ਭਾਰਤੀ ਅਰਥਚਾਰੇ ਨੂੰ ਘਰੇਲੂ ਖ਼ਪਤ ਤੋਂ ਮਿਲ ਰਿਹੈ ਕੁਦਰਤੀ ਸਹਾਰਾ: ਬੰਗਾ
ਨਵੀਂ ਦਿੱਲੀ, 19 ਜੁਲਾਈ
ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੇ ਕਿਹਾ ਹੈ ਕਿ ਆਲਮੀ ਮੰਦੀ ਦਰਮਿਆਨ ਭਾਰਤੀ ਅਰਥਚਾਰੇ ਨੂੰ ਉਸ ਦੀ ਘਰੇਲੂ ਖ਼ਪਤ ਤੋਂ ਕੁਦਰਤੀ ਸਹਾਰਾ ਮਿਲ ਰਿਹਾ ਹੈ ਕਿਉਂਕਿ ਦੇਸ਼ ਦੀ ਜੀਡੀਪੀ ਦਾ ਵੱਡਾ ਹਿੱਸਾ ਘਰੇਲੂ ਮੰਗ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਭਾਰਤ ਕੋਵਿਡ ਮਹਾਮਾਰੀ ਸਮੇਂ ਪੈਦਾ ਹੋਈਆਂ ਚੁਣੌਤੀਆਂ ਤੋਂ ਮਜ਼ਬੂਤ ਬਣ ਕੇ ਉੱਭਰਿਆ ਹੈ ਪਰ ਉਸ ਨੂੰ ਇਹ ਰਫ਼ਤਾਰ ਅੱਗੇ ਵੀ ਕਾਇਮ ਰੱਖਣ ਦੀ ਲੋੜ ਹੈ। ਬੰਗਾ ਨੇ ਇਥੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਜੀ-20 ਸੰਮੇਲਨ ਅਤੇ ਭਾਰਤ ਤੇ ਵਿਸ਼ਵ ਬੈਂਕ ਵਿਚਕਾਰ ਸਹਿਯੋਗ ਨਾਲ ਜੁੜੇ ਮੁੱਦਿਆਂ ਬਾਰੇ ਚਰਚਾ ਕੀਤੀ। ‘ਅਸੀਂ ਜੀ-20 ਮੀਟਿੰਗ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕੀਤੀ। ਅਸੀਂ ਇਹ ਵੀ ਚਰਚਾ ਕੀਤੀ ਕਿ ਵਿਸ਼ਵ ਬੈਂਕ ਅਤੇ ਭਾਰਤ ਕਿਵੇਂ ਜੀ-20 ਤੋਂ ਵੱਖ ਵੀ ਕੰਮ ਕਰ ਸਕਦੇ ਹਨ। ਵਿਸ਼ਵ ਬੈਂਕ ਲਈ ਭਾਰਤ ਪੋਰਟਫੋਲੀਓ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਬਾਜ਼ਾਰ ਹੈ ਅਤੇ ਸਾਡੇ ਸਾਰੇ ਹਿੱਤ ਇਸ ਨਾਲ ਜੁੜੇ ਹਨ।’ ਆਲਮੀ ਅਰਥਚਾਰੇ ਬਾਰੇ ਵਿਸ਼ਵ ਬੈਂਕ ਦੇ ਪ੍ਰਧਾਨ ਨੇ ਕਿਹਾ ਕਿ ਅਗਲੇ ਸਾਲ ਦੀ ਸ਼ੁਰੂਆਤ ’ਚ ਮੰਦੀ ਨੂੰ ਲੈ ਕੇ ਵਧੇਰੇ ਜੋਖਮ ਦਿਖ ਰਿਹਾ ਹੈ। ਜੀ-20 ਦੀਆਂ ਮੀਟਿੰਗਾਂ ’ਚ ਹਿੱਸਾ ਲੈਣ ਲਈ ਭਾਰਤ ਆਏ ਬੰਗਾ ਨੇ ਕਿਹਾ ਕਿ ਭਾਰਤੀ ਅਰਥਚਾਰੇ ਨੂੰ ਆਪਣੀ ਘਰੇਲੂ ਖ਼ਪਤ ਦੇ ਦਮ ’ਤੇ ਰਾਹਤ ਮਿਲ ਸਕਦੀ ਹੈ। ਬੰਗਾ ਨੇ ਕਿਹਾ,‘‘ਭਾਰਤ ਦੀ ਜੀਡੀਪੀ ਦਾ ਵੱਡਾ ਹਿੱਸਾ ਘਰੇਲੂ ਖ਼ਪਤ ਤੋਂ ਆਉਂਦਾ ਹੈ। ਅਜਿਹੇ ’ਚ ਜੇਕਰ ਕੁਝ ਮਹੀਨਿਆਂ ਲਈ ਦੁਨੀਆ ’ਚ ਮੰਦੀ ਆਉਂਦੀ ਹੈ ਤਾਂ ਵੀ ਘਰੇਲੂ ਖ਼ਪਤ ’ਤੇ ਆਧਾਰਿਤ ਹੋਣਾ ਭਾਰਤੀ ਅਰਥਚਾਰੇ ਲਈ ਕੁਦਰਤੀ ਸਹਾਰਾ ਹੋਵੇਗਾ।’’ ਵਿਸ਼ਵ ਬੈਂਕ ਦੇ ਪ੍ਰਧਾਨ ਨੇ ਕਿਹਾ ਕਿ ਜੀ-20 ਦੀ ਮੀਟਿੰਗ ’ਚ ਉਨ੍ਹਾਂ ਕਿਹਾ ਸੀ ਕਿ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਪੇਸ਼ੀਨਗੋਈ ਹੀ ਸਹੀ ਹੁੰਦੀ ਹੈ। ਉਨ੍ਹਾਂ ਦਿੱਲੀ ਦੀ ਆਪਣੀ ਯਾਤਰਾ ਦੌਰਾਨ ਇਕ ਹੁਨਰ ਵਿਕਾਸ ਕੇਂਦਰ ਦਾ ਵੀ ਦੌਰਾ ਕੀਤਾ। -ਪੀਟੀਆਈ