For the best experience, open
https://m.punjabitribuneonline.com
on your mobile browser.
Advertisement

ਗਾਜ਼ਾ ਵਿੱਚ ਭਾਰਤ ਦੇ ਸਾਬਕਾ ਫੌਜੀ ਅਧਿਕਾਰੀ ਦੀ ਮੌਤ

06:54 AM May 15, 2024 IST
ਗਾਜ਼ਾ ਵਿੱਚ ਭਾਰਤ ਦੇ ਸਾਬਕਾ ਫੌਜੀ ਅਧਿਕਾਰੀ ਦੀ ਮੌਤ
Advertisement

* ਇਜ਼ਰਾਈਲ-ਹਮਾਸ ਜੰਗ ਮਗਰੋਂ ਕੌਮਾਂਤਰੀ ਕਰਮਚਾਰੀ ਦੀ ਮੌਤ ਦਾ ਪਹਿਲਾ ਮਾਮਲਾ

Advertisement

ਸੰਯੁਕਤ ਰਾਸ਼ਟਰ, 14 ਮਈ
ਗਾਜ਼ਾ ਦੇ ਰਾਫਾਹ ਸ਼ਹਿਰ ਵਿੱਚ ਹਮਲੇ ਦੀ ਜ਼ੱਦ ਵਿੱਚ ਆਉਣ ਕਾਰਨ ਸੰਯੁਕਤ ਰਾਸ਼ਟਰ ਲਈ ਕੰਮ ਕਰਨ ਵਾਲੇ ਭਾਰਤ ਦੇ ਸਾਬਕਾ ਫੌਜੀ ਅਧਿਕਾਰੀ ਦੀ ਮੌਤ ਹੋ ਗਈ। ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ-ਹਮਾਸ ਜੰਗ ਸ਼ੁਰੂ ਹੋਣ ਮਗਰੋਂ ਸੰਯੁਕਤ ਰਾਸ਼ਟਰ ਦੇ ਕਿਸੇ ਕੌਮਾਂਤਰੀ ਕਰਮਚਾਰੀ ਦੀ ਮੌਤ ਦਾ ਇਹ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ। ਇਹ ਵਿਅਕਤੀ ਸੰਯੁਕਤ ਰਾਸ਼ਟਰ ਦੇ ਸੇਫਟੀ ਤੇ ਸਕਿਉਰਿਟੀ ਵਿਭਾਗ (ਡੀਐੱਸਐੱਸ) ਦਾ ਕਰਮਚਾਰੀ ਸੀ। ਸੰਯੁਕਤ ਰਾਸ਼ਟਰ ਨੇ ਮਾਮਲੇ ਦੀ ਪੂਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਜਦਕਿ ਇਜ਼ਰਾਈਲ ਨੇ ਹਮਲੇ ਦੀ ਵੱਖਰੀ ਜਾਂਚ ਦੇ ਹੁਕਮ ਦਿੱਤੇ ਹਨ। ਨਵੀਂ ਦਿੱਲੀ ਵਿਚਲੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਰਨਲ ਵੈਭਵ ਅਨਿਲ ਕਾਲੇ (46) ਵਜੋਂ ਹੋਈ ਹੈ। ਉਸ ਨੇ 2022 ਵਿੱਚ ਭਾਰਤੀ ਫੌਜ ਤੋਂ ਸੇਵਾਮੁਕਤੀ ਲੈ ਲਈ ਸੀ। ਉਸ ਨੂੰ ਦੋ ਮਹੀਨੇ ਪਹਿਲਾਂ ਸੰਯੁਕਤ ਰਾਸ਼ਟਰ ਦੇ ਸੇਫਟੀ ਤੇ ਸਕਿਉਰਿਟੀ ਵਿਭਾਗ (ਡੀਐੱਸਐੱਸ) ਵਿੱਚ ਸਕਿਉਰਿਟੀ ਕੋਆਰਡੀਨੇਸ਼ਨ ਅਫਸਰ ਵਜੋਂ ਤਾਇਨਾਤ ਕੀਤਾ ਗਿਆ ਸੀ। ਕਾਲੇ ਨੇ 11 ਜੰਮੂ ਐਂਡ ਕਸ਼ਮੀਰ ਰਾਈਫਲਜ਼ ਵਿੱਚ ਸੇਵਾ ਨਿਭਾਈ ਸੀ। ਉਹ ਸੋਮਵਾਰ ਸਵੇਰੇ ਇੱਕ ਹੋਰ ਡੀਐੱਸਐੱਸ ਕਰਮਚਾਰੀ ਨਾਲ ਰਾਫਾਹ ਵਿੱਚ ਯੂਰਪੀ ਹਸਪਤਾਲ ਦਾ ਦੌਰਾ ਕਰ ਰਿਹਾ ਸੀ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਵਾਹਨ ’ਤੇ ਹਮਲਾ ਕੀਤਾ ਗਿਆ। ਦੂਜਾ ਕਰਮਚਾਰੀ ਗੰਭੀਰ ਜ਼ਖ਼ਮੀ ਹੋ ਗਿਆ। ਹਾਲਾਂਕਿ, ਉਸ ਦੀ ਪਛਾਣ ਨਹੀਂ ਹੋ ਸਕੀ।
ਕਾਲੇ ਦੀ ਲਿੰਕਡਿਨ ਪ੍ਰੋਫਾਈਲ ਮੁਤਾਬਕ, ਉਹ ਅਪਰੈਲ 2004 ਵਿੱਚ ਭਾਰਤੀ ਫੌਜ ਵਿੱਚ ਸ਼ਾਮਲ ਹੋਇਆ ਸੀ। ਉਸਨੇ 2009 ਤੇ 2010 ਦਰਮਿਆਨ ਸੰਯੁਕਤ ਰਾਸ਼ਟਰ ਵਿੱਚ ਕੌਂਟੀਜੈਂਟ ਚੀਫ ਸਕਿਉਰਿਟੀ ਅਫਸਰ ਵਜੋਂ ਵੀ ਕੰਮ ਕੀਤਾ। ਉਸਨੇ ਗਰੈਜੂਏਸ਼ਨ ਨਵੀਂ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਕੀਤੀ ਅਤੇ ਲਖਨਊ ਤੇ ਇੰਦੌਰ ਦੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਸਮੇਤ ਹੋਰ ਸੰਸਥਾਵਾਂ ਵਿੱਚ ਵੀ ਪੜ੍ਹਾਈ ਕੀਤੀ।

ਸੰਯੁਕਤ ਰਾਸ਼ਟਰ ਵੱਲੋਂ ਹਮਲੇ ਦੀ ਨਿਖੇਧੀ

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਟੇਰੇਜ਼ ਨੇ ਸੰਯੁਕਤ ਰਾਸ਼ਟਰ ਦੇ ਸੇਫਟੀ ਤੇ ਸਕਿਉਰਿਟੀ ਵਿਭਾਗ (ਡੀਐੱਸਐੱਸ) ਦੇ ਇੱਕ ਕਰਮਚਾਰੀ ਦੀ ਮੌਤ ਅਤੇ ਇੱਕ ਹੋਰ ਡੀਐੱਸਐੱਸ ਕਰਮਚਾਰੀ ਦੇ ਜ਼ਖਮੀ ਹੋਣ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਜਨਰਲ ਸਕੱਤਰ ਦੇ ਉਪ ਤਰਜਮਾਨ ਫਰਹਾਨ ਹੱਕ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੁਟੇਰੇਜ਼ ਨੇ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ’ਤੇ ਹੋਏ ਸਾਰੇ ਹਮਲਿਆਂ ਦੀ ਨਿਖੇਧੀ ਕੀਤੀ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਗੁਟੇਰੇਜ਼ ਨੇ ਆਪਣੀ ਜਾਨ ਗੁਆਉਣ ਵਾਲੇ ਕਰਮਚਾਰੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। -ਪੀਟੀਆਈ

ਭਾਰਤ ਦੇ ਸਥਾਈ ਮਿਸ਼ਨ ਨੇ ਦੁੱਖ ਪ੍ਰਗਟਾਇਆ

ਸੰਯੁਕਤ ਰਾਸ਼ਟਰ: ਉਧਰ, ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਨੇ ਗਾਜ਼ਾ ਵਿੱਚ ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਨਾਲ ਕੰਮ ਕਰ ਰਹੇ ਸਾਬਕਾ ਭਾਰਤੀ ਫੌਜੀ ਅਧਿਕਾਰੀ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਭਾਰਤ ਦੇ ਸਥਾਈ ਮਿਸ਼ਨ ਨੇ ‘ਐਕਸ’ ’ਤੇ ਲਿਖਿਆ, ‘‘ਗਾਜ਼ਾ ਵਿੱਚ ਸੰਯੁਕਤ ਰਾਸ਼ਟਰ ਦੇ ਸੇਫਟੀ ਤੇ ਸਕਿਉਰਿਟੀ ਵਿਭਾਗ ਵਿੱਚ ਤਾਇਨਾਤ ਕਰਨਲ ਵੈਭਵ ਕਾਲੇ ਦੀ ਮੌਤ ਨਾਲ ਸਾਨੂੰ ਡੂੰਘਾ ਦੁੱਖ ਪੁੱਜਾ ਹੈ। ਇਸ ਔਖੀ ਘੜੀ ਸਾਡੀ ਪੂਰੀ ਸੰਵੇਦਨਾ ਪਰਿਵਾਰ ਨਾਲ ਹੈ।” -ਪੀਟੀਆਈ

Advertisement
Author Image

joginder kumar

View all posts

Advertisement
Advertisement
×