ ਨਹੀਂ। ਮੁਖੀ ਵਾਲੇ ਕੰਮ ਚਾਰਜ ਡੀ’ਅਫੇਅਰਜ਼ (ਉਪ ਰਾਜਦੂਤ) ਨਿਭਾ ਰਹੇ ਹਨ। ਦੋਵਾਂ ਹਾਈ ਕਮਿਸ਼ਨਾਂ ਜਾਂ ਉਨ੍ਹਾਂ ਦੇ ਕੌਂਸੁਲੇਟਸ ਵਿੱਚ ਤਾਇਨਾਤ ਅਮਲੇ ਨੂੰ ਕੁਝ ਨਿਸ਼ਚਿਤ ਸ਼ਹਿਰੀ ਹੱਦਾਂ ਦੇ ਅੰਦਰ ਵਿਚਰਨ ਦੀ ਇਜਾਜ਼ਤ ਹੈ। ਇਨ੍ਹਾਂ ਹੱਦਾਂ ਤੋਂ ਬਾਹਰ ਜਾਣ ਵਾਲੇ ਨੂੰ ਸਫ਼ਾਰਤੀ ਪ੍ਰੋਟੋਕੋਲ ਦੀ ਉਲੰਘਣਾ ਦਾ ਦੋਸ਼ੀ ਮੰਨਿਆ ਜਾਂਦਾ ਹੈ। ਅਜਿਹੇ ਦੋਸ਼ ਅਧੀਨ ਉਸ ਨੂੰ 48 ਘੰਟਿਆਂ ਦੇ ਅੰਦਰ ਅੰਦਰ ਵਤਨ ਪਰਤਣ ਲਈ ਵੀ ਕਿਹਾ ਜਾ ਸਕਦਾ ਹੈ। ਜਦੋਂ ਦੁਵੱਲੀ ਕਸ਼ੀਦਗੀ ਘਟੀ ਹੋਵੇ ਤਾਂ ਸਫ਼ਾਰਤੀ ਭੁੱਲਾਂ-ਚੁੱਕਾਂ ਦੀ ਸਹਿਜੇ ਹੀ ਅਣਦੇਖੀ ਕਰ ਦਿੱਤੀ ਜਾਂਦੀ ਹੈ। ਜਦੋਂ ਇਹ ਵਧੀ ਹੋਵੇ ਤਾਂ ਰਾਈ ਦਾ ਪਹਾੜ ਬਣਾਉਣ ਵਿੱਚ ਦੇਰ ਨਹੀਂ ਲਾਈ ਜਾਂਦੀ। ਬਹੁਤੀ ਵਾਰ ਅਜਿਹਾ ਨਜ਼ਲਾ ਹਾਈ ਕਮਿਸ਼ਨਾਂ ਦੇ ਚੌਥਾ ਜਾਂ ਤੀਜਾ ਦਰਜਾ ਮੁਲਾਜ਼ਮਾਂ ਉੱਤੇ ਹੀ ਝੜਦਾ ਹੈ। ਉਨ੍ਹਾਂ ਨੂੰ ਤਾਂ ਕਈ ਵਾਰ ਖ਼ੁਫ਼ੀਆ ਏਜੰਸੀਆਂ ਹਿਰਾਸਤ ਵਿੱਚ ਲੈ ਕੇ ਤਸੀਹੇ ਵੀ ਦਿੰਦੀਆਂ ਹਨ। ਇਹ ਅਮਲ ਬਦਲਾਖੋਰੀ ਨੂੰ ਜਨਮ ਦਿੰਦਾ ਹੈ। ਇੱਕ ਮੁਲਕ ਦੀ ਕਾਰਵਾਈ ਦੀ ਦੂਜਾ ਮੁਲਕ ਭਾਜੀ ਮੋੜਦਾ ਹੈ; ਵੱਧ ਸ਼ਿੱਦਤ, ਵੱਧ ਜ਼ਾਲਮਾਨਾ ਢੰਗ ਨਾਲ।

ਕਿਉਂ ਵਾਪਰਦਾ ਹੈ ਇਹ ਸਭ ਕੁਝ? ਕੀ ਕੀ ਨਿਕਲਦੇ ਹਨ ਅਜਿਹੀਆਂ ਘਟਨਾਵਾਂ ਦੇ ਨਤੀਜੇ? ਕਿਵੇਂ ਕਿਵੇਂ ਸਿੱਝਿਆ ਜਾਂਦਾ ਹੈ ਇਸ ਕਿਸਮ ਦੇ ਖਿਚਾਅ ਨਾਲ? ਅਜਿਹੇ ਸਵਾਲਾਂ ਦੇ ਜਵਾਬ ਮਿਲਦੇ ਹਨ ਰੁਚੀ ਘਨਸ਼ਿਆਮ ਦੀ ਕਿਤਾਬ ‘ਐਨ ਇੰਡੀਅਨ ਵੂਮੈਨ ਇਨ ਇਸਲਾਮਾਬਾਦ’ (ਪੈਂਗੁਇਨ-ਵਾਈਕਿੰਗ; 229 ਪੰਨੇ; 699 ਰੁਪਏ) ਤੋਂ। ਲੇਖਿਕਾ ਦੀ 1997 ਤੋਂ 2000 ਤੱਕ ਪਾਕਿਸਤਾਨ ਵਿੱਚ ਤਾਇਨਾਤੀ ਦੇ ਦਿਨਾਂ ਦੀ ਦਾਸਤਾਨ ਹੈ ਇਹ ਕਿਤਾਬ। ਰੁਚੀ 1982 ਬੈਚ ਦੀ ਆਈਐੱਫਐੱਸ ਅਧਿਕਾਰੀ ਸੀ। ਉਹ ਤੇ ਉਸ ਦਾ ਪਤੀ ਏ.ਆਰ. ਘਨਸ਼ਿਆਮ ਉਪਰੋਕਤ ਸਮੇਂ ਦੌਰਾਨ ਪਾਕਿਸਤਾਨ ਵਿਚਲੇ ਭਾਰਤੀ ਹਾਈ ਕਮਿਸ਼ਨ ਜਾਂ ਮਿਸ਼ਨਾਂ (ਕੌਂਸੁਲੇਟਾਂ) ਵਿੱਚ ਕੌਂਸੁਲਰਾਂ (ਪ੍ਰਥਮ ਸਕੱਤਰਾਂ) ਵਜੋਂ ਤਾਇਨਾਤ ਰਹੇ। ਉਹ ਪਹਿਲੀ ਭਾਰਤੀ ਮਹਿਲਾ ਡਿਪਲੋਮੈਟ ਸੀ ਜਿਸ ਨੂੰ ਪਾਕਿਸਤਾਨ ਵਿੱਚ ਪੋਸਟ ਕੀਤਾ ਗਿਆ। ਬੜੀ ਚੁਣੌਤੀਪੂਰਨ ਸੀ ਇਹ ਨਿਯੁਕਤੀ। 1997 ਤੋਂ 2000 ਦਾ ਸਮਾਂ ਭਾਰਤ-ਪਾਕਿ ਸਬੰਧਾਂ ਵਿੱਚ ਖਲਬਲੀ ਵਾਲਾ ਸਮਾਂ ਸੀ। ਪਹਿਲਾਂ ਭਾਰਤ ਨੇ ਪਰਮਾਣੂ ਬੰਬਾਂ ਦੀ ਪਰਖ ਕੀਤੀ, ਫਿਰ ਪਾਕਿਸਤਾਨ ਨੇ। ਦੋਵਾਂ ਮੁਲਕਾਂ ਨੇ ਇੱਕ-ਦੂਜੇ ’ਤੇ ਪਰਮਾਣੂ ਕਹਿਰ ਢਾਹੁਣ ਦੀਆਂ ਧਮਕੀਆਂ ਵੀ ਦਿੱਤੀਆਂ। ਦੋਵਾਂ ਉੱਪਰ ਆਲਮੀ ਪੱਧਰ ਦੀਆਂ ਪਾਬੰਦੀਆਂ ਵੀ ਲੱਗੀਆਂ। ਫਿਰ ਸਦਾ-ਇ-ਸਰਹੱਦ ਦਾ ਦੌਰ ਆਇਆ: ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਬੱਸ ’ਤੇ ਬੈਠ ਕੇ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਗਏ; ਪਾਕਿਸਤਾਨ ਵਿੱਚ ਵਜ਼ੀਰ-ਇ-ਆਜ਼ਮ ਨਵਾਜ਼ ਸ਼ਰੀਫ਼ ਨਾਲ ਮਿਲ ਕੇ ਉਨ੍ਹਾਂ ਨੇ ਅਮਨ ਦੇ ਸੋਹਲੇ ਗਾਏ; ਦੋਸਤੀ ਦੇ ਹਲਫ਼ਨਾਮੇ ਦੇ ਰੂਪ ਵਿੱਚ ਲਾਹੌਰ ਐਲਾਨਨਾਮੇ ਉੱਤੇ ਦਸਤਖ਼ਤ ਹੋਏ ਅਤੇ ਫਿਰ... ਪਾਕਿਸਤਾਨੀ ਦਗ਼ੇਬਾਜ਼ੀ ਦਾ ਮੁਹਾਂਦਰਾ ਕਾਰਗਿਲ ਜੰਗ ਦੇ ਬਾਣੇ ਵਿੱਚ ਸਾਡੇ ਸਾਹਮਣੇ ਆਇਆ। ਅਮਨ ਖੇਰੂੰ-ਖੇਰੂੰ ਹੋ ਗਿਆ। ਦੁਸ਼ਮਣੀ ਨਵੇਂ ਸਿਰਿਉਂ ਦੁਵੱਲੇ ਰਿਸ਼ਤਿਆਂ ਦੀ ਆਬੋ-ਹਵਾ ਦਾ ਦੁਰਗੰਧਿਤ ਹਿੱਸਾ ਬਣ ਗਈ। ਰੁਚੀ, ਘਨਸ਼ਿਆਮ ਅਤੇ ਉਨ੍ਹਾਂ ਦੇ ਦੋ ਨਿੱਕੇ ਨਿਆਣਿਆਂ ਨੇ ਇਹ ਸਾਰੇ ਪਲ ਆਪੋ ਆਪਣੇ ਪਿੰਡਿਆਂ ’ਤੇ ਵੀ ਹੰਢਾਏ ਅਤੇ ਮਨਾਂ ’ਤੇ ਵੀ। ਇਹ ਸਾਰਾ ਬਿਰਤਾਂਤ ਇਸ ਕਿਤਾਬ ਦੀ ਜਿੰਦ-ਜਾਨ ਹੈ।
ਅਜਿਹੇ ਵਿਸ਼ਾ-ਵਸਤੂ ਦੇ ਬਾਵਜੂਦ ਕਮਾਲ ਦੀ ਗੱਲ ਇਹ ਹੈ ਕਿ ਇਸ ਬਿਰਤਾਂਤ ਵਿੱਚ ਸਿਆਹੀ ਘੱਟ ਹੈ, ਸਫ਼ੈਦੀ ਵੱਧ। ਬਦਨੁਮਾਈ ਘੱਟ, ਖੁਸ਼ਨੁਮਾਈ ਜ਼ਿਆਦਾ। ਸਿਆਸੀ ਦੁਸ਼ਮਣੀਆਂ ਦੀ ਰੇਗਜ਼ਾਰੀ ਵਿੱਚ ਇਨਸਾਨੀ ਰਿਸ਼ਤਿਆਂ ਦੀ ਹਰਿਆਲੀ ਉੱਗਣ ਦੇ ਤਸੱਵਰਾਂ ਨਾਲ ਲੈਸ ਹੈ ਇਹ। ਰੁਚੀ ਘਨਸ਼ਿਆਮ ਨੇ ਇਨ੍ਹਾਂ ਤਸੱਵਰਾਂ ਨੂੰ ਹਿੰਦ-ਪਾਕਿ ਸਬੰਧਾਂ ਦੀਆਂ ਪੇਚੀਦਗੀਆਂ ਦੇ ਵਿਸ਼ਲੇਸ਼ਣ ਦਾ ਸ਼ਿੰਗਾਰ ਬਣਾਇਆ ਹੈ। ਇਹ ਤੱਤ ਕਿਤਾਬ ਨੂੰ ਰੌਚਿਕ ਤਾਂ ਬਣਾਉਂਦਾ ਹੀ ਹੈ, ਪੇਚੀਦਗੀਆਂ ਦੀ ਅਸਲੀਅਤ ਸਮਝਣ ਵਿੱਚ ਵੀ ਮਦਦਗਾਰ ਹੁੰਦਾ ਹੈ।
ਭਾਰਤੀ ਡਿਪਲੋਮੈਟਾਂ ਉੱਤੇ ਬੰਦਿਸ਼ਾਂ
‘‘ਇਸਲਾਮਾਬਾਦ ਵਿੱਚ ਰਹਿਣਾ ਆਸਾਨ ਨਹੀਂ ਸੀ। ਸਾਡੇ ’ਤੇ ਹਰ ਵੇਲੇ ਪਾਕਿਸਤਾਨੀ ਖ਼ੁਫ਼ੀਆ ਏਜੰਟਾਂ ਵੱਲੋਂ ਨਜ਼ਰ ਰੱਖੀ ਜਾਂਦੀ ਸੀ। ਸਾਨੂੰ ਅੰਦਾਜ਼ਾ ਸੀ ਕਿ ਸਾਡੇ ਘਰ ਵਿੱਚ ਵੀ ਸੂਹੀਆ ਯੰਤਰ ਫਿੱਟ ਹਨ ਅਤੇ ਫ਼ੋਨਾਂ ਵਿੱਚ ਵੀ। ਇਸਲਾਮਾਬਾਦ ਉਦੋਂ ਨਿੱਕਾ ਜਿਹਾ ਸ਼ਹਿਰ ਸੀ; ਉੱਥੇ ਵੀ ਗਿਣਵੀਆਂ ਥਾਵਾਂ ’ਤੇ ਹੀ ਜਾਇਆ ਜਾ ਸਕਦਾ ਸੀ। ਸ਼ਹਿਰ ਦੀਆਂ ਹੱਦਾਂ ਤੋਂ ਬਾਹਰ ਜਾਣ ਵਾਸਤੇ (ਪਾਕਿਸਤਾਨੀ ਵਿਦੇਸ਼ ਦਫ਼ਤਰ ਤੋਂ) ਪ੍ਰਵਾਨਗੀ ਲੈਣੀ ਪੈਂਦੀ ਸੀ। ਪ੍ਰਵਾਨਗੀ ਹਮੇਸ਼ਾ ਛੇਤੀ ਨਹੀਂ ਸੀ ਮਿਲਦੀ। ਰਾਵਲਪਿੰਡੀ ਜਾਂ ਮੱਰੀ ਜਾਣ (ਪਹਾੜੀ ਸਥਾਨ, ਜਿਸ ਦਾ ਨਾਂ ਹਜ਼ਰਤ ਈਸਾ ਮਸੀਹ ਦੀ ਮਾਤਾ ਮਰੀਅਮ ਦੇ ਨਾਂ ’ਤੇ ਹੈ) ਜਾਣ ਦੀ ਖੁੱਲ੍ਹ ਸੀ, ਪਰ ਉੱਥੇ ਵੀ ਕਿੰਨੀ ਕੁ ਵਾਰ ਜਾਇਆ ਜਾ ਸਕਦਾ ਸੀ? ਅਸੀਂ ਖ਼ੈਬਰ ਦੱਰੇ ਦੀ ਵਿਰਾਸਤੀ ਸੈਰ ਦਾ ਪ੍ਰੋਗਰਾਮ ਬਣਾਇਆ, ਪਰ ਇਜਾਜ਼ਤ ਨਹੀਂ ਮਿਲੀ। ਇਸ ਤੋਂ ਵੱਧ ਬੁਰੀ ਗੱਲ ਇਹ ਰਹੀ ਕਿ ਸਾਡੇ 9 ਵਰ੍ਹਿਆਂ ਦੇ ਬੇਟੇ ਅਨੀਕੇਤ, ਜੋ ਕਿ ਅਮੈਰੀਕਨ ਸਕੂਲ ਵਿੱਚ ਪੜ੍ਹਦਾ ਸੀ, ਨੂੰ ਸਕੂਲ ਦੇ ਇੱਕ ਵਿਦਿਅਕ ਟੂਰ ਦੌਰਾਨ ਆਪਣੇ ਹਮਜਮਾਤੀਆਂ ਨਾਲ ਖੇਵੜਾ ਸਥਿਤ ਲੂਣ ਦੀਆਂ ਖਾਣਾਂ ਦੇਖਣ ਨਹੀਂ ਜਾਣ ਦਿੱਤਾ ਗਿਆ; ਸਿਰਫ਼ ਇਸ ਆਧਾਰ ’ਤੇ ਕਿ ਉਹ ਭਾਰਤੀ ਡਿਪਲੋਮੈਟਾਂ ਦਾ ਬੇਟਾ ਹੈ। ... ਇਸਲਾਮਾਬਾਦ ਤੋਂ ਦਿੱਲੀ ਪਰਤਣ ’ਤੇ ਵਿਦੇਸ਼ ਮੰਤਰਾਲੇ ਵਿੱਚ ਮੇਰੀ ਨਿਯੁਕਤੀ ਡਾਇਰੈਕਟਰ (ਪਾਕਿਸਤਾਨ) ਵਜੋਂ ਹੋਈ। ਸਾਲ ਕੁ ਬਾਅਦ ਪਾਕਿਸਤਾਨੀ ਮਿਸ਼ਨ ਦਾ ਮੇਰਾ ਹਮਰੁਤਬਾ ਅਧਿਕਾਰੀ ਮੈਨੂੰ ਮਿਲਣ ਆਇਆ। ਉਸ ਨੇ ਮੈਨੂੰ ਕਿਹਾ ਕਿ ਪਾਕਿਸਤਾਨੀ ਵਿਦੇਸ਼ ਦਫ਼ਤਰ ਨੇ ਭਾਰਤੀ ਹਾਈ ਕਮਿਸ਼ਨ ਦੇ ਅਮਲੇ ਦੀ ਆਮਦੋ-ਰਫ਼ਤ ਨੂੰ ਇਸਲਾਮਾਬਾਦ ਸ਼ਹਿਰ ਦੀਆਂ ਹੱਦਾਂ ਤੱਕ ਸੀਮਤ ਕਰਨ ਦਾ ਫ਼ੈਸਲਾ ਲਿਆ ਹੈ। ਮੈਨੂੰ ਇਹ ਫ਼ੈਸਲਾ ਨਾਗਵਾਰ ਜਾਪਿਆ। ਇਸਲਾਮਾਬਾਦ ਦੱਖਣੀ ਦਿੱਲੀ ਦੇ ਕੁੱਲ ਰਕਬੇ ਤੋਂ ਕਾਫ਼ੀ ਛੋਟਾ ਹੈ। ਉਸ ਪਾਕਿਸਤਾਨੀ ਅਧਿਕਾਰੀ ਨੂੰ ਮੈਂ ਕਿਹਾ ਕਿ ਜੇ ਤੁਹਾਡਾ ਮੁਲਕ ਅਜਿਹਾ ਕਰ ਰਿਹਾ ਹੈ ਤਾਂ ਅਸੀਂ ਵੀ ਤੁਹਾਡੇ ਅਮਲੇ ਦੀਆਂ ਗਤੀਵਿਧੀਆਂ ਨਵੀਂ ਦਿੱਲੀ ਨਗਰ ਕੌਂਸਲ ਦੀਆਂ ਹੱਦਾਂ ਤੱਕ ਮਹਿਦੂਦ ਕਰਨ ਜਾ ਰਹੇ ਹਾਂ। ਪਾਕਿਸਤਾਨੀ ਹਾਈ ਕਮਿਸ਼ਨ ਵੀ ਉੱਥੇ ਪੈਂਦਾ ਹੈ ਅਤੇ ਭਾਰਤੀ ਵਿਦੇਸ਼ ਦਫ਼ਤਰ ਵੀ। ਤੁਹਾਨੂੰ ਕੋਈ ਦਿੱਕਤ ਨਹੀਂ ਹੋਵੇਗੀ। ਉਸ ਨੇ ਝੱਟ ਰੋਸ ਪ੍ਰਗਟਾਇਆ ਕਿ ਇਹ ਬੰਦਿਸ਼ ਨਾਵਾਜਬ ਹੈ; ਸਾਡੇ ਤਾਂ ਬਹੁਤੇ ਅਧਿਕਾਰੀ ਹੀ ਇਸ ਖੇਤਰ ਤੋਂ ਬਾਹਰ ਰਹਿੰਦੇ ਹਨ। ਮੈਂ ‘ਹਲੀਮੀ ਵਿੱਚ ਲਿਪਟੀ ਸਖ਼ਤੀ’ ਨਾਲ ਕਿਹਾ: ਯਾ ਤਾਂ ਤੁਸੀਂ ਆਪਣੇ ਅਫ਼ਸਰਾਂ ਨੂੰ ਆਪਣੇ ਹਾਈ ਕਮਿਸ਼ਨ ਵਿੱਚ ਠਹਿਰਾ ਲਓ, ਯਾ ਫਿਰ ਨਿਰਧਾਰਤ ਖੇਤਰ ਤੋਂ ਬਾਹਰ ਜਾਣ ਸਬੰਧੀ ਇਜਾਜ਼ਤ ਹਰ ਰੋਜ਼ ਸਾਡੇ ਦਫ਼ਤਰ ਤੋਂ ਲਉ। ... ਇਸ ਵਾਰਤਾਲਾਪ ਤੋਂ ਚੰਦ ਦਿਨਾਂ ਬਾਅਦ ਮੈਨੂੰ ਸੂਚਨਾ ਮਿਲੀ ਕਿ ਪਾਕਿਸਤਾਨੀ ਵਿਦੇਸ਼ ਦਫ਼ਤਰ ਨੇ ਇਸਲਾਮਾਬਾਦ ਸਥਿਤ ਸਾਡੇ ਸਟਾਫ਼ ਉੱਪਰ ਲਾਈਆਂ ਬੰਦਿਸ਼ਾਂ ਹਟਾ ਲਈਆਂ ਹਨ।’’
ਭਾਰਤੀ ਡਿਪਲੋਮੈਟਾਂ ਦੀ ਜਾਸੂਸੀ
ਪਾਕਿਸਤਾਨ ਵਿੱਚ ਭਾਰਤੀ ਡਿਪਲੋਮੈਟਾਂ ਦੀ 24x7 ਜਾਸੂਸੀ ਦੇ ਬਹੁਤ ਸਾਰੇ ਖੱਟੇ-ਮਿੱਠੇ ਕਿੱਸੇ, ਦਰਜਨਾਂ ਸਫ਼ੀਰਾਂ - ਨਾਇਬ ਸਫ਼ੀਰਾਂ ਦੀਆਂ ਕਿਤਾਬਾਂ ਦਾ ਸ਼ਿੰਗਾਰ ਬਣਦੇ ਆਏ ਹਨ। ਰੁਚੀ ਘਨਸ਼ਿਆਮ ਨੂੰ ਵੀ ਇਸ ਤਰਜ਼ ਦੀ ਜਾਸੂਸੀ ਦਾ ਤਜਰਬਾ ਪਾਕਿਸਤਾਨ ਵਿੱਚ ਪਹਿਲੇ ਦਿਨ ਤੋਂ ਹੀ ਹੋ ਗਿਆ। ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨਰ ਦੇ ਨਿਵਾਸ ਦੇ ਐਨ ਗੁਆਂਢ ਵਾਲਾ ਬੰਗਲਾ ਘਨਸ਼ਿਆਮ ਜੋੜੇ ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ‘ਆਈਐੱਸਆਈ’ ਦੀ ‘ਬਰਾਏ ਮਿਹਰਬਾਨੀ’ ਹਾਸਿਲ ਹੋਇਆ। ਪ੍ਰਾਪਰਟੀ ਡੀਲਰ ਨੇ ਇਹ ਬੰਗਲਾ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਦਿਖਾਇਆ। ਕਿਰਾਇਆ ਉਨ੍ਹਾਂ ਦੀ ਹੈਸੀਅਤ ਤੋਂ ਵੱਧ ਹੋਣ ਕਾਰਨ ਜੋੜੇ ਨੇ ਇਹ ਲੈਣ ਤੋਂ ਨਾਂਹ ਕਰ ਦਿੱਤੀ। ਇਸ ਤੋਂ ਬਾਅਦ ਜਿਹੜੇ ਵੀ ਘਰ ਉਨ੍ਹਾਂ ਨੂੰ ਦਿਖਾਏ ਗਏ, ਉਨ੍ਹਾਂ ਵਿੱਚੋਂ ਜਿਹੜਾ ਘਰ ਉਨ੍ਹਾਂ ਨੂੰ ਪਸੰਦ ਆਇਆ, ਉਸ ਦਾ ਮਾਲਕ ‘ਹਾਂ’ ਕਰਨ ਤੋਂ ਬਾਅਦ ਅਗਲੇ ਹੀ ਦਿਨ ‘ਨਾਂਹ’ ਉੱਤੇ ਉਤਰ ਆਇਆ। ਇਹ ਵਰਤਾਰਾ ਕਈ ਦਿਨ ਚੱਲਿਆ। ਅਖ਼ੀਰ ਪ੍ਰਾਪਰਟੀ ਡੀਲਰ ਉਨ੍ਹਾਂ ਨੂੰ ਮੁੜ ਪਹਿਲਾਂ ਵਾਲੇ ਬੰਗਲੇ ’ਤੇ ਲੈ ਗਿਆ। ਉਸ ਦਾ ਨਿਗਰਾਨ ਪਹਿਲਾਂ ਤਾਂ ਨਾਜ਼-ਨਖ਼ਰੇ ਦਿਖਾਉਂਦਾ ਰਿਹਾ, ਪਰ ਫਿਰ ਅਚਾਨਕ ਕਿਰਾਇਆ ਓਨਾ ਕੁ ਕਰਨ ਲਈ ਰਾਜ਼ੀ ਹੋ ਗਿਆ ਜਿੰਨਾ ਕੁ ਉਹ ਅਦਾ ਕਰ ਸਕਦੇ ਸਨ। ਇਸ ਸਾਰੇ ਘਟਨਾਕ੍ਰਮ ਤੋਂ ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਆਈ.ਐੱਸ.ਆਈ. ਉਨ੍ਹਾਂ ਉੱਤੇ ਬਿਹਤਰ ਢੰਗ ਨਾਲ ਨਜ਼ਰ ਰੱਖਣ ਲਈ ਇਹ ਪੂਰੀ ਖੇਡ, ਖੇਡ ਰਹੀ ਸੀ। ਇਹ ਵੱਖਰੀ ਗੱਲ ਹੈ ਕਿ ਉਸ ਬੰਗਲੇ ਦਾ ਅਸਲ ਮਾਲਕ ਤੇ ਉਸ ਦੀ ਬੀਵੀ ਇਸ ਜੋੜੇ ਪ੍ਰਤੀ ਪੂਰੇ ਮੋਹਵੰਤ ਸਾਬਤ ਹੋਏ। ਰੁਚੀ ਘਨਸ਼ਿਆਮ ਲਿਖਦੀ ਹੈ ਕਿ ਘਰੋਂ ਦਫ਼ਤਰ ਤੇ ਦਫ਼ਤਰੋਂ ਘਰ ਜਾਣ ਜਾਂ ਇਸ ਦੌਰਾਨ ਕਿਤੇ ਹੋਰ ਜਾਣ ਸਮੇਂ ਜਿਹੜਾ ਖ਼ੁਫ਼ੀਆ ਏਜੰਟ ਉਸ ਦੀ ਕਾਰ ਦਾ ਪਿੱਛਾ ਕਰਿਆ ਕਰਦਾ ਸੀ, ਉਸ ਨਾਲ ਵੀ ‘ਹੈਲੋ-ਹਾਏ’ ਵਾਲਾ ਰਿਸ਼ਤਾ ਪੈਦਾ ਹੋ ਗਿਆ। ਕਈ ਵਾਰ ਬੰਗਲੇ ਦੇ ਗੇਟ ਬੰਦ ਹੋਣ ’ਤੇ ਉਹ ਏਜੰਟ ਆਪਣੀ ਕਾਰ ਵਿੱਚੋਂ ਉਤਰ ਕੇ ਗੇਟ ਵੀ ਖੋਲ੍ਹ ਦਿਆ ਕਰਦਾ ਸੀ ਤਾਂ ਜੋ ਰੁਚੀ ਦੀ ਕਾਰ, ਬੰਗਲੇ ਦੇ ਅੰਦਰ ਜਾ ਸਕੇ।
ਕਿਤਾਬ ਇੱਕ ਹੋਰ ਕਿੱਸਾ ਇੰਜ ਬਿਆਨ ਕਰਦੀ ਹੈ: ‘‘ਅਸੀਂ ਲਾਹੌਰ ਵਿੱਚ ਸਾਂ, ਬੱਚੇ ਮੰਗ ਕਰਨ ਲੱਗੇ ਕਿ ਉਹ ਕੇਐੱਫਸੀ ਦੇ ਬਰਗਰ ਖਾਣਾ ਚਾਹੁੰਦੇ ਹਨ। ਉਹ ਮੋਬਾਈਲ ਫ਼ੋਨਾਂ ਵਾਲੇ ਦਿਨ ਨਹੀਂ ਸਨ। ਕਾਰ ਘਨਸ਼ਿਆਮ ਚਲਾ ਰਿਹਾ ਸੀ। ਕਾਰ ਵਿੱਚ ਜੀਪੀਐੱਸ ਸੀ, ਪਰ ਉਹ ਕੇਐੱਫਸੀ ਆਊਟਲੈੱਟ ਦੀ ਜਿਹੜੀ ਲੋਕੇਸ਼ਨ ਦਿਖਾ ਰਿਹਾ ਸੀ, ਉਹ ਸਾਡੀਆਂ ਜਲੇਬੀਆਂ ਹੀ ਬਣਵਾ ਰਹੀ ਸੀ। ਵਾਰ ਵਾਰ ਚੱਕਰ ਕੱਟ ਕੇ ਅਸੀਂ ਮੁੜ ਪਹਿਲੀ ਵਾਲੀ ਥਾਂ ’ਤੇ ਪਹੁੰਚ ਰਹੇ ਸਾਂ। ਅਚਾਨਕ ਮੈਨੂੰ ਉਪਾਅ ਸੁੱਝਿਆ। ਮੈਂ ਘਨਸ਼ਿਆਮ ਨੂੰ ਕਾਰ ਰੋਕਣ ਲਈ ਕਿਹਾ। ਸਾਡਾ ਪਿੱਛਾ ਕਰ ਰਿਹਾ ਖ਼ੁਫ਼ੀਆ ਏਜੰਟ ਫ਼ੌਰੀ ਰੁਕ ਨਹੀਂ ਸਕਿਆ ਤੇ ਸਾਡੇ ਬਰਾਬਰ ਆ ਗਿਆ। ਮੈਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਤਾਕੀ ਦਾ ਸ਼ੀਸ਼ਾ ਹੇਠਾਂ ਕਰ ਕੇ ਪੁੱਛਿਆ, ਕੇਐੱਫਸੀ ਕਿੱਥੇ ਹੈ? ਉਸ ਨੇ ਸਮਝਾਉਣ ਦਾ ਯਤਨ ਕੀਤਾ, ਪਰ ਮੈਂ ਉਹਨੂੰ ਕਿਹਾ ਕਿ ਆਪਣੀ ਕਾਰ ਉਹ ਅੱਗੇ ਅੱਗੇ ਲਾ ਲਵੇ। ਉਹਦਾ ਕੰਮ ਵੀ ਸੌਖਾ ਹੋ ਜਾਵੇਗਾ ਤੇ ਸਾਡਾ ਵੀ। ਉਸ ਵਿਚਾਰੇ ਨੇ ਅਜਿਹਾ ਹੀ ਕੀਤਾ!’’
‘ਵਤਨ’ ਪ੍ਰਤੀ ਹੇਜ
‘‘ਪਾਕਿਸਤਾਨ ਫ਼ੌਜੀ ਅਧਿਕਾਰੀਆਂ ਦੀਆਂ ਭਾਰਤ ਵਿੱਚ ਜੰਮੀਆਂ ਪਤਨੀਆਂ ਸਾਡੇ ਨਾਲ ਮੁਲਾਕਾਤਾਂ ਸਮੇਂ ‘ਵਤਨ’ ਨੂੰ ਅਕਸਰ ਯਾਦ ਕਰਦੀਆਂ ਸਨ। ਅਨੇਕਾਂ ਫ਼ੌਜੀ ਐਜਾਜ਼ ਪ੍ਰਾਪਤ ਕਰਨ ਵਾਲੇ ਇੱਕ ਵੱਡੇ ਅਫ਼ਸਰ ਨੂੰ ਮਾਣ ਸੀ ਕਿ ਉਹ ਭਾਰਤ ਨਾਲ ਤਿੰਨ ਜੰਗਾਂ ਲੜਿਆ। ਉਸ ਦਾ ਪਰਿਵਾਰ ਸੰਤਾਲੀ ਵੇਲੇ ਭਾਰਤ ਤੋਂ ਪਾਕਿਸਤਾਨ ਆਇਆ ਸੀ। ਦੂਜੇ ਪਾਸੇ, ਉਸ ਦੀ ਬੀਵੀ ਦੇ ਪੇਕੇ ਭਾਰਤ ਵਿੱਚ ਸਨ। ਉਹ ਆਪਣੇ ਪਿਤਾ ਦੀ ਪਲੇਠੀ ਬੇਟੀ ਸੀ। ਉਹ ਭਾਰਤੀ ਪਾਸੇ ਜੰਮੀ-ਪਲੀ ਸੀ ਅਤੇ ਵਿਆਹ ਯੁਵਾ ਪਾਕਿਸਤਾਨੀ ਲਫ਼ਟੈਨ ਨਾਲ ਹੋਣ ਕਾਰਨ ਪਾਕਿਸਤਾਨ ਆ ਵਸੀ ਸੀ। ਵਿਆਹ ਦੇ ਪਹਿਲੇ ਕਈ ਵਰ੍ਹਿਆਂ ਤੱਕ ਪਾਕਿਸਤਾਨ ਵਿੱਚ ਉਸ ਦਾ ਜੀਅ ਵੀ ਖ਼ੂਬ ਲੱਗਿਆ ਰਿਹਾ, ਫਿਰ ‘ਵਤਨ’ ਦਾ ਹੇਜ ਸਤਾਉਣ ਲੱਗਿਆ। ਪਾਕਿਸਤਾਨੀ ਫ਼ੌਜੀ ਅਫ਼ਸਰ ਹੋਣ ਕਾਰਨ ਸ਼ੌਹਰ ਤਾਂ ਭਾਰਤ ਜਾ ਨਹੀਂ ਸੀ ਸਕਦਾ (ਭਾਵੇਂ ਉਸ ਦਾ ਮੁੱਢ ਭਾਰਤੀ ਸੀ), ਪਰ ਬੀਵੀ ਹਰ ਸਾਲ ਪੇਕੇ ਜਾਂਦੀ ਰਹੀ। 1965 ਦੀ ਜੰਗ ਦੌਰਾਨ ਬਹੁਤ ਕੁਝ ਬਦਲ ਗਿਆ। ਚਿੱਠੀਆਂ ਸਿੱਧੀਆਂ ਭੇਜਣ ਦੀ ਥਾਂ ਬਰਾਸਤਾ ਲੰਡਨ ਭੇਜਣ ਦਾ ਸਿਲਸਿਲਾ ਅਪਣਾਇਆ ਗਿਆ। ਚਿੱਠੀਆਂ ਦੇ ਜਵਾਬ ਮਹੀਨੇ ਮਹੀਨੇ ਬਾਅਦ ਮਿਲਦੇ। 1971 ਦੀ ਜੰਗ ਵੇਲੇ ਮਾਮਲਾ ਹੋਰ ਵੀ ਵਿਗੜ ਗਿਆ। ਫਿਰ ਉਸ ਨੇ ਸੇਜਲ ਅੱਖਾਂ ਨਾਲ ਦੱਸਿਆ, ‘‘ਮੈਂ ਆਪਣੇ ਅੱਬਾ ਨੂੰ ਅੰਤਿਮ ਵੇਲੇ ਨਹੀਂ ਦੇਖ ਸਕੀ, ਨਾ ਹੀ ਉਨ੍ਹਾਂ ਦੇ ਜਨਾਜ਼ੇ ਸਮੇਂ ਹਾਜ਼ਿਰ ਹੋ ਸਕੀ।’ ... ਉਸ ਦੇ ਸ਼ੌਹਰ ਨੇ ਭਾਵੇਂ ਭਾਰਤ ਖ਼ਿਲਾਫ਼ ਤਿੰਨ ਲੜਾਈਆਂ ਲੜੀਆਂ ਸਨ, ਪਰ ਭਾਰਤ ਪ੍ਰਤੀ ਨਰਮਗੋਸ਼ੀ ਉਸ ਦੇ ਦਿਲ ਦੇ ਇੱਕ ਕੋਨੇ ਵਿੱਚ ਅਜੇ ਵੀ ਮੌਜੂਦ ਸੀ। ਉਸ ਨੇ ਸਾਨੂੰ ਪੂਰਾ ਘਰ ਦਿਖਾਇਆ। ਉਸ ਵਿੱਚ ਵੱਖ ਵੱਖ ਦੇਸ਼ਾਂ ਤੇ ਥਾਵਾਂ ਦੀਆਂ ਚੀਜ਼ਾਂ ਮੌਜੂਦ ਸਨ, ਪਰ ਕੁਝ ਵੀ ਭਾਰਤੀ ਨਹੀਂ ਸੀ। ਘਨਸ਼ਿਆਮ ਨੇ ਉਸ ਤੋਂ ਪੁੱਛਿਆ, ‘ਭਾਰਤ ਤੋਂ ਕੁਝ ਵੀ ਨਹੀਂ?’ ਉਸ ਨੇ ਬੜੀ ਹਲੀਮੀ ਨਾਲ ਝੁਕਦਿਆਂ ਕਿਹਾ, ‘ਔਰ ਯਿਹ ਨਾਚੀਜ਼ ਕਹਾਂ ਸੇ ਹੈ’?’’
ਖ਼ਾਨ ਸਾਹਿਬ ਦਾ ਖਲੂਸ
‘‘ਖ਼ਾਨ ਸਾਹਿਬ ਸਾਡੇ ਮਕਾਨ ਮਾਲਕ ਸਨ। ਲੰਬਾ ਤੇ ਸੁਨੱਖਾ ਪਠਾਣ ‘ਫਾਟਾ’ (ਕੇਂਦਰੀ ਪ੍ਰਸ਼ਾਸਿਤ ਕਬਾਇਲੀ ਖਿੱਤਾ; ਹੁਣ ਖ਼ੈਬਰ-ਪਖ਼ਤੂਨਖ਼ਵਾ ਸੂਬੇ ਦਾ ਹਿੱਸਾ) ਤੋਂ ਸੀ। ਅਮੀਰ ਵੀ ਸੀ ਤੇ ਵੱਡੇ ਬੰਦਿਆਂ ਨਾਲ ਜੁੜਿਆ ਹੋਇਆ ਵੀ ਸੀ। ਮਜ਼ਹਬੀ ਅਸੂਲਾਂ ਅਤੇ ਪਠਾਣੀ ਤਹਿਜ਼ੀਬ ਦਾ ਪੂਰਾ ਪਾਬੰਦ। ਸਾਡੇ ਵਾਲੇ ਬੰਗਲੇ ਦੇ ਪਿਛਲੇ ਹਿੱਸੇ ਵਿੱਚ ਬਣੇ ਆਊਟ ਹਾਊਸ ਨੂੰ ਉਨ੍ਹਾਂ ਨੇ ਆਪਣੀਆਂ ਫੇਰੀਆਂ ਦੌਰਾਨ ਠਹਿਰਨ ਲਈ ਅਪਾਰਟਮੈਂਟ ਵਿੱਚ ਬਦਲਿਆ ਹੋਇਆ ਸੀ। ਉਨ੍ਹਾਂ ਦੀ ਬੀਵੀ ਅਕਸਰ ਉਨ੍ਹਾਂ ਨਾਲ ਆਇਆ ਕਰਦੀ ਸੀ। ਕਈ ਵਾਰ ਪਰਿਵਾਰ ਦੇ ਹੋਰ ਜੀਅ ਵੀ ਆ ਜਾਂਦੇ। ਉਦੋਂ ਅਸੀਂ ਆਪਣੇ ਬੱਚਿਆਂ ਵਾਲੇ ਬੈੱਡਰੂਮ ਉਨ੍ਹਾਂ ਲਈ ਖਾਲੀ ਕਰ ਦਿੰਦੇ ਸਾਂ। ‘ਫਾਟਾ’ ਖੇਤਰ ਵਿੱਚ ਭਾਰਤੀ ਡਿਪਲੋਮੈਟ ਨਹੀਂ ਸੀ ਜਾ ਸਕਦੇ। ਲਿਹਾਜ਼ਾ, ਉਨ੍ਹਾਂ ਦੀ ਬੀਵੀ ਪਿਸ਼ਾਵਰੀ ਪਕਵਾਨ ਪਕਾ ਕੇ ਸਾਨੂੰ ਖਵਾਇਆ ਕਰਦੀ ਸੀ। ਖ਼ਾਨ ਸਾਹਿਬ ਨੂੰ ਪੱਕਾ ਯਕੀਨ ਸੀ ਕਿ ਬੱਕਰੇ ਦਾ ਬਿਹਤਰੀਨ ਗੋਸ਼ਤ ਪਿਸ਼ਾਵਰ ਵਿੱਚ ਹੀ ਮਿਲਦਾ ਹੈ। ਇਸੇ ਲਈ ਆਪਣੀ ਕਾਰ ਵਿੱਚ ਚਾਰ-ਪੰਜ ਕਿਲੋ ਗੋਸ਼ਤ ਭਰ ਕੇ ਜ਼ਰੂਰ ਲਿਆਇਆ ਕਰਦੇ ਸਨ। ਕਦੇ ਉਹ ਉਨ੍ਹਾਂ ਦੇ ਘਰ ਪੱਕਦਾ, ਕਦੇ ਸਾਡੇ ਘਰ। ਖਾਂਦੇ ਅਸੀਂ ਇਕੱਠੇ ਸਾਂ। ਖ਼ਾਨ ਸਾਹਿਬ ਅਕਸਰ ਮੈਨੂੰ ਕਿਹਾ ਕਰਦੇ ਸਨ: ‘ਬੀਬੀ, ਹਮਾਰੇ ਪਠਾਨੋਂ ਮੇਂ ਕਹਿਤੇ ਹੈਂ ਕਿ ਹਫ਼ਤੇ ਮੇਂ ਕਮ ਸੇ ਕਮ ਏਕ ਬਾਰ ਗੋਸ਼ਤ ਖਾ ਲੀਆ ਕਰੋ। ਇਮਾਨ ਤਾਜ਼ਾ ਰਹਿਤਾ ਹੈ’!’’
ਕਾਰਗਿਲ ਜੰਗ ਦੌਰਾਨ ਤੇ ਉਸ ਤੋਂ ਬਾਅਦ ਪਾਕਿਸਤਾਨ ਵਿੱਚ ਭਾਰਤ-ਵਿਰੋਧੀ ਮਾਹੌਲ ਭਖਿਆ ਹੋਇਆ ਸੀ। ਇਹ ਖ਼ਤਰਾ ਸੀ ਕਿ ਹਿੰਸਕ ਹਜੂਮ ਭਾਰਤੀ ਹਾਈ ਕਮਿਸ਼ਨ ਜਾਂ ਭਾਰਤੀ ਸਫ਼ਾਰਤੀ ਅਮਲੇ ਉੱਤੇ ਹਮਲਾ ਨਾ ਕਰ ਦੇਵੇ। ਰੁਚੀ ਤੇ ਘਨਸ਼ਿਆਮ ਨੇ ਦੋਵੇਂ ਬੇਟੇ ਦਿੱਲੀ ਭੇਜ ਦਿੱਤੇ। ਹਾਈ ਕਮਿਸ਼ਨਰ ਗੋਪਾਲਾਸਵਾਮੀ ਪਾਰਥਾਸਾਰਥੀ ਵੀ ਉਸ ਸਮੇਂ ਦਿੱਲੀ ਗਏ ਹੋਏ ਸਨ। ਉਨ੍ਹਾਂ ਨੂੰ ਉੱਥੇ ਹੀ ਰਹਿਣ ਦੀ ਹਦਾਇਤ ਹੋਈ। ਬਹੁਤਾ ਸਫ਼ਾਰਤੀ ਅਮਲਾ ਹਾਈ ਕਮਿਸ਼ਨ ਦੀ ਇਮਾਰਤ ਦੇ ਅੰਦਰ ਹੀ ਰਹਿਣ ਲੱਗਾ। ਰੁਚੀ ਤੇ ਘਨਸ਼ਿਆਮ ਸੌਂਦੇ ਘੱਟ ਸਨ, ਬਹੁਤਾ ਸਮਾਂ ਫ਼ੋਨ ’ਤੇ ਹੀ ਰਹਿੰਦੇ ਸਨ। ਭਾਰਤੀ ਵਿਦੇਸ਼ ਦਫ਼ਤਰ ਉਨ੍ਹਾਂ ਤੋਂ ਪਲ ਪਲ ਦੀ ਜਾਣਕਾਰੀ ਮੰਗਦਾ ਸੀ। ਇਨ੍ਹਾਂ ਹਾਲਾਤ ਵਿੱਚ ਖ਼ਾਨ ਸਾਹਿਬ ਆਪਣੀ ਕਾਰ ਵਿੱਚ ਫਲਾਂ ਤੇ ਸਬਜ਼ੀਆਂ ਦੀਆਂ ਟੋਕਰੀਆਂ ਅਤੇ ਹੋਰ ਰਾਸ਼ਨ ਭਰ ਕੇ ਲਿਆਏ। ਜਾਂਦੇ ਹੋਏ ਘਨਸ਼ਿਆਮ ਜੋੜੇ ਨੂੰ ਕਹਿ ਗਏ ਕਿ ਉਹ ਆਪਣੇ ਨਿੱਜੀ ਗੰਨਮੈਨ ਉਨ੍ਹਾਂ ਦੀ ਹਿਫ਼ਾਜ਼ਤ ਲਈ ਭੇਜ ਰਹੇ ਸਨ। ਜੋੜੇ ਨੇ ਉਨ੍ਹਾਂ ਅੱਗੇ ਹੱਥ ਜੋੜੇ ਕਿ ਉਹ ਅਜਿਹਾ ਨਾ ਕਰਨ। ਉਨ੍ਹਾਂ ਦੀ ਆਪਣੀ ਜਾਨ ਨੂੰ ਖ਼ਤਰਾ ਖੜ੍ਹਾ ਹੋ ਸਕਦਾ ਹੈ। ਉਂਜ ਵੀ ਹਾਈ ਕਮਿਸ਼ਨ ਦੀ ਹਿਫ਼ਾਜ਼ਤ, ਪਾਕਿਸਤਾਨ ਸਰਕਾਰ ਦੀ ਜ਼ਿੰਮੇਵਾਰੀ ਹੈ।
ਮਹਿਲਾ ਹੋਣ ਨਾਲ ਜੁੜੇ ਪੱਖਪਾਤ
ਰੁਚੀ ਘਨਸ਼ਿਆਮ ਲਿਖਦੀ ਹੈ ਕਿ ਇਸਤਰੀਆਂ ਅੱਜ ਸਮਾਜ ਦੇ ਹਰ ਖੇਤਰ ਵਿੱਚ ਪੁਰਸ਼ਾਂ ਦੇ ਹਾਣ ਦੀਆਂ ਸਾਬਤ ਹੋ ਰਹੀਆਂ ਹਨ, ਫਿਰ ਵੀ ਪੁਰਸ਼-ਪ੍ਰਧਾਨੀ ਸੋਚ ਤੇ ਮਾਨਤਾਵਾਂ ਅਜੇ ਵੀ ਸਾਡੀ ਸਮਾਜਿਕ ਮਾਨਸਿਕਤਾ ਵਿੱਚ ਅਤੀਤ ਵਾਂਗ ਮੌਜੂਦ ਹਨ। ਭਾਰਤੀ ਵਿਦੇਸ਼ ਸੇਵਾ ਜਾਂ ਭਾਰਤੀ ਪ੍ਰਸ਼ਾਸਨਿਕ ਸੇਵਾ ਵਰਗੀਆਂ ਇਲੀਟ ਸੇਵਾਵਾਂ ਵਿੱਚ ਵੀ ਪੁਰਸ਼ਾਂ ਦੀ ਕੋਸ਼ਿਸ਼ ਆਪਣੀਆਂ ਮਹਿਲਾ ਕੁਲੀਗਜ਼ ਨੂੰ ‘ਆਸਾਨ ਕੰਮ’ ਦੇਣ ਜਾਂ ਸਜਾਵਟੀ ਅਹੁਦਿਆਂ ’ਤੇ ਰੱਖਣ ਵਾਲੀ ਰਹਿੰਦੀ ਹੈ। ਜੇ ਕੋਈ ਮਹਿਲਾ ਅਫ਼ਸਰ ਬਿਹਤਰ ਕਾਰਗੁਜ਼ਾਰੀ ਦਿਖਾਉਂਦੀ ਹੈ ਤਾਂ ਉਹ ਜਰੀ ਨਹੀਂ ਜਾਂਦੀ। ਸਭ ਤੋਂ ਵੱਧ ਸਮੱਸਿਆ ਦਾਅਵਤਾਂ ਤੇ ਪਾਰਟੀਆਂ ਦੌਰਾਨ ਆਉਂਦੀ ਹੈ। ਪੁਰਸ਼ ਅਫ਼ਸਰਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਨ੍ਹਾਂ ਦੀਆਂ ਮਹਿਲਾ ਹਮਰੁਤਬਾਵਾਂ ਉਨ੍ਹਾਂ ਵਾਲੇ ਟੋਲਿਆਂ ਵਿੱਚ ਨਾ ਸ਼ਾਮਿਲ ਹੋਣ। ਇਨ੍ਹਾਂ ਹਮਰੁਤਬਾ ਮਹਿਲਾਵਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਜ਼ੁਬਾਨ ’ਤੇ ਵੀ ਲਗਾਮ ਲਾਉਣੀ ਪੈਂਦੀ ਹੈ ਅਤੇ ਮੁਫ਼ਤ ਦੀ ਦਾਰੂ ਦੀ ਖ਼ਪਤ ਉੱਤੇ ਵੀ। ਉਨ੍ਹਾਂ ਦੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਇਨ੍ਹਾਂ ਮਹਿਲਾਵਾਂ ਨੂੰ ਉਹ ਆਪਣੀਆਂ ਬੀਵੀਆਂ ਵਾਲੇ ਟੋਲੇ ’ਚ ਭੇਜ ਦੇਣ। ਬੀਵੀਆਂ ਦਾ ਟੋਲਾ ਆਪਣੇ ਨਾਲੋਂ ਵੱਧ ਪੜ੍ਹੀ ਜਾਂ ਵੱਧ ਰੁਤਬੇ ਵਾਲੀ ਮਹਿਲਾ ਅੱਗੇ ਅਹਿਸਾਸ-ਇ-ਕਮਤਰੀ ਦਾ ਸ਼ਿਕਾਰ ਹੋ ਜਾਂਦਾ ਹੈ। ਲਿਹਾਜ਼ਾ, ਆਪਸੀ ਸੰਚਾਰ ਦਾ ਸਿਲਸਿਲਾ ਚੱਜ ਨਾਲ ਉਪਜਦਾ ਹੀ ਨਹੀਂ। ਲੇਖਿਕਾ ਮੁਤਾਬਿਕ ਇਹ ਅਨੁਭਵ ਉਸ ਦਾ ਇਕੱਲੀ ਦਾ ਨਹੀਂ, ਹਰ ਮਹਿਲਾ ਅਫ਼ਸਰ ਦਾ ਹੈ। ਉਨ੍ਹਾਂ ਨੂੰ ਪੁਰਸ਼-ਪ੍ਰਧਾਨ ਵਿਵਸਥਾ ਵਿੱਚ ਮੁਕਾਮ ਬਣਾਉਣ ਲਈ ਦੋਹਰੀ-ਤੀਹਰੀ ਮਿਹਨਤ ਕਰਨੀ ਪੈਂਦੀ ਹੈ। ਸੂਝਵਾਨ ਤੇ ਸਮਰੱਥ ਅਫ਼ਸਰ ਵੀ ਬਣਨਾ ਪੈਂਦਾ ਹੈ, ਸੁਚੱਜੀ ਗ੍ਰਹਿਣੀ ਵੀ ਅਤੇ ਸੁਚੱਜੀ ਮਾਂ ਵੀ ਤੇ ਨੂੰਹ-ਧੀ ਵੀ। ਉਹ ਲਿਖਦੀ ਹੈ ਕਿ ਚੁਣੌਤੀਪੂਰਨ ਪੇਸ਼ੇਵਾਰਾਨਾ ਜ਼ਿੰਮੇਵਾਰੀਆਂ ਲੈਣ ਲਈ ਉਸ ਨੂੰ ਆਪਣੇ ਸੀਨੀਅਰ ਜਾਂ ਸਹਿਕਰਮੀਆਂ ਨਾਲ ਕਈ ਵਾਰ ਤਲਖ਼ ਵੀ ਹੋਣਾ ਪਿਆ। ਅਜਿਹੀਆਂ ਘਟਨਾਵਾਂ ਕਈ ਵਾਰ ਕੁਸੈਲੀਆਂ ਯਾਦਾਂ ਬਣ ਜਾਂਦੀਆਂ ਹਨ।
ਉਂਜ, ਡਿਪਲੋਮੇਸੀ ਦੇ ਖੇਤਰ ਵਿੱਚ ਮਹਿਲਾ ਹੋਣ ਦੇ ਕਈ ਫ਼ਾਇਦਿਆਂ ਦਾ ਵੀ ਉਹ ਜ਼ਿਕਰ ਕਰਦੀ ਹੈ। ਇੱਕ ਥਾਂ ਉਹ ਲਿਖਦੀ ਹੈ ਕਿ ਸ਼ਰਾਬ ਤੋਂ ਪਰਹੇਜ਼ ਦੇ ਬਾਵਜੂਦ ਉਹ ਕੌਕਟੇਲ ਪਾਰਟੀਆਂ ਵਿੱਚ ਜਾਣ ਤੋਂ ਕਦੇ ਨਹੀਂ ਸੀ ਝਿਜਕਦੀ ਕਿਉਂਕਿ ਉੱਥੋਂ ਉਸ ਨੂੰ ਕਈ ਕਿਸਮ ਦੀਆਂ ਜਾਣਕਾਰੀਆਂ ਬਿਨਾਂ ਉਚੇਚੀ ਮਿਹਨਤ ਦੇ ਮਿਲ ਜਾਂਦੀਆਂ ਸਨ। ਉਸ ਮੁਤਾਬਿਕ ਦਾਰੂ ਦੀਆਂ ਮਹਿਫ਼ਲਾਂ ਵਿੱਚ ਵੀ ਬਹੁਤੇ ਪੁਰਸ਼, ਪੇਸ਼ੇਵਾਰਾਨਾ ਰਾਜ਼ ਸਾਂਝੇ ਕਰਨ ਤੋਂ ਗੁਰੇਜ਼ ਕਰਦੇ ਹਨ। ਪਰ ਉਨ੍ਹਾਂ ਦੀਆਂ ਬੀਵੀਆਂ ਦੇ ਅੱਡਿਆਂ ਵਿੱਚ ਮਾਹੌਲ ਵੱਖਰਾ ਹੁੰਦਾ ਹੈ। ਉੱਥੇ ਚੁਗ਼ਲੀਆਂ ਦਾ ਦੌਰ ਕਈਆਂ ਦੇ ਪਰਦੇ ਉਠਾ ਜਾਂਦਾ ਹੈ। ਡਿਪਲੋਮੈਟਾਂ ਨੂੰ ਹੋਰ ਕੀ ਚਾਹੀਦਾ ਹੁੰਦਾ ਹੈ। ਉਹ ਲਿਖਦੀ ਹੈ ਕਿ ‘‘ਹਾਈ ਕਮਿਸ਼ਨ ਦੀ ਇੱਕ ਅਹਿਮ ਮੀਟਿੰਗ ਦੌਰਾਨ ਮੈਂ ਕਈ ਪਾਕਿਸਤਾਨੀ ਜਰਨੈਲਾਂ ਤੇ ਸਿਆਸਤਦਾਨਾਂ ਦੇ ਚਿੱਠੇ ਖੋਲ੍ਹਣ ਵਾਲੀਆਂ ਟਿੱਪਣੀਆਂ ਕੀਤੀਆਂ ਤਾਂ ਸਾਰੇ ਸਾਥੀਆਂ ਦੇ ਮੂੰਹ ਅੱਡੇ ਰਹਿ ਗਏ। ਉਨ੍ਹਾਂ ਨੂੰ ਹੈਰਾਨੀ ਸੀ ਕਿ ਮੈਨੂੰ ਏਨਾ ਕੁਝ ਕਿਵੇਂ ਪਤਾ ਹੈ? ਇਹ ਤਾਂ ਘਨਸ਼ਿਆਮ ਨੂੰ ਹੀ ਇਲਮ ਸੀ ਕਿ ਮੇਰੇ ਸਰੋਤ ਕਿਹੜੇ ਕਿਹੜੇ ਹਨ?’’
ਕੁਲ ਮਿਲਾ ਕੇ ਕਿਤਾਬ ਵਿੱਚ ਜਾਣਕਾਰੀ ਵੀ ਹੈ, ਜਾਇਜ਼ੇ ਵੀ ਹਨ ਅਤੇ ਜ਼ਾਇਕੇਦਾਰ ਟੋਟਕੇ ਵੀ। ਇਹ ਸਾਰੀ ਕੌਕਟੇਲ ਇਸ ਨੂੰ ਨਿਹਾਇਤ ਪੜ੍ਹਨਯੋਗ ਬਣਾਉਂਦੀ ਹੈ।