For the best experience, open
https://m.punjabitribuneonline.com
on your mobile browser.
Advertisement

ਭਾਰਤੀ ਚੋਣਾਂ ਅਤੇ ਵਿਦੇਸ਼ੀ ਮੀਡੀਆ

07:40 AM Apr 27, 2024 IST
ਭਾਰਤੀ ਚੋਣਾਂ ਅਤੇ ਵਿਦੇਸ਼ੀ ਮੀਡੀਆ
Advertisement

ਦਰਬਾਰਾ ਸਿੰਘ ਕਾਹਲੋਂ

Advertisement

ਭਾਰਤ ਅੰਦਰ 18ਵੀਂ ਲੋਕ ਸਭਾ ਦੀਆਂ 543 ਸੀਟਾਂ ਲਈ ਚੋਣ ਪ੍ਰਕਿਰਿਆ ਧੜੱਲੇ ਨਾਲ ਚੱਲ ਰਹੀ ਹੈ। 7 ਗੇੜਾਂ ਵਿਚ ਹੋਣ ਵਾਲੀਆਂ ਚੋਣਾਂ 19 ਅਪਰੈਲ ਨੂੰ ਸ਼ੁਰੂ ਹੋ ਗਈਆਂ, ਇਹ ਸਿਲਸਿਲਾ ਪਹਿਲੀ ਜੂਨ ਤੱਕ ਜਾਰੀ ਰਹੇਗਾ। 4 ਜੂਨ ਨੂੰ ਭਾਰਤੀ ਚੋਣ ਕਮਿਸ਼ਨ ਨਤੀਜੇ ਐਲਾਨ ਦੇਵੇਗਾ। ਦੇਸ਼-ਵਿਦੇਸ਼ ਅੰਦਰ ਹੀ ਨਹੀਂ, ਕੌਮਾਂਤਰੀ ਸੰਸਥਾਵਾਂ ਵਿਚ ਇਨ੍ਹਾਂ ਚੋਣਾਂ ਦੇ ਚਰਚੇ ਜ਼ੋਰ-ਸ਼ੋਰ ਨਾਲ ਚੱਲ ਰਹੇ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਕਰੀਬ 140 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਇਸ ਚੋਣ ਮੇਲੇ ਵਿਚ 98.68 ਕਰੋੜ ਵੋਟਰ ਭਾਗ ਲੈ ਰਹੇ ਹਨ। ਕਰੀਬ 2.63 ਕਰੋੜ ਐਸੇ ਨੌਜਵਾਨ ਵੋਟਰ ਹਨ ਜੋ ਪਹਿਲੀ ਵਾਰ ਆਪਣੇ ਮਤ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ਵਿਚ 1.41 ਕਰੋੜ ਔਰਤ ਵੋਟਰ ਹਨ।
ਯੂਐੱਨਓ, ਯੂਰੋਪੀਅਨ ਯੂਨੀਅਨ, 22 ਅਰਬ ਦੇਸ਼ਾਂ ’ਤੇ ਆਧਾਰਿਤ ਅਰਬ ਲੀਗ, ਏਸ਼ੀਅਨ, ਅਫਰੀਕਨ, ਲਤਾਨੀ ਦੇਸ਼, ਅਮਰੀਕਾ, ਰੂਸ, ਚੀਨ ਵਰਗੇ ਤਾਕਤਵਰ ਦੇਸ਼ ਭਾਰਤੀ ਚੋਣਾਂ ਨੂੰ ਬੜੇ ਧਿਆਨ ਨਾਲ ਤੱਕ ਰਹੇ ਹਨ। ਸੰਸਾਰ ਦਾ ਨਾਮਵਰ ਇਲੈਕਟ੍ਰੌਨਿਕ ਤੇ ਪ੍ਰਿੰਟ ਮੀਡੀਆ ਇਸ ਬਾਰੇ ਟਿੱਪਣੀਆਂ ਕਰ ਰਿਹਾ ਹੈ। ‘ਗਲੋਬ ਐਂਡ ਮੇਲ’, ‘ਟੋਰਾਂਟੋ ਸਟਾਰ’, ‘ਗਾਰਡੀਅਨ’, ‘ਗਲੋਬਲ ਟਾਈਮਜ਼’ ਅਤੇ ਅਨੇਕ ਸੰਸਥਾਵਾਂ ਲੇਖਾਂ, ਟਿੱਪਣੀਆਂ ਅਤੇ ਅਧਿਐਨਾਂ ਰਾਹੀਂ ਭਾਰਤੀ ਲੋਕਤੰਤਰ, ਲੋਕਤੰਤਰੀ ਸੰਸਥਾਵਾਂ, ਮਾਨਵ ਅਧਿਕਾਰਾਂ, ਆਰਥਿਕ ਅਤੇ ਸਮਾਜਿਕ ਵਿਵਸਥਾ ਬਾਰੇ ਸਮੀਖਿਆਵਾਂ ਪੇਸ਼ ਕਰ ਰਹੀਆਂ ਹਨ।
‘ਦਿ ਗਾਰਡੀਅਨ’ ਮੁਤਾਬਿਕ, ਸੰਸਾਰ ਦੀ ਸਭ ਤੋਂ ਲੰਮੀ ਚੋਣ ਪ੍ਰਕਿਰਿਆ ਸ਼ੁਰੂ ਹੋਣ ’ਤੇ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਦੀ ਅਗਵਾਈ ਕਰਨ ਲਈ ਦੌੜ ਪਹਿਲਾਂ ਹੀ ਜਿੱਤੀ ਜਾ ਚੁੱਕੀ ਹੈ। ਜੇ ਨਰਿੰਦਰ ਮੋਦੀ ਤੀਜੀ ਵਾਰ ਜਿੱਤ ਪ੍ਰਾਪਤ ਕਰਦੇ ਹਨ ਤਾਂ ਉਹ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਬਰਾਬਰੀ ਕਰ ਲੈਣਗੇ। ਨਤੀਜੇ ਜੋ ਵੀ ਹੋਣ ਪਰ ਸਭ ਤੋਂ ਵੱਡੇ ਘਾਟੇ ਵਿਚ ਭਾਰਤੀ ਲੋਕਤੰਤਰ ਹੋਵੇਗਾ। ਨਹਿਰੂ ਆਪਣੀ ਆਲੋਚਨਾ ਸਹਾਰ ਲੈਂਦਾ ਸੀ ਪਰ ਮੋਦੀ ਕੋਲ ਤਾਂ ਆਪਣੇ ਵਿਰੋਧੀਆਂ ਲਈ ਵੀ ਸਮਾਂ ਨਹੀਂ। ਅਸਲ ਵਿਚ, ਲੋਕਤੰਤਰ ਤਾਂ ਹੀ ਚੱਲਦਾ ਹੈ ਜੇ ਮੁਕਾਬਲਾ ਬਰਾਬਰੀ ਵਾਲੇ ਵਿਹਾਰ ਦੀ ਗਾਰੰਟੀ ਆਧਾਰਿਤ ਹੋਵੇ ਲੇਕਿਨ ਮੋਦੀ ਕਾਲ ਵਿਚ ਇਸ ਦੀ ਘਾਟ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਬੈਂਕ ਖਾਤੇ ਫਰੀਜ਼ ਕੀਤੇ ਗਏ। ਈਡੀ ਅਤੇ ਆਈਟੀ ਨੇ ਵਿਰੋਧੀ ਧਿਰ ਦੇ ਆਗੂ ਗ੍ਰਿਫਤਾਰ ਕੀਤੇ। 2018 ਤੋਂ ਭਾਜਪਾ ਨੇ ਅਮੀਰ ਦਾਨੀਆਂ ਤੋਂ ਸਵਾ ਬਿਲੀਅਨ ਪੌਂਡ, ਵਿਰੋਧੀ ਪਾਰਟੀਆਂ ਦੇ ਕੁੱਲ ਜੋੜ ਤੋਂ ਕਿਤੇ ਵੱਧ ਪ੍ਰਾਪਤ ਕੀਤੇ। ਪਿਛਲੇ ਦਸ ਸਾਲਾਂ ਵਿਚ ਵਧਦੀ ਬੇਰੁਜ਼ਗਾਰੀ, ਮਹਿੰਗਾਈ ਅਤੇ ਆਰਥਿਕ ਅਸੁਰੱਖਿਆ ਤੋਂ ਵੋਟਰ ਨਾਰਾਜ਼ ਦਰਸਾਏ ਗਏ ਲੇਕਿਨ ਮੋਦੀ ਨੇ ਜਨਤਕ ਹਰਮਨ ਪਿਆਰਤਾ ਬਲਬੂਤੇ ਚੋਣਾਂ ਜਿੱਤਣ ਤੋਂ ਬਾਅਦ ਰਾਜਕੀ, ਲੋਕਤੰਤਰੀ ਅਤੇ ਸੰਵਿਧਾਨਕ ਹੱਕ ਮੁਹੱਈਆ ਕਰਵਾਉਣ ਵਾਲੀਆਂ ਸੰਸਥਾਵਾਂ ਨੂੰ ਹੀ ਇੰਨਾ ਕਮਜ਼ੋਰ ਕਰ ਦਿੱਤਾ ਕਿ ਉਸ ਦੀ ਜਿੱਤ ਨੂੰ ਕੋਈ ਚੁਣੌਤੀ ਨਾ ਦੇ ਸਕੇ।
‘ਗਲੋਬ ਐਂਡ ਮੇਲ’, ‘ਟੋਰਾਂਟੋ ਸਟਾਰ’ ਅੰਦਰਲੇ ਲੇਖ ਵੀ ‘ਦਿ ਗਾਰਡੀਅਨ’ ਦੀ ਤਰਜ਼ ਵਾਲੇ ਹਨ ਅਤੇ 205 ਮਿਲੀਅਨ ਭਾਰਤੀ ਮੁਸਲਮਾਨਾਂ ਨੂੰ ਦਰਕਿਨਾਰ ਕਰਨ ਵਾਲੇ ਮੋਦੀ ਦੇ 1.1 ਬਿਲੀਅਨ ਹਿੰਦੂ ਬਹੁਗਿਣਤੀ ਆਧਾਰ ’ਤੇ ਹਿੰਦੂਤਵੀ ਪੱਤੇ ਦਾ ਜਿ਼ਕਰ ਕਰਦੇ ਹਨ। ਲਿਖਤਾਂ ਵਿਚ ਦੱਖਣੀ ਭਾਰਤ ਜਿੱਥੇ ਮੋਦੀ ਦੀ ਹਿੰਦੂਤਵੀ ਲਹਿਰ ਦਾ ਕੋਈ ਅਸਰ ਨਹੀਂ, ਵਿੱਚ ਉੱਤਰੀ ਭਾਰਤੀਆਂ ਨਾਲੋਂ ਬਿਹਤਰ ਤਰਜ਼-ਏ-ਜ਼ਿੰਦਗੀ ਦਾ ਜ਼ਿਕਰ ਹੈ।
ਵਿਦੇਸ਼ੀ ਮੀਡੀਆ ਸਮਝਦਾ ਹੈ ਕਿ ਹਿੰਦੂਤਵੀ ਪੱਤੇ ਰਾਹੀਂ ਮੋਦੀ ਨੇ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਸਥਾਪਿਤ ਧਰਮ ਨਿਰਪੱਖ ਅਤੇ ਹਿੰਦੂ-ਮੁਸਲਿਮ ਅੰਦਰ ਵਧਦੀ ਨੇੜਤਾ ਨੂੰ ਸੌੜੀ ਰਾਸ਼ਟਰਵਾਦੀ ਵਿਚਾਰਧਾਰਾ ਅਤੇ ਅਮਲ ਰਾਹੀਂ ਖ਼ਤਮ ਕਰ ਦਿੱਤਾ ਹੈ। ਰਾਜਕੀ ਪੁਲੀਸ ਸ਼ਕਤੀ ਅਤੇ ਹਿੰਦੂਤਵੀ ਚੌਕਸੀ ਗਰੁੱਪਾਂ ਦੇ ਤਸ਼ੱਦਦ ਰਾਹੀਂ ਭਾਰਤੀ ਰਾਸ਼ਟਰ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਮੁਗਲ ਕਾਲ ਵੇਲੇ ਅਯੁੱਧਿਆ ਵਿੱਚ ਸਥਾਪਿਤ ਬਾਬਰੀ ਮਸਜਿਦ ਗਿਰਾ ਕੇ ਉਸ ਦੀ ਥਾਂ ਸ਼ਾਨਦਾਰ ਰਾਮ ਮੰਦਰ ਦਾ ਨਿਰਮਾਣ ਹਿੰਦੂਤਵ ਵਾਸਤੂ ਸ਼ਾਸਤਰ ਰਾਹੀਂ ਕੀਤਾ ਗਿਆ ਹੈ ਜਿੱਥੇ ਖੁਦ ਮੋਦੀ ਨੇ 22 ਜਨਵਰੀ 2024 ਨੂੰ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਤਾ ਕਾਰਜ ਅੰਜਾਮ ਦਿੱਤਾ। 2006 ਦੇ ਮੈਗਾਸੇਸੇ ਇਨਾਮ ਪ੍ਰਾਪਤ ਕਰਤਾ ਅਰਵਿੰਦ ਕੇਜਰੀਵਾਲ ਜੋ ਅੱਜ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਹਨ, ਨੂੰ ਮੋਦੀ ਦੀ ਹਿੱਕ ਵਿਚ ਕੰਡਾ ਸਮਝਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ। ਇਵੇਂ ਹੀ ਵਿਰੋਧੀ ਧਿਰ ਦੇ ਹੋਰ ਆਗੂ ਵੀ ਗ੍ਰਿਫਤਾਰ ਕੀਤੇ ਗਏ ਹਨ। ਕੇਜਰੀਵਾਲ ਆਪਣੇ ਆਪ ਨੂੰ ਨਿਰਦੋਸ਼ ਦੱਸਦਾ ਹੈ। ਮਾਮਲਾ ਨਿਆਂਪਾਲਿਕਾ ਦੇ ਵਿਚਾਰ ਅਧੀਨ ਹੈ। ਅਮਰੀਕਾ, ਜਰਮਨੀ, ਯੂਐੱਨ ਨੇ ਕੇਜਰੀਵਾਲ ਦੀ ਗ੍ਰਿਫਤਾਰੀ ’ਤੇ ਸਵਾਲ ਉਠਾ ਚੁੱਕੇ ਹਨ।
‘ਸੰਸਾਰ ਸਮਾਨਤਾ ਲੈਬ’ ਸੰਸਥਾ ਮੋਦੀ ਕਾਲ ਨੂੰ ਭਾਰਤੀ ਅਰਬਪਤੀਆਂ ਲਈ ਸੁਨਹਿਰੀ ਕਾਲ ਸਮਝਦੀ ਹੈ ਜਿਸ ਨੇ ਅਮਰੀਕਾ, ਬ੍ਰਾਜ਼ੀਲ, ਦੱਖਣੀ ਅਫਰੀਕਾ ਨਾਲੋਂ ਵੀ ਭਾਰਤ ਅੰਦਰ ਆਰਥਿਕ ਸਮਾਜਿਕ ਨਾ-ਬਰਾਬਰੀ ਪੈਦਾ ਕੀਤੀ ਹੈ। ਵਾਸ਼ਿੰਗਟਨ ਸਥਿਤ ਥਿੰਕ ਟੈਂਕ ‘ਫਰੀਡਮ ਹਾਊਸ’ ਦਾ ਮੰਨਣਾ ਹੈ ਕਿ 2014 ਤੋਂ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਵਿਚ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀਆਂ ਨੂੰ ਢਾਹ ਲੱਗੀ ਹੈ। ‘ਮਾਇਆ ਟਿਊਡਰ’ ਅਨੁਸਾਰ, ਵਿਰੋਧੀ ਧਿਰ ਨੂੰ ਕਾਨੂੰਨੀ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਮੀਡੀਆ ਨੂੰ ਧਮਕਾਇਆ ਜਾਂਦਾ ਹੈ ਅਤੇ ਨਿਆਂਪਾਲਕਾ ਦਾ ਕੇਂਦਰੀਕਰਨ ਹੋ ਚੁੱਕਾ ਹੈ।
‘ਟੋਰਾਂਟੋ ਸਟਾਰ’ ਭਾਰਤ ਵਿਚ ਐਸੀ ਵਿਵਸਥਾ ਨੂੰ ਭਾਰਤੀ ਵੱਕਾਰ ਦੀ ਮੌਤ ਅਤੇ ‘ਗਲੋਬ ਐਂਡ ਮੇਲ’ ਸਭ ਤੋਂ ਵੱਡੀ ਲੋਕਸ਼ਾਹੀ ਅੰਦਰ ਮਨੁੱਖੀ ਆਜ਼ਾਦੀਆਂ ਦਾ ਘਾਣ ਮੰਨਦੇ ਹਨ ਲੇਕਿਨ ਚੀਨੀ ਕਮਿਊਨਿਸਟ ਪਾਰਟੀ ਦਾ ਬੁਲਾਰਾ ‘ਗਲੋਬਲ ਟਾਈਮਜ਼’ ਪਿਛਲੇ 4 ਸਾਲਾਂ ਵਿਚ ਭਾਰਤ ਵਿਚ ਵੱਡੀ ਤਬਦੀਲੀ ਦਰਸਾ ਰਿਹਾ ਹੈ। ਭਾਰਤੀ ਆਰਥਿਕ ਵਿਕਾਸ ਅਤੇ ਸਮਾਜਿਕ ਸ਼ਾਸਨ ਵਿਚ ਅਦਭੁੱਤ ਨਤੀਜੇ ਸਾਹਮਣੇ ਆਏ ਹਨ। ਭਾਰਤ ਸੰਸਾਰ ਦਾ ਤੇਜ਼ ਗਤੀ ਨਾਲ ਵਿਕਾਸ ਕਰਨ ਵਾਲਾ ਰਾਸ਼ਟਰ ਬਣ ਰਿਹਾ ਹੈ। ਕੌਮਾਂਤਰੀ ਮੁਦਰਾ ਕੋਸ਼ ਭਾਰਤ ਨੂੰ ਗਲੋਬਲ ਆਰਥਿਕ ਵਿਕਾਸ ਦੇ ਲੀਡਰ ਵਜੋਂ ਉੱਭਰਦਾ ਦਰਸਾ ਰਿਹਾ ਹੈ।
ਸੰਪਰਕ: +1-289-829-2929

Advertisement
Author Image

joginder kumar

View all posts

Advertisement
Advertisement
×