ਆਲਮੀ ਬੇਯਕੀਨੀ ਦੇ ਬਾਵਜੂਦ ਭਾਰਤੀ ਅਰਥਚਾਰਾ ਲੀਹ ’ਤੇ: ਸ਼ਕਤੀਕਾਂਤ
ਮੁੰਬਈ, 28 ਜੂਨ
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਭਾਰਤੀ ਅਰਥਚਾਰੇ ਨੇ ਮਜ਼ਬੂਤ ਰਿਕਵਰੀ ਕੀਤੀ ਹੈ ਅਤੇ ਬੇਯਕੀਨੀ ਦੇ ਮਾਹੌਲ ਦੇ ਬਾਵਜੂਦ ਮੁਲਕ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਵੱਡੇ ਅਰਥਚਾਰਿਆਂ ‘ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਥਿਰਤਾ ਲਈ ਪ੍ਰਣਾਲੀ ਦੇ ਸਾਰੇ ਹਿੱਸੇਦਾਰਾਂ ਨੂੰ ਹਰ ਵੇਲੇ ਇਸ ਦੀ ਬਹਾਲੀ ਲਈ ਕੰਮ ਕਰਨਾ ਚਾਹੀਦਾ ਹੈ। ਵਿੱਤੀ ਸਥਿਰਤਾ ਰਿਪੋਰਟ (ਐੱਫਐੱਸਆਰ) ਦੀ ਭੂਮਿਕਾ ‘ਚ ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਅਤੇ ਹੋਰ ਵਿੱਤੀ ਰੈਗੂਲੇਟਰ ਸੰਭਾਵੀ ਅਤੇ ਉੱਭਰ ਰਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਵਿੱਤੀ ਸਥਿਰਤਾ ਦੀ ਸੁਰੱਖਿਆ ਲਈ ਆਪਣੀ ਵਚਨਬੱਧਤਾ ਪੁਗਾਉਂਦੇ ਹਨ। ਆਰਬੀਆਈ ਨੇ ਕਿਹਾ ਕਿ ਦੇਸ਼ ਦੇ ਬੈਂਕਾਂ ਦਾ ਫਸਿਆ ਕਰਜ਼ ਅਨੁਪਾਤ ਇਸ ਸਾਲ ਮਾਰਚ ‘ਚ 10 ਸਾਲ ਦੇ ਹੇਠਲੇ ਪੱਧਰ 3.9 ਫ਼ੀਸਦ ‘ਤੇ ਆ ਗਿਆ ਹੈ। ਦਾਸ ਨੇ ਕਿਹਾ ਕਿ ਬੈਂਕ ਅਤੇ ਕੰਪਨੀਆਂ ਦੇ ਬਹੀ-ਖਾਤੇ ਮਜ਼ਬੂਤ ਹੋਏ ਹਨ। ਇਸ ਨਾਲ ਕੁੱਲ ਮਿਲਾ ਕੇ ਵਿਕਾਸ ਨੂੰ ਰਫ਼ਤਾਰ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਾਈਬਰ ਜੋਖਮ ਅਤੇ ਜਲਵਾਯੂ ਪਰਿਵਰਤਨ ਜਿਹੀਆਂ ਚੁਣੌਤੀਆਂ ਨਾਲ ਸਿੱਝਣ ਲਈ ਕੌਮਾਂਤਰੀ ਸਹਿਯੋਗ ਅਤੇ ਰੈਗੂਲੇਟਰ ਪ੍ਰਬੰਧ ‘ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਨਾਜ਼ੁਕ ਆਲਮੀ ਮਾਹੌਲ ਵਿੱਚ ਨੀਤੀਗਤ ਵਪਾਰ ਨੂੰ ਸੰਤੁਲਿਤ ਕਰਨਾ, ਵਿਸ਼ਾਲ ਆਰਥਿਕ ਅਤੇ ਵਿੱਤੀ ਸਥਿਰਤਾ ਨੂੰ ਸੁਰੱਖਿਅਤ ਰੱਖਣਾ, ਵਿਸ਼ਵਾਸ ਨੂੰ ਵਧਾਉਣਾ ਅਤੇ ਟਿਕਾਊ ਵਿਕਾਸ ਦਾ ਸਮਰਥਨ ਕਰਨਾ ਦੁਨੀਆ ਭਰ ਦੇ ਨੀਤੀ ਘਾੜਿਆਂ ਦੀਆਂ ਪ੍ਰਮੁੱਖ ਤਰਜੀਹਾਂ ਹਨ। ਅਮਰੀਕਾ ਅਤੇ ਯੂਰੋਪ ਵਿੱਚ ਬੈਂਕਿੰਗ ਉਥਲ-ਪੁਥਲ ਕਾਰਨ ਮਾਰਚ ਦੇ ਸ਼ੁਰੂ ਤੋਂ ਹੀ ਆਲਮੀ ਵਿੱਤੀ ਪ੍ਰਣਾਲੀ ਮਹੱਤਵਪੂਰਨ ਤਣਾਅ ਦੁਆਰਾ ਪ੍ਰਭਾਵਿਤ ਹੋਈ ਹੈ। ਇਸ ਸਾਲ ਦੇ ਸ਼ੁਰੂ ਵਿੱਚ ਅਮਰੀਕਾ ਆਧਾਰਿਤ ਸਿਲੀਕਾਨ ਵੈਲੀ ਬੈਂਕ ਅਤੇ ਸਿਗਨੇਚਰ ਬੈਂਕ ਢਹਿ-ਢੇਰੀ ਹੋ ਗਏ ਸਨ। ਇਸ ਤੋਂ ਬਾਅਦ ਮਾਰਚ ਵਿੱਚ ਕ੍ਰੈਡਿਟ ਸੁਇਸ ਵੱਲੋਂ ਸਵਿੱਟਜ਼ਰਲੈਂਡ ਦੇ ਸਭ ਤੋਂ ਵੱਡੇ ਬੈਂਕ ਯੂਬੀਐੱਸ ਨੂੰ ਰਾਹਤ ਦਿੱਤੀ ਗਈ ਸੀ। ਐੱਫਐੱਸਆਰ ‘ਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਵਿੱਤੀ ਖੇਤਰ ਸਥਿਰ ਅਤੇ ਲਚਕੀਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕਿੰਗ ਅਤੇ ਕਾਰਪੋਰੇਟ ਸੈਕਟਰ ਦੋਵੇਂ ਬੈਲੇਂਸ ਸ਼ੀਟਾਂ ਨੂੰ ਮਜ਼ਬੂਤ ਕੀਤਾ ਗਿਆ ਹੈ। -ਪੀਟੀਆਈ
ਭਾਰਤ ਦੀ ਔਸਤਨ ਵਿਕਾਸ ਦਰ 2026-27 ਤੱਕ 6.7 ਫ਼ੀਸਦ ਰਹਿਣ ਦੀ ਸੰਭਾਵਨਾ: ਐੱਸਐਂਡਪੀ
ਨਵੀਂ ਦਿੱਲੀ: ਐੱਸਐਂਡਪੀ ਗਲੋਬਲ ਰੇਟਿੰਗਜ਼ ਦੇ ਸੀਨੀਅਰ ਆਰਥਿਕ ਮਾਹਿਰ (ਏਸ਼ੀਆ ਪੈਸੀਫਿਕ) ਵਿਸ਼ਰੁਤ ਰਾਣਾ ਨੇ ਕਿਹਾ ਹੈ ਕਿ ਘਰੇਲੂ ਖਪਤ ‘ਤੇ ਆਧਾਰਿਤ ਭਾਰਤੀ ਅਰਥਚਾਰੇ ਦੀ ਔਸਤਨ ਵਿਕਾਸ ਦਰ ਵਿੱਤੀ ਵਰ੍ਹੇ 2026-27 ਤੱਕ 6.7 ਫ਼ੀਸਦ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ‘ਚ ਆਰਥਿਕ ਵਿਕਾਸ ਦਰ 6 ਫ਼ੀਸਦ ਦੇ ਕਰੀਬ ਰਹਿਣ ਦੀ ਸੰਭਾਵਨਾ ਹੈ ਜੋ 2022-23 ਦੇ 7.2 ਫ਼ੀਸਦ ਨਾਲੋਂ ਘੱਟ ਰਹਿਣ ਦਾ ਅੰਦਾਜ਼ਾ ਹੈ। ਰਾਣਾ ਨੇ ਇਕ ਵੈਬਿਨਾਰ ਦੌਰਾਨ ਕਿਹਾ ਕਿ ਵਪਾਰ ਪੱਖੋਂ ਕੁਝ ਮੁਸ਼ਕਲਾਂ ਦਿਖਾਈ ਦੇ ਰਹੀਆਂ ਹਨ ਅਤੇ ਇਹ ਇਕ ਪੱਖ ਮੌਜੂਦਾ ਵਰ੍ਹੇ ਵਿਕਾਸ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਤੋਂ ਇਲਾਵਾ ਵਿਦੇਸ਼ੀ ਮਾਹੌਲ, ਮੰਗ ਹਲਕੀ ਰਹਿਣ ਅਤੇ ਪ੍ਰਾਈਵੇਟ ਖਪਤ ਸਰਗਰਮੀ ‘ਚ ਕਮਜ਼ੋਰੀ ਕਾਰਨ ਪਿਛਲੇ ਵਿੱਤੀ ਵਰ੍ਹੇ ਦੀ ਵਿਕਾਸ ਦਰ ਨੂੰ ਹਾਸਲ ਕਰਨਾ ਮੁਸ਼ਕਲ ਹੋ ਗਿਆ ਹੈ। ਉਂਜ ਭਾਰਤੀ ਰਿਜ਼ਰਵ ਬੈਂਕ ਨੇ ਮੌਜੂਦਾ ਵਿੱਤੀ ਵਰ੍ਹੇ ‘ਚ ਜੀਡੀਪੀ 6.7 ਫ਼ੀਸਦ ਰਹਿਣ ਦਾ ਅਨੁਮਾਨ ਲਾਇਆ ਹੈ। -ਪੀਟੀਆਈ